ਸੂਰਜ ਨੂੰ ਦੀਵਾ

Teachers day

ਸੂਰਜ ਨੂੰ ਦੀਵਾ

ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, ‘ਹਰਮਨ ਨੂੰ ਅਫਸਰ ਬਣਾਉਣਾ ਏ ਜੀ… ਇਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਉਣ ਦਿਓ।’

‘ਤੁਹਾਡਾ ਬੱਚਾ ਏ ਜੀ… ਜਿਵੇਂ ਤੁਸੀਂ ਠੀਕ ਸਮਝੋ…!’ ਮਾਤਾ-ਪਿਤਾ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਛੇ ਫੁੱਟ ਲੰਮੇ ਹਰਮਨ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਮਾਸਟਰ ਜੀ ਨੂੰ ਕਈ ਸਾਲ ਪਹਿਲਾਂ ਕਹੀ ਗੱਲ ਯਾਦ ਆ ਗਈ। ਲੱਡੂਆਂ ਦਾ ਡੱਬਾ ਫੜਾ ਕੇ ਹਰਮਨ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਸਰ ਜੀ… ਮੈਂ ਬੀ. ਏ. ਫਸਟ ਡਵੀਜ਼ਨ ਵਿੱਚ ਪਾਸ ਕਰ ਲਈ ਹੈ।’ ਮਾਸਟਰ ਜੀ ਨੂੰ ਬੜਾ ਚਾਅ ਚੜ੍ਹਿਆ।

ਉਨ੍ਹਾਂ ਨੇ ਹਰਮਨ ਨੂੰ ਨੇੜਲੇ ਸ਼ਹਿਰ ਪਟਿਆਲੇ ਜਾ ਕੇ ਪੀ.ਸੀ.ਐਸ. ਦੀ ਕੋਚਿੰਗ ਲੈਣ ਦੀ ਸਲਾਹ ਦਿੱਤੀ। ਹਰਮਨ ਕਈ ਦਿਨ ਪਟਿਆਲੇ ਵਿੱਚ ਘੁੰਮਦਾ ਰਿਹਾ। ਮਾਸਟਰ ਜੀ ਦੁਆਰਾ ਦੱਸੇ ਕਈ ਸੈਂਟਰਾਂ ਵਿਚ ਵੀ ਗਿਆ , ਪਰ ਉਸ ਨੂੰ ਹਰ ਥਾਂ ਤੋਂ ਜਵਾਬ ਹੀ ਮਿਲਿਆ। ਇੱਕ ਸੈਂਟਰ ਵਾਲੇ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ‘ਅਸੀਂ ਪੇਂਡੂ ਸਰਕਾਰੀ ਸਕੂਲ ਦੇ ਬੱਚੇ ਨੂੰ ਦਾਖਲ ਕਰਕੇ ਆਪਣੀ ਰੈਪੋਟੇਸ਼ਨ ਡਾਊਨ ਨਹੀਂ ਕਰਨੀ ਸ਼ਹਿਰ ਦੇ Àੁੱਚੇ ਸੈਂਟਰਾਂ ਦੀਆਂ ਲਿਸ਼ਕਾ-ਪੁਸ਼ਕਾਂ ਵੇਖ ਕੇ ਹਰਮਨ ਨਿਰਾਸ਼ਾ ਨਾਲ ਘਿਰ ਗਿਆ। ਪੜ੍ਹਾਈ ਛੱਡ ਕੇ ਉਹ ਵੀ ਆਪਣੇ ਪਿਤਾ ਨਾਲ ਦਿਹਾੜੀ ‘ਤੇ ਜਾਣ ਲੱਗ ਪਿਆ।

ਇੱਕ ਦਿਨ ਸਕੂਲ ਅੱਗਿਓਂ ਸਾਈਕਲ ‘ਤੇ ਲੰਘ ਰਹੇ ਹਰਮਨ ਨੂੰ ਮਾਸਟਰ ਜੀ ਨੇ ਰੋਕ ਲਿਆ। ਹਰਮਨ ਨੇ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਏ । ਪਿੱਛੇ ਹੀ ਉਸ ਦਾ ਪਿਤਾ ਕਰਮਾ ਆ ਗਿਆ। ਮਾਸਟਰ ਜੀ ਦੇ ਪੁੱਛਣ ‘ਤੇ ਕਰਮਾ ਸਾਰੀ ਗੱਲ ਦੱਸਦਾ ਹੋਇਆ ਬੋਲਿਆ, ‘ਬੱਸ ਜੀ… ਹੁਣ ਮੈਂ ਇਸ ਦੀ ਪੜ੍ਹਾਈ ‘ਤੇ ਹੋਰ ਖਰਚਾ ਨਹੀਂ ਕਰ ਸਕਦਾ’ ‘ਕੋਈ ਗੱਲ ਨ੍ਹੀਂ ਕਰਮ ਸਿਆਂ… ਮੈਂ ਤੈਨੂੰ ਇਸ ‘ਤੇ ਖਰਚਾ ਕਰਨ ਲਈ ਨਹੀਂ ਆਖਦਾ… ਪਰ ਅਜੇ ਇਸ ਤੋਂ ਦਿਹਾੜੀ ਨਾ ਕਰਵਾ… ਜ਼ਰੂਰੀ ਨਹੀਂ ਕਿ ਸੈਂਟਰਾਂ ਵਿੱਚ ਪੜ੍ਹ ਕੇ ਹੀ ਟੈਸਟ ਪਾਸ ਹੁੰਦੇ ਨੇ… ਇਹ ਤਾਂ ਲਗਨ ਦੀ ਗੱਲ ਹੁੰਦੀ ਏ’ ਮਾਸਟਰ ਜੀ ਨੇ ਹਰਮਨ ਦੇ ਮੋਢੇ ‘ਤੇ ਦੋ ਵਾਰੀ ਧੱਫਾ ਮਾਰਿਆ।

ਹਰਮਨ ਦੀ ਜਾਗ ਜਿਹੀ ਖੁੱਲ੍ਹ ਗਈ। ਕਰਮੇ ਨੂੰ ਵੀ ਮਾਸਟਰ ਜੀ ਦੀ ਗੱਲ ਸਮਝ ਆ ਗਈ। ਬਿਨਾਂ ਬੁਲਾਏ ਹੀ ਅਗਲੇ ਦਿਨ ਹਰਮਨ ਮਾਸਟਰ ਜੀ ਕੋਲ ਆ ਗਿਆ ਤੇ ਕਾਪੀ ਖੋਲ੍ਹ ਕੇ ਬੋਲਿਆ, ‘ਸਰ ਜੀ… ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ… ਇੱਕ ਵਾਰੀ ਲਿਸਟ ਬਣਵਾ ਦਿਓ ਜੀ!’

ਜਿਵੇਂ ਉਮੀਦ ਸੀ ਉਵੇਂ ਹੀ ਹੋਇਆ। ਮਾਸਟਰ ਜੀ ਖੁਸ਼ ਹੋ ਗਏ। ਫਿਰ ਸ਼ੁਰੂ ਹੋਇਆ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ। ਛੁੱਟੀ ਹੁੰਦਿਆਂ ਹੀ ਹਰਮਨ ਚਾਹ ਦੀ ਡੋਲੀ ਲੈ ਕੇ ਸਕੂਲ ਆ ਜਾਂਦਾ। ਮਾਸਟਰ ਜੀ ਵੀ ਕਈ ਵਾਰੀ ਟਿੱਕੀ ਛਿਪਣ ਤੱਕ ਉਸ ਨੂੰ ਪੜ੍ਹਾਉਂਦੇ ਰਹਿੰਦੇ। ਕਈ ਵਾਰੀ ਰਾਤ ਨੂੰ ਦੋ-ਦੋ ਘੰਟੇ ਪੜ੍ਹਾਈ ਹੁੰਦੀ ਰਹਿੰਦੀ। ਨਾ ਤਾਂ ਮਾਸਟਰ ਜੀ ਪੜ੍ਹਾਉਂਦੇ ਥੱਕਦੇ ਅਤੇ ਨਾ ਹੀ ਹਰਮਨ ਪੜ੍ਹਦਾ ਥੱਕਦਾ।

ਹਰਮਨ ਨੂੰ ਇੰਝ ਲੱਗਦਾ ਸੀ ਜਿਵੇਂ ਉਸ ਨੇ ਵੱਡੇ ਕੋਚਿੰਗ ਸੈਂਟਰਾਂ ਖਿਲਾਫ ਕੋਈ ਜੰਗ ਛੇੜ ਦਿੱਤੀ ਹੋਵੇ। ਉਸ ਨੂੰ ਕਈ ਸੈਂਟਰਾਂ ਤੋਂ ਪਈਆਂ ਝਿੜਕਾਂ ਉਕਸਾਉਂਦੀਆਂ ਰਹਿੰਦੀਆਂ। ਅਜਿਹੇ ਮਾਸਟਰ ਜੀ ਵੀ ਕਾਹਦੇ ਮਾਸਟਰ ਹੋਏ , ਜਿਹੜੇ ਆਪਣੇ ਵਿਦਿਆਰਥੀਆਂ ਅੰਦਰ ਧੁਖ਼ ਰਹੀਆਂ ਚਿੰਗਾੜੀਆਂ ਨਾ ਭਾਂਪ ਸਕਣ।

ਪੂਰੇ ਤਿੰਨ ਸਾਲਾਂ ਬਾਅਦ ਟੈਸਟ ਹੋਇਆ। ਸਾਰੇ ਜਿਲ੍ਹੇ ਵਿਚੋਂ ਇੱਕ ਕੋਚਿੰਗ ਸੈਂਟਰ ਦਾ ਰਿਜ਼ਲਟ ਟੌਪ ‘ਤੇ ਰਿਹਾ, ਪਰ ਸੈਂਟਰ ਮੁਖੀ ਨੂੰ ਅਗਲੀ ਖਬਰ ਪੜ੍ਹ ਕੇ ਝਟਕਾ ਜਿਹਾ ਲੱਗਾ। ਖਬਰ ਸੀ… ਪੇਂਡੂ ਸਰਕਾਰੀ ਸਕੂਲ ਵਿੱਚ ਪੜ੍ਹੇ ਹਰਮਨ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਅਗਲੇ ਹੀ ਪਲ ਉਹ ਕੋਚਿੰਗ ਸੈਂਟਰ ਦੇ ਮਾਲਕ ਦੇ ਦਿਮਾਗ ਵਿੱਚ ਹਰਮਨ ਦੇ ਅਧਿਆਪਕ ਨੂੰ ਮਿਲਣ ਦਾ ਵਿਚਾਰ ਆਇਆ। ਅਗਲੇ ਦਿਨ ਹੀ ਉਹ ਹਰਮਨ ਦੇ ਪਿੰਡ ਪਹੁੰਚ ਗਿਆ।

ਮਾਸਟਰ ਜੀ ਕਲਾਸ ਵਿੱਚ ਸਨ। ਸੈਂਟਰ ਮਾਲਕ ਮਾਸਟਰ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ, ਇਹ ਉਹੀ ਸਨ ਜਿਨ੍ਹਾਂ ਕੋਲ ਕਦੇ ਸੈਂਟਰ ਮਾਲਿਕ ਪੜ੍ਹਿਆ ਸੀ, ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ। ਪੈਂਟ-ਕੋਟ ਅਤੇ ਗੱਡੀ ਦੀ ਧੌਂਸ ਵਿੱਚ ਉਸ ਨੂੰ ਲੱਗਾ ਜਿਵੇਂ ਮਾਸਟਰ ਜੀ ਨੇ ਉਸਨੂੰ ਪਛਾਣਿਆ ਨਾ ਹੋਵੇ। ਉਸ ਨੇ ਮਿਲਾਉਣ ਲਈ ਹੱਥ ਅੱਗੇ ਕੀਤਾ, ਪਰ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਉੱਤੇ ਚੁੱਕ ਕੇ ਹੱਸਣ ਲੱਗੇ ਪਏ। ਮਾਸਟਰ ਜੀ ਦੀ ਤਨਖ਼ਾਹ ਤੋਂ ਦੁੱਗਣੀ ਤਨਖ਼ਾਹ ਅਤੇ ਪੈਨਸ਼ਨ ਦੀ ਆਫਰ ਦਿੰਦਿਆਂ ਸੈਂਟਰ ਮਾਲਕ ਨੇ ਮਾਸਟਰ ਜੀ ਨੂੰ ਆਪਣੇ ਸੈਂਟਰ ਵਿਚ ਆਉਣ ਲਈ ਕਿਹਾ।

‘ਇੰਨੇ ਪੈਸਿਆਂ ਨਾਲ ਤੁਹਾਨੂੰ ਮੈਥੋਂ ਵੀ ਚੰਗੇ ਵਾਧੂ ਟੀਚਰ ਮਿਲ ਜਾਣਗੇ …ਪਰ ਇਹਨਾਂ ਬੱਚਿਆਂ ਨੂੰ ਸ਼ਾਇਦ ਕੋਈ ਨਾ ਮਿਲੇ… ਹੋਰ ਸੁਣਾਓ ਪੁੱਤਰ ਜੀ… ਤੁਹਾਡੇ ਬਿਮਾਰ ਪਿਤਾ ਜੀ ਕਿਵੇਂ ਨੇ ਹੁਣ?’ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਝਾੜਦੇ ਹੋਏ ਬੋਲੇ। ਸੈਂਟਰ ਮਾਲਕ ਨੂੰ ਇੱਕਦਮ ਪਸੀਨਾ ਆਉਣ ਲੱਗ ਪਿਆ। ਲਮਕਦੀ ਟਾਈ ਉਸਦਾ ਗਲਾ ਘੁੱਟਣ ਲੱਗੀ। ਉਸ ਨੇ ਰੁਮਾਲ ਨਾਲ ਪਸੀਨਾ ਸਾਫ ਕੀਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਮਾਫ ਕਰਿਓ ਮਾਸਟਰ ਜੀ… ਮੈਂ ਸੂਰਜ ਨੂੰ ਦੀਵਾ ਦਿਖਾਉਣ ਦੀ ਗਲਤੀ ਕਰ ਬੈਠਾ… ਮੈਨੂੰ ਮਾਫ ਕਰਿਓ….।’
ਵੀਰਇੰਦਰ ਘੰਗਰੋਲੀ
ਮੋ. 98773-55307

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।