Punjabi Story: ਵੇ ਕਿਤੇ ਤੂੰ ਤਾਂ ਨਹੀਂ ਚੀਨੀ ਡੋਰ ਲੈ ਆਇਆ?

ਸੌਰੀ : ਇੱਕ ਪੰਜਾਬੀ ਕਹਾਣੀ

Ravinder Sharma Picture
Published On

ਗੁਰਜੀਤ ਇੱਕ ਪਿੰਡ ਵਿੱਚ ਰਹਿੰਦਾ ਸੀ। ਉਨ੍ਹਾਂ ਦਾ ਘਰ ਪਿੰਡ ਦੇ ਬਾਹਰਵਾਰ ਹੋਣ ਕਰਕੇ ਨੇੜੇ-ਨੇੜੇ ਖੇਤ ਹੀ ਸਨ। ਹਰਿਆਲੀ ਦੇਖ ਕੇ ਸਭ ਦਾ ਮਨ ਖੁਸ਼ ਹੋ ਜਾਂਦਾ ਹੈ, ਫਿਰ ਗੁਰਜੀਤ ਤੇ ਬਾਕੀ ਪਰਿਵਾਰ ਵਾਲੇ ਕਿਉਂ ਨਾ ਖੁਸ਼ ਹੁੰਦੇ। ਉਨ੍ਹਾਂ ਦੇ ਘਰ ਦੇ ਨੇੜੇ ਹੀ ਉਨ੍ਹਾਂ ਦੇ ਖੇਤ ਸਨ ਜਿਸ ਕਰਕੇ ਉਹ ਅਸਾਨੀ ਨਾਲ ਖੇਤ ਗੇੜਾ ਮਾਰਦੇ ਰਹਿੰਦੇ ਸਰਦੀ ਦੀ ਰੁੱਤ ਘਟਣ ’ਤੇ ਬੱਚਿਆਂ ਵਿੱਚ ਇੱਕ ਇੱਛਾ ਜਾਗ ਪੈਂਦੀ ਹੈ ਪਤੰਗ ਉਡਾਉਣ ਦੀ ਸੋ ਬਸੰਤ ਪੰਚਮੀ ਦੇ ਆਉਣ ਤੋਂ ਪਹਿਲਾਂ ਹੀ ਅਸਮਾਨ ਵਿੱਚ ਉਡਦੇ ਪਤੰਗ ਜਹਾਜ਼ਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਦੇ ਹਨ ਅਜਿਹੀ ਹੀ ਇੱਛਾ ਗੁਰਜੀਤ ਵਿੱਚ ਕਿਉਂ ਨਾ ਜਾਗਦੀ ਅੱਠਵੀਂ ’ਚ ਪੜ੍ਹਦੇ ਗੁਰਜੀਤ ਨੇ ਆਪਣੇ ਪਿਤਾ ਜੀ ਨੂੰ ਕਿਹਾ,
‘‘ਡੈਡੀ ਜੀ, ਡੈਡੀ ਜੀ!’’
‘‘ਹਾਂ ਬੇਟਾ!’’
‘‘ਮੈਂ ਪਤੰਗ ਲਿਆਉਣੇ ਨੇ।’’
‘‘ਲੈ ਆ।’’
‘‘ਡੋਰ ਵੀ ਲਿਆਉਣੀ ਹੈ।’’
‘‘ਉਹ ਵੀ ਲੈ ਆ ਪੈਸੇ ਲੈ ਜਾ ਪਰ ਇੱਕ ਗੱਲ ਦਾ ਖਿਆਲ ਰੱਖੀਂ ਆਹ ਜਿਹੜੀ ਚਾਈਨਾ ਡੋਰ ਹੈ ਉਹ ਨਾ ਲਿਆਈਂ।’’
‘‘ਚੰਗਾ ਜੀ।’’
‘‘ਊਂ ਤਾਂ ਤੁਸੀਂ ਕਹੋਗੇ ਮੈਂ ਵਿੱਚ ਬੋਲਦੀ ਹਾਂ ਪਰ ਜਦੋਂ ਤੁਸੀਂ ਸ਼ਹਿਰ ਜਾਂਦੇ ਹੋ ਤਾਂ ਇਹਨੂੰ ਨਾਲ ਲੈ ਜਾਓ, ਉੱਥੋਂ ਡੋਰ ਤੇ ਪਤੰਗ ਚੰਗੇ ਮਿਲ ਜਾਣਗੇ।’’ ਹਰਮੀਤ ਬੋਲੀ।
‘‘ਮੈਨੂੰ ਹੋਰ ਕੰਮ ਬਥੇਰੇ ਨੇ, ਇਹ ਆਪੇ ਲੈ ਆਊ, ਕਿਹੜਾ ਨਿਆਣੈ।’’ ਮਨਜੀਤ ਨੇ ਰਤਾ ਕੁ ਗੁੱਸੇ ਹੁੰਦੇ ਕਿਹਾ ਤੇ ਕੁੱਝ ਰੁਪਏ ਜੋ ਗੁਰਜੀਤ ਨੇ ਮੰਗੇ ਸਨ ਉਸਨੂੰ ਦੇ ਦਿੱਤੇ ਤੇ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਉਹ ਸ਼ਹਿਰ ਚਲਾ ਗਿਆ। ਗੁਰਜੀਤ ਪੈਸੇ ਲੈ ਕੇ ਦੁਕਾਨ ’ਤੇ ਚਲਾ ਗਿਆ ਉਸਨੇ ਇੱਕ ਦੁਕਾਨ ਤੋਂ ਕਈ ਪਤੰਗ ਪਸੰਦ ਕਰਕੇ ਲੈ ਲਏ ਤੇ ਦੁਕਾਨਦਾਰ ਨੂੰ ਕਿਹਾ, ‘‘ਡੋਰ ਵੀ ਦਿਖਾਓ ਜੀ।’’
‘‘ਆਹ ਦੇਖ ਲੈ ਬੇਟਾ।’’ ਕਹਿ ਕੇ ਦੁਕਾਨਦਾਰ ਨੇ ਦੁਕਾਨ ਵਿੱਚ ਪਈਆਂ ਡੋਰਾਂ ਵੱਲ ਇਸ਼ਾਰਾ ਕੀਤਾ। ਉਸਨੇ ਡੋਰਾਂ ਨੂੰ ਖਿੱਚ-ਖਿੱਚ ਕੇ ਦੇਖਿਆ ਤਾਂ ਡੋਰਾਂ ਟੁੱਟ ਰਹੀਆਂ ਸਨ ਉਸਦੇ ਕੋਈ ਵੀ ਡੋਰ ਪਸੰਦ ਨਾ ਆਈ ਤੇ ਉਹ ਸਿਰਫ਼ ਪਤੰਗ ਲੈ ਕੇ ਘਰ ਆ ਗਿਆ ਕਿਉਂਕਿ ਜੇਕਰ ਉਹ ਪਤੰਗ ਲੈ ਕੇ ਦੂਸਰੀ ਦੁਕਾਨ ’ਤੇ ਜਾਂਦਾ ਤਾਂ ਦੂਸਰੇ ਦੁਕਾਨਦਾਰ ਨੇ ਨਾਰਾਜ਼ ਹੋ ਜਾਣਾ ਸੀ। ਹੋ ਸਕਦਾ ਹੈ, ਉਹ ਉਸਨੂੰ ਵਧੀਆ ਡੋਰ ਹੀ ਨਾ ਦਿਖਾਉਂਦਾ। ਇਸ ਲਈ ਹੀ ਉਹ ਪਤੰਗ ਘਰ ਰੱਖਣ ਗਿਆ। ਕੁੱਝ ਦੇਰ ਬਾਅਦ ਉਹ ਦੂਜੀ ਦੁਕਾਨ ’ਤੇ ਡੋਰ ਦੇਖਣ ਚਲਾ ਗਿਆ ਦੁਕਾਨ ਦਾ ਮਾਲਕ ਬੜਾ ਹੀ ਚਲਾਕ ਸੀ। ਉਸ ਨੇ ਉਸ ਨੂੰ ਕਈ ਤਰ੍ਹਾਂ ਦੀ ਡੋਰ ਦਿਖਾਈ। ਕੱਚੀ ਹੋਣ ਕਾਰਨ ਉਹ ਵੀ ਗੁਰਜੀਤ ਦੇ ਪਸੰਦ ਨਾ ਆਈ। ਅਖੀਰ ਦੁਕਾਨਦਾਰ ਬੋਲਿਆ,
‘‘ਕਾਕਾ ਕਿਹੋ-ਜਿਹੀ ਡੋਰ ਚਾਹੀਦੀ ਹੈ?’’
‘‘ਜਿਹੜੀ ਟੁੱਟੇ ਨਾ ਤੇ ਨਾ ਹੀ ਪਤੰਗ ਕੱਟੀ ਜਾਵੇ। ਹੈ ਇਹੋ-ਜਿਹੀ?’’
‘‘ਹੈ ਤਾਂ ਸਹੀ ਪਰ ਮਹਿੰਗੀ ਹੈ ’’
‘‘ਕੋਈ ਨ੍ਹੀਂ ਅੰਕਲ ਦਿਖਾਓ ਤਾਂ ਸਹੀ।’’
ਦੁਕਾਨਦਾਰ ਉਸਨੂੰ ਥੋੜ੍ਹਾ ਦੁਕਾਨ ਦੇ ਅੰਦਰ ਲੈ ਗਿਆ ਤੇ ਲਾਈਟ ਜਗਾ ਕੇ ਡੋਰ ਦਿਖਾਉਣ ਲੱਗਾ। ਇਹ ਡੋਰ ਪੱਕੀ ਸੀ ਬੜੀ ਹੀ ਮਜ਼ਬੂਤ ਜਿਹੜੀ ਛੇਤੀ ਕਰਕੇ ਟੁੱਟਦੀ ਹੀ ਨਹੀਂ ਸੀ, ਸਗੋਂ ਹੱਥ ਵੱਢਣ ਤੱਕ ਜਾਂਦੀ ਸੀ। ਉਸਨੇ ਪੈਸੇ ਦਿੱਤੇ ਤੇ ਡੋਰ ਖਰੀਦ ਲਈ। ਗੁਰਜੀਤ ਨੂੰ ਆਪਣੇ ਪਿਤਾ ਦੀ ਕਹੀ ਗੱਲ ਯਾਦ ਆ ਗਈ ਤੇ ਉਸਨੇ ਪੁੱਛਿਆ, ‘‘ਅੰਕਲ ਇਹ ਚਾਇਨਾ ਡੋਰ ਤਾਂ ਨਹੀਂ?’’ ‘‘ਨਹੀਂ ਪੁੱਤਰ ਅਸੀਂ ਇਹੋ-ਜਿਹੀ ਚੰਦਰੀ ਚੀਜ਼ ਕਾਹਨੂੰ ਰੱਖਦੇ ਹਾਂ।’’ ਕਹਿ ਕੇ ਦੁਕਾਨਦਾਰ ਹੱਸਿਆ। ਗੁਰਜੀਤ ਦੀ ਤਸੱਲੀ ਹੋ ਗਈ ਉਹ ਡੋਰ ਲੈ ਕੇ ਘਰ ਆ ਗਿਆ। ਉਸਨੇ ਪਤੰਗ ਨਾਲ ਇੱਕ ਛੋਟੀ ਜਿਹੀ ਪੂਛ ਹੋਰ ਜੋੜ ਲਈ ਤਾਂ ਕਿ ਪਤੰਗ ਅਸਾਨੀ ਨਾਲ ਉੱਪਰ ਚੜ੍ਹ ਜਾਵੇ। ਉਸਨੇ ਆਪਣੇ ਘਰ ਦੀ ਛੱਤ ਉੱਪਰ ਚੜ੍ਹ ਕੇ ਡੋਰ ਪਤੰਗ ਨਾਲ ਜੋੜੀ ਤੇ ਪਤੰਗ ਅਸਮਾਨ ਵਿੱਚ ਆਪਣੇ ਖੇਤਾਂ ਵਾਲੇ ਪਾਸੇ ਚੜ੍ਹਾਉਣ ਲੱਗਾ। ਵਧੀਆ ਹਵਾ ਚੱਲਣ ਕਾਰਨ ਉਸਦੀ ਪਤੰਗ ਬਹੁਤ ਉੱਚੀ ਚਲੀ ਗਈ। ਉਸ ਨੇ ਡੋਰ ਨੂੰ ਕੁੱਜੇ ਨਾਲ ਬੰਨ੍ਹ ਕੇ ਤੇ ਉਸ ਉੱਪਰ ਦੋ ਇੱਟਾਂ ਰੱਖ ਦਿੱਤੀਆਂ ਤੇ ਇੱਧਰ-ਉੱਧਰ ਘੁੰਮਣ ਲੱਗਾ। ਉਸਨੇ ਅਸਮਾਨ ਵਿੱਚ ਉੱਡਦੇ ਹੋਰ ਪਤੰਗਾਂ ਨੂੰ ਵੀ ਗੌਰ ਨਾਲ ਦੇਖਿਆ ਬਹੁਤ ਸਾਰੇ ਪਤੰਗ ਅਸਮਾਨ ਵਿੱਚ ਉੱਡ ਰਹੇ ਸਨ ਜੇਕਰ ਕੋਈ ਪਤੰਗ ਟੁੱਟ ਜਾਂਦਾ ਤਾਂ ਬੱਚੇ ਪਤੰਗ ਲੁੱਟਣ ਭੱਜ ਜਾਂਦੇ ਕਾਫੀ ਸਮਾਂ ਬੀਤ ਗਿਆ ਉਹ ਬੇਫਿਕਰ ਹੋ ਕੇ ਪੜ੍ਹਾਈ ਕਰਨ ਲਈ ਥੱਲੇ ਆ ਗਿਆ ਤੇ ਆਪਣੇ ਕਮਰੇ ਵਿੱਚ ਪੜ੍ਹਨ ਬੈਠ ਗਿਆ।  ਥੋੜ੍ਹੇ ਸਮੇਂ ਬਾਅਦ ਮਨਜੀਤ ਵੀ ਸ਼ਹਿਰੋਂ ਵਾਪਸ ਆ ਗਿਆ ਉਸਨੇ ਬਾਜ਼ਾਰੋਂ ਲਿਆਂਦਾ ਸਾਮਾਨ ਆਪਣੀ ਪਤਨੀ ਨੂੰ ਫੜਾਇਆ ਤੇ ਪੁੱਛਿਆ,
‘‘ਗੁਰਜੀਤ ਕਿੱਥੇ ਹੈ?’’
‘‘ਕਿਉਂ?’’
‘‘ਵੈਸੇ ਹੀ।’’
‘‘ਉਹ ਤਾਂ ਬੈਠਾ ਪੜ੍ਹੀ ਜਾਂਦੈ।’’
‘‘ਅੱਛਾ, ਲਿਆਇਆ ਨਹੀਂ ਪਤੰਗ?’’
‘‘ਲੈ ਆਇਆ, ਉਹ ਚੜ੍ਹਾਈ ਬੈਠੈ।’’
‘‘ਚੱਲ ਚੰਗਾ’’ ਕਹਿ ਕੇ ਉਨ੍ਹਾਂ ਕੁੱਝ ਸਮਾਂ ਆਰਾਮ ਕੀਤਾ ਤੇ ਚਾਹ-ਪਾਣੀ ਪੀ ਕੇ ਉਹ ਖੇਤ ਗੇੜਾ ਮਾਰਨ ਚਲੇ ਗਏ। ਦਿਨ ਢਲ ਰਿਹਾ ਸੀ। ਉਹ ਗੇੜਾ ਮਾਰਦੇ-ਮਾਰਦੇ ਉੱਥੇ ਪਹੁੰਚ ਗਏ, ਜਿੱਥੇ ਇੱਕ ਪਤੰਗ ਡਿੱਗੀ ਪਈ ਸੀ ਉਸਦੇ ਨੇੜੇ ਹੀ ਇੱਕ ਕੁੱਤੇ ਦੇ ਚੂਕਣ ਦੀ ਆਵਾਜ਼ ਨੂੰ ਸੁਣਿਆ ਤੇ ਉੱਧਰ ਹੀ ਹੋ ਗਏ ਉਨ੍ਹਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਨੇੜੇ ਹੀ ਘੁੰਮਣ ਵਾਲੀ ਭੂਰੀ ਕੁੱਤੀ ਉਸ ਪਤੰਗ ਦੀ ਡੋਰ ਵਿੱਚ ਫਸੀ ਪਈ ਸੀ, ਜਿਹੜੀ ਥੋੜ੍ਹੀ ਦੂਰ ਡਿੱਗੀ ਪਈ ਸੀ ਉਸਨੇ ਡੋਰ ਨੂੰ ਹੱਥ ਨਾਲ ਤੋੜਨ ਦਾ ਯਤਨ ਕੀਤਾ ਤਾਂ ਇਹ ਉਸ ਤੋਂ ਨਾ ਟੁੱਟੀ ਸਗੋਂ ਉਸ ਦੇ ਹੱਥ ਵਿੱਚ ਜਖਮ ਹੋ ਗਏ ਉਸ ਨੇ ਆਪਣਾ ਫੋਨ ਆਪਣੀ ਜੇਬ੍ਹ ਵਿੱਚੋਂ ਉਹ ਕੱਢਿਆ ਤੇ ਫੋਨ ਕੀਤਾ, ‘‘ਗੁਰਜੀਤ ਨੂੰ ਕਹਿ ਫਲ ਤੋੜਨ ਵਾਲਾ ਕਟਰ ਲੈ ਕੇ ਆਵੇ।’’
‘‘ਕਿਉਂ ਕੀ ਆ?’’
‘‘ਭੂਰੀ ਕੁੱਤੀ ਡੋਰ ’ਚ ਫਸੀ ਪਈ ਹੈ ਇਹ ਚਾਈਨਾ ਡੋਰ ਹੈ। ਛੇਤੀ ਭੇਜੋ।’’ ਫੋਨ ਕੱਟਿਆ ਗਿਆ।
‘‘ਵੇ ਗੁਰਜੀਤ, ਵੇ ਗੁਰਜੀਤ।’’ ਹਰਮੀਤ ਨੇ ਆਵਾਜ਼ ਮਾਰੀ।
‘‘ਹਾਂ ਜੀ।’’
‘‘ਵੇ ਕਿਤੇ ਤੂੰ ਤਾਂ ਨਹੀਂ ਚੀਨੀ ਡੋਰ ਲੈ ਆਇਆ?’’
‘‘ਨਹੀਂ ਮੰਮੀ, ਮੈਂ ਤਾਂ ਅੰਕਲ ਨੂੰ ਪੁੱਛਿਆ ਸੀ ਬਈ, ਇਹ ਚਾਇਨਾ ਡੋਰ ਤਾਂ ਨਹੀਂ? ਉਹ ਕਹਿੰਦੇ ਨਹੀਂ।’’
‘‘ਚੱਲ, ਚੰਗਾ ਆਹ ਕਟਰ ਲੈ ਜਾ। ਤੇਰੇ ਡੈਡੀ ਨੇ ਮੰਗਿਐ। ਭੂਰੀ ਕੁੱਤੀ ਫਸੀ ਪਈ ਏ ਡੋਰ ’ਚ।’’ ਕੁੱਝ ਦੇਰ ਬਾਅਦ ਗੁਰਜੀਤ ਕਟਰ ਲੈ ਕੇ ਚਲਾ ਗਿਆ। ਮਨਜੀਤ ਨੇ ਕਟਰ ਫੜ ਕੇ ਡੋਰ ਨੂੰ ਕੱਟ ਦਿੱਤਾ ਤੇ ਹੌਲੀ-ਹੌਲੀ ਭੂਰੀ ਕੁੱਤੀ ਵੀ ਡੋਰ ਤੋਂ ਆਜ਼ਾਦ ਹੋ ਕੇ ਭੱਜ ਗਈ। ਦੂਰ ਡਿੱਗੇ ਪਤੰਗ ਤੇ ਡੋਰ ਨੂੰ ਗੁਰਜੀਤ ਨੇ ਪਛਾਣ ਲਿਆ, ਇਹ ਉਸਦਾ ਹੀ ਪਤੰਗ ਸੀ। ਉਸਨੇ ਕਾਫੀ ਦੇਰ ਤੋਂ ਪਤੰਗ ਨਹੀਂ ਸੀ ਦੇਖਿਆ ਕਿਉਂਕਿ ਉਸਦੇ ਪ੍ਰਸ਼ਨ ਯਾਦ ਕਰਨ ਵਾਲੇ ਪਏ ਸਨ ਉਸ ਨੂੰ ਆਪਣੇ-ਆਪ ’ਤੇ ਗਲਿਆਨੀ ਆਈ ਕਿਉਂਕਿ ਪਿਤਾ ਦੇ ਸਮਝਾਉਣ ਦੇ ਬਾਵਜ਼ੂਦ ਵੀ ਉਹ ਗਲਤੀ ਨਾਲ ਚਾਈਨਾ ਡੋਰ ਲੈ ਆਇਆ ਸੀ।
‘‘ਆਹ ਪਤਾ ਨਹੀਂ ਕਿਹੜਾ ਮੂਰਖ ਲਿਆਇਐ।’’ ਮਨਜੀਤ ਨੇ ਪੁੱਛਿਆ।
‘‘ਸੌਰੀ ਡੈਡੀ!’’
‘‘ਕਿਉਂ ਇਹ ਤੇਰੀ ਹੈ?’’ ਮਨਜੀਤ ਨੇ ਡੋਰ ਵੱਲ ਇਸ਼ਾਰਾ ਕੀਤਾ।
‘‘ਹਾਂ ਜੀ।’’
‘‘ਮੈਂ ਬੇਟਾ ਤੈਨੂੰ ਵਰਜਿਆ ਸੀ ਬਈ ਚਾਈਨਾ ਡੋਰ ਨਹੀਂ ਲਿਆਉਣੀ, ਫਿਰ ਇਹ ਕਿਉਂ ਲਿਆਂਦੀ?’’
‘‘ਸੌਰੀ ਡੈਡੀ ਪਰ....।’’
‘‘ਪਰ ਕੀ?’’
‘‘ਮੈਂ ਦੁਕਾਨਦਾਰ ਨੂੰ ਕਿਹਾ ਸੀ ਬਈ ਇਹ ਚਾਈਨਾ ਡੋਰ ਤਾਂ ਨਹੀਂ?’’
‘‘ਫੇਰ?’’
‘‘ਉਹ ਕਹਿੰਦੇ ਨਹੀਂ।’’
ਹੁਣ ਮਨਜੀਤ ਦਾ ਗੁੱਸਾ ਗੁਰਜੀਤ ਵਾਲੇ ਪਾਸਿਓਂ ਹਟ ਕੇ ਦੁਕਾਨਦਾਰ ਵੱਲ ਵਧ ਰਿਹਾ ਸੀ, ਜੋ ਅਣਭੋਲਾਂ ਨੂੰ ਗਲਤ ਰਸਤੇ ਪਾ ਰਹੇ ਹਨ। ਉਸਨੇ ਮਨ ਹੀ ਮਨ ਉਸ ਨੂੰ ਸਬਕ ਸਿਖਾਉਣ ਦੀ ਧਾਰ ਲਈ। ਦੋਹਾਂ ਨੇ ਸਾਰੀ ਡੋਰ ਇਕੱਠੀ ਕਰਕੇ ਨਸ਼ਟ ਕਰ ਦਿੱਤੀ ਤੇ ਗੁਰਜੀਤ ਨੇ ਇੱਕ ਵਾਰ ਫਿਰ ‘ਸੌਰੀ’ ਕਿਹਾ।

ਜਤਿੰਦਰ ਮੋਹਨ,
ਪੰਜਾਬੀ ਅਧਿਆਪਕ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤੜ, ਸਰਸਾ
ਮੋ. 94630-20766

Read Also ; ਕਰੋੜਾਂ ਦੇ ਖਰਚੇ ਮਗਰੋਂ ਵੀ ਬੁੱਢਾ ਦਰਿਆ ਪ੍ਰਦੂਸ਼ਣ ਦੀ ਮਾਰ ਹੇਠ

Comments

Post Your Comment

About The Author

Related Posts