Punjab Snatching Gang: ਮਾਲੇਰਕੋਟਲਾ ਪੁਲਿਸ ਵੱਲੋਂ ਅੰਤਰ-ਜ਼ਿਲ੍ਹਾ ਸਨੈਚਿੰਗ ਗਿਰੋਹ ਦਾ ਪਰਦਾਫ਼ਾਸ਼

ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਮੁਲਜ਼ਮ ਗ੍ਰਿਫ਼ਤਾਰ, ਦੋ ਸੁਨਿਆਰੇ ਵੀ ਕੇਸ ਵਿੱਚ ਨਾਮਜ਼ਦ

Satinder Mathur  Picture
Published On

Punjab Snatching Gang: ਮਾਲੇਰਕੋਟਲਾ,(ਗੁਰਤੇਜ ਜੋਸ਼ੀ)। ਮਾਲੇਰਕੋਟਲਾ ਪੁਲਿਸ ਨੇ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਖੋਹਣ ਵਾਲੇ ਇੱਕ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਗਿਰੋਹ ਦੇ ਮੈਂਬਰ ਮਾਲੇਰਕੋਟਲਾ, ਲੁਧਿਆਣਾ ਅਤੇ ਤਰਨਤਾਰਨ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਔਰਤਾਂ ਦੀਆਂ ਸੋਨੇ ਦੀਆਂ ਵਾਲੀਆਂ, ਟੌਪਸ ਅਤੇ ਹੋਰ ਗਹਿਣੇ ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਇਸ ਮਾਮਲੇ ਵਿੱਚ ਖੋਹਿਆ ਸੋਨਾ ਖ਼ਰੀਦਣ ਦੇ ਕਥਿਤ ਦੋਸ਼ ਹੇਠ ਤਰਨਤਾਰਨ ਦੇ ਦੋ ਸੁਨਿਆਰਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਮੂ ਵਾਸੀ ਗੋਕਲਪੁਰ, ਜ਼ਿਲ੍ਹਾ ਤਰਨਤਾਰਨ; ਮੁਕੱਦਰਾ ਕੁਮਾਰ ਵਾਸੀ ਰਾਹੋ, ਜ਼ਿਲ੍ਹਾ ਜਲੰਧਰ; ਕਾਡਾ ਰਾਮ ਵਾਸੀ ਗੋਕਲਪੁਰ, ਜ਼ਿਲ੍ਹਾ ਤਰਨਤਾਰਨ ਅਤੇ ਸੰਜੇ ਕੁਮਾਰ ਵਾਸੀ ਨੀਲਕੰਠ ਮੁਹੱਲਾ, ਹੁਸ਼ਿਆਰਪੁਰ ਵਜੋਂ ਹੋਈ ਹੈ।

ਐੱਸ.ਐੱਸ.ਪੀ. ਦੀ ਨਿਗਰਾਨੀ ਹੇਠ ਕਾਰਵਾਈ
ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਟੀਮ ਨੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ। ਟੀਮ ਵੱਲੋਂ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਅਤੇ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀਪਵਿੰਦਰਪਾਲ ਸਿੰਘ ਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: Amritsar Police Drug Smuggling: ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤੇ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 7 ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਅਨੁਸਾਰ, 19 ਅਕਤੂਬਰ 2026 ਨੂੰ ਛਾਉਣੀ ਰੋਡ, ਮਾਲੇਰਕੋਟਲਾ ਵਿਖੇ ਇੱਕ ਮਸਜਿਦ ਨੇੜੇ ਸ਼ੱਕੀ ਹਾਲਾਤ ਵਿੱਚ ਮੌਜ਼ੂਦ ਚਾਰ ਨੌਜਵਾਨਾਂ ਨੂੰ ਦੇਖ ਕੇ ਪੁਲਿਸ ਨੇ ਕਾਰਵਾਈ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ, ਜਦੋਂਕਿ ਚੌਥਾ ਮੁਲਜ਼ਮ ਫ਼ਰਾਰ ਹੋ ਗਿਆ ਸੀ। ਬਾਅਦ ਵਿੱਚ 21 ਅਕਤੂਬਰ ਨੂੰ ਕਾਡਾ ਰਾਮ ਦੀ ਨਿਸ਼ਾਨਦੇਹੀ ’ਤੇ ਸੰਜੇ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਔਰਤਾਂ ਨੂੰ ਗੱਲਾਂ ਵਿੱਚ ਉਲਝਾ ਕੇ ਖੋਹਦੇ ਸਨ ਗਹਿਣੇ

ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੇ ਗਿਰੋਹ ਵੱਲੋਂ ਅੱਠ ਵਾਰਦਾਤਾਂ ਕੀਤੇ ਜਾਣ ਦਾ ਖ਼ੁਲਾਸਾ ਹੋਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਵਾਰਦਾਤਾਂ ਮਾਲੇਰਕੋਟਲਾ ਵਿੱਚ ਹੋਈਆਂ, ਜਦੋਂਕਿ ਬਾਕੀ ਵਾਰਦਾਤਾਂ ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀਆਂ ਗਈਆਂ। ਪੁਲਿਸ ਮੁਤਾਬਕ, ਮੁਲਜ਼ਮ ਮੋਟਰਸਾਈਕਲਾਂ ’ਤੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਦੇ ਸਨ ਅਤੇ ਭੀੜ-ਭਾੜ ਵਾਲੀਆਂ ਸੜਕਾਂ, ਬਾਈਪਾਸਾਂ ਤੇ ਹੋਰ ਥਾਵਾਂ ਨੇੜੇ ਇਕੱਲੀਆਂ ਜਾ ਰਹੀਆਂ ਔਰਤਾਂ, ਖ਼ਾਸ ਕਰਕੇ ਬਜ਼ੁਰਗ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹ ਕਈ ਵਾਰ ਔਰਤਾਂ ਨੂੰ ਗੱਲਾਂ ਵਿੱਚ ਉਲਝਾ ਕੇ ਅਤੇ ਕਈ ਵਾਰ ਝਪਟ ਮਾਰ ਕੇ ਸੋਨੇ ਦੇ ਗਹਿਣੇ ਖੋਹ ਲੈਂਦੇ ਸਨ। ਇਸ ਤੋਂ ਬਾਅਦ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਜਾਂਦੇ ਸਨ।

ਖੋਹਿਆ ਸੋਨਾ ਖ਼ਰੀਦਣ ਵਾਲੇ ਦੋ ਸੁਨਿਆਰੇ ਨਾਮਜ਼ਦ

ਜਾਂਚ ਦੌਰਾਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਖ਼ੁਲਾਸਾ ਕੀਤਾ ਕਿ ਖੋਹੇ ਗਏ ਸੋਨੇ ਦੇ ਗਹਿਣੇ ਤਰਨਤਾਰਨ ਦੇ ਦੋ ਸੁਨਿਆਰਿਆਂ ਨੂੰ ਵੇਚੇ ਜਾਂਦੇ ਸਨ। ਪੁਲਿਸ ਨੇ ਰਾਜਵਿੰਦਰ ਸਿੰਘ ਉਰਫ਼ ਰਾਜਨ ਅਤੇ ਹਰਪ੍ਰੀਤ ਸਿੰਘ ਉਰਫ਼ ਭੋਲੂ, ਦੋਵੇਂ ਵਾਸੀ ਮਾਸਟਰ ਕਲੋਨੀ, ਮੁਰਾਦਪੁਰਾ, ਤਰਨਤਾਰਨ, ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਦੋਵੇਂ ਤਰਨਤਾਰਨ ਵਿੱਚ ਸੁਨਿਆਰੇ ਦੀਆਂ ਦੁਕਾਨਾਂ ਚਲਾਉਂਦੇ ਹਨ। ਉਨ੍ਹਾਂ ਦੀ ਭੂਮਿਕਾ ਸਬੰਧੀ ਜਾਂਚ ਜਾਰੀ ਹੈ।

ਸੋਨੇ ਦੇ ਗਹਿਣੇ ਅਤੇ ਵਾਹਨ ਬਰਾਮਦ

ਪੁਲਿਸ ਵੱਲੋਂ ਇੱਕ ਕਾਲੇ ਰੰਗ ਦਾ ਪਲਸਰ ਮੋਟਰਸਾਈਕਲ, ਮੋਟਰਸਾਈਕਲ ਨੰਬਰ ਪੀ.ਬੀ.-46-ਏ.ਪੀ.-1223, ਇੱਕ ਵਨਪਲੱਸ ਮੋਬਾਈਲ ਫ਼ੋਨ, ਇੱਕ ਸੋਨੇ ਦੀ ਅੰਗੂਠੀ, ਇੱਕ ਸੋਨੇ ਦੀ ਨੱਥੀ ਅਤੇ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਅਨੁਸਾਰ, ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਔਰਤਾਂ ਦੀ ਸੁਰੱਖਿਆ ਪੁਲਿਸ ਦੀ ਤਰਜੀਹ: ਭੁੱਲਰ

ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਅਤੇ ਮਾਣ-ਸਨਮਾਨ ਮਾਲੇਰਕੋਟਲਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁੱਧ ਅਪਰਾਧ ਕਰਨ ਵਾਲਿਆਂ ਅਤੇ ਜਾਣ-ਬੁੱਝ ਕੇ ਚੋਰੀ ਦਾ ਸੋਨਾ ਖ਼ਰੀਦਣ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Comments

Post Your Comment

About The Author

Related Posts