ਤਾਂ ਕਿ ਜ਼ਿੰਦਗੀ ਬੋਝ ਨਾ ਲੱਗੇ

Life, Make, Sense

ਅਮਨਦੀਪ ਕੌਰ ਕਲਵਾਨੂੰ

ਆਪਣਾ ਹਰ ਕਦਮ ਹਮੇਸ਼ਾ ਲਜ਼ੀਜ਼ ਤੇ ਅਜ਼ੀਜ਼ ਢੰਗ ਨਾਲ ਰੱਖੋਗੇ ਤਾਂ ਤੁਰਨਾ ਕਦੇ ਵੀ ਪ੍ਰਭਾਵਹੀਣ, ਨਿਰਾਸ਼ਾਪੂਰਨ, ਅਕਾਊ ਜਾਂ ਥਕਾਊ ਨਹੀਂ ਲੱਗੇਗਾ। ਤੁਰਨਾ ਤਾਂ ਅਸੀਂ ਹੈ ਹੀ ਸਿਹਤ ਦੀ ਤੰਦਰੁਸਤੀ ਲਈ ਤੇ ਆਪਣੀ ਮੰਜ਼ਿਲ ਲਈ ਤਾਂ ਕਿਉਂ ਨਾ ਇਸਨੂੰ ਬੋਝਹੀਣ ਤੇ ਕਰਾਮਾਤੀ ਢੰਗ ਨਾਲ ਵੇਖਿਆ ਜਾਵੇ। ਕਈ ਵਾਰ ਜ਼ਿੰਦਗੀ ‘ਚ ਕੁੱਝ ਪਲ ਅਜਿਹੇ ਵੀ ਆਉਂਦੇ ਹਨ ਕਿ ਮਨ ਕਰਦਾ ਹੈ ਸਭ ਤੋਂ ਦੂਰ ਚਲੇ ਜਾਈਏ ਜਾਂ ਆਪਣੀ ਜ਼ਿੰਦਗੀ ਦੀ ਡੋਰ ਨੂੰ ਕੱਟ ਦਈਏ। ਪਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇਸ ਤਰ੍ਹਾਂ ਹੀ ਜ਼ਿੰਦਗੀ ਨੂੰ ਦੇਖਣ ਦੇ ਵੀ ਦੋ ਨਜ਼ਰੀਏ ਹਨ- ਸਕਾਰਾਤਮਕ ਤੇ ਨਕਾਰਾਤਮਕ। ਇਸੇ ਤਰ੍ਹਾਂ ਹੀ ਨਕਾਰਤਮਿਕਤਾ ਨੂੰ ਦਿਮਾਗ ‘ਚੋਂ ਕੱਢ ਕੇ ਸਕਾਰਾਤਮਿਕਤਾ ਦਾ ਵਿਕਾਸ ਜ਼ਰੂਰੀ ਹੈ ਤਾਂ ਜੋ ਸਹੀ ਸਮੇਂ ‘ਤੇ ਸਹੀ ਫ਼ੈਸਲੇ ਲਏ ਜਾ ਸਕਣ। ਆਪਣੀ ਕੀਤੀ ਜਾਂ ਬੀਤੇ ਸਮੇਂ ‘ਤੇ ਅਫ਼ਸੋਸ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਆਉਣ ਵਾਲੇ ਪਲ ਨੂੰ ਚਮਤਕਾਰੀ ਬਣਾਉਣਾ।

ਕਿਸੇ ਤੋਂ ਦੂਰ ਨਾ ਜਾਓ, ਕਿਉਂਕਿ ਜ਼ਿੰਦਗੀ ‘ਚ ਕਈ ਵਾਰ ਸਹਾਰਿਆਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਕਿਸੇ ਤੋਂ ਵੀ ਦੂਰ ਜਾਣ ਨਾਲੋਂ ਚੰਗਾ ਹੈ ਤੁਸੀਂ ਆਪਣੇ ਉਹਨਾਂ ਖ਼ਿਆਲਾਂ ਨੂੰ ਦੂਰ ਕਰੋ ਜੋ ਤੁਹਾਨੂੰ ਜ਼ਿੰਦਗੀ ਖ਼ਤਮ ਕਰਨ ਲਈ ਮਜ਼ਬੂਰ ਕਰ ਰਹੇ ਹਨ। ਜ਼ਿੰਦਗੀ ਖ਼ਤਮ ਕਰਨ ਨਾਲੋਂ ਜ਼ਿੰਦਗੀ ਜਿਉਣਾ ਵੱਡੀ ਗੱਲ ਹੈ। ਕਿਸੇ ਸ਼ਾਇਰ ਨੇ ਵੀ ਇਸ ਬਾਰੇ ਬਹੁਤ ਸੋਹਣਾ ਕਿਹਾ ਹੈ ਕਿ:-

ਮੁਸੀਬਤ ਕੋਈ ਆਨ ਪੜ੍ਹੀ ਹੈ, ਗਬਰਾਨੇ ਸੇ ਕਿਹਾ ਹੋਗਾ,
ਜੀਨੇ ਕੀ ਤਰਕੀਬ ਨਿਕਾਲੋ, ਮਰ ਜਾਨੇ ਸੇ ਕਿਆ ਹੋਗਾ

ਇਸ ਤਰ੍ਹਾਂ ਜ਼ਿੰਦਗੀ ਖ਼ਤਮ ਕਰਕੇ ਤੁਸੀਂ ਆਪਣੀਆਂ ਸਮੱਸਿਆਵਾਂ ਤੋਂ ਨਿਜ਼ਾਤ ਤਾਂ ਪਾ ਸਕਦੇ ਹੋ ਪਰ ਕਦੇ ਵੀ ਕਿਸੇ ਲਈ ਮਿਸਾਲ ਨਹੀਂ ਬਣ ਸਕਦੇ।

ਆਪਣੇ-ਆਪ ਨੂੰ ਖੁਸ਼ ਰੱਖਣਾ ਹੈ ਤਾਂ ਸ਼ੁਰੂ ਕਰ ਦਿਓ ਸਾਰਿਆਂ ਨੂੰ ਖੁਸ਼ ਰੱਖਣਾ ਤੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ। ਕਈ ਵਾਰ ਅਸੀਂ ਆਪਣੀਆਂ ਅਸਫ਼ਲਤਾਵਾਂ ਤੋਂ ਨਿਰਾਸ਼ ਹੋ ਜਾਂਦੇ ਹਾਂ ਪਰ ਇਹ ਅਸਫ਼ਲਤਾਵਾਂ ਹੀ ਸਾਨੂੰ ਦੱਸਦੀਆਂ ਹਨ ਸਾਡੀਆਂ ਕਮਜ਼ੋਰੀਆਂ। ਜਿਨ੍ਹਾਂ ਨੂੰ ਸੁਧਾਰ ਕੇ ਅਸੀਂ ਸਫ਼ਲਤਾ ਦੀ ਡੋਰ ਅਪਣੇ ਹੱਥ ਵਿੱਚ ਕਰ ਸਕਦੇ ਹਾਂ।

ਜੇਕਰ ਕੋਈ ਤੁਹਾਡਾ ਮਜ਼ਾਕ ਉਡਾਉਂਦਾ ਹੈ ਤਾਂ ਉਸਨੂੰ ਕਦੇ ਵੀ ਦਿਲ ‘ਤੇ ਨਾ ਲਾਓ, ਕਿਉਂਕਿ ਹਰ ਇੱਕ ਸਫ਼ਲ ਵਿਅਕਤੀ ਨਾਲ ਇਹ ਵਾਪਰਿਆ ਹੈ। ਜੇਕਰ ਤੁਸੀਂ ਤੁਰਦੇ-ਤੁਰਦੇ ਡਿੱਗ ਜਾਂਦੇ ਹੋ ਤੇ ਕੋਈ ਤੁਹਾਡੇ ‘ਤੇ ਹੱਸ ਰਿਹਾ ਹੈ ਤਾਂ ਉਸਨੂੰ ਹੱਸਦਾ ਵੇਖ ਕਦੇ ਵੀ ਨਿਰਾਸ਼ ਨਾ ਹੋਵੋ ਸਗੋਂ ਹਿੰਮਤ ਕਰਕੇ ਉੱਠੋ ਤੇ ਦੁਬਾਰਾ ਫਿਰ ਚੱਲਣਾ ਸ਼ੁਰੂ ਕਰੋ। ਕਿਉਂਕਿ ਹੱਸਣ ਵਾਲਾ ਤਾਂ ਦੋ-ਚਾਰ ਮਿੰਟ ਹੱਸ ਕੇ ਰਹਿ ਜਾਵੇਗਾ ਪਰ ਤੁਸੀਂ ਦੁਬਾਰਾ ਖੜ੍ਹੇ ਹੋ ਕੇ ਆਪਣੀ ਮੰਜ਼ਿਲ ਹਾਸਲ ਕਰਨੀ ਹੈ।

ਉਰਦੂ ਦੇ ਮਸ਼ਹੂਰ ਸ਼ਾਇਰ ‘ਗ਼ਾਲਿਬ’ ਦਾ ਨਾਂਅ ਤਾਂ ਸਭ ਹੀ ਜਾਣਦੇ ਹਨ। ਇਹਨਾਂ ਨੇ ਆਪਣੇ ਸੱਤ ਬੱਚੇ ਖੋਏ, ਘਰ ਵਿੱਚ ਤੰਗੀ ਕੱਟੀ… ਇਸ ਤਰ੍ਹਾਂ ਜਿੰਨੀਆਂ ਮੁਸੀਬਤਾਂ ਦਾ ਸਾਹਮਣਾ ਉਨ੍ਹਾਂ ਕੀਤਾ ਹੈ ਅਸੀਂ ਤਾਂ ਹਾਰ ਮੰਨ ਜਾਈਏ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ-ਕਰਦੇ। ਇਸ ਤਰ੍ਹਾਂ ਮੁਸੀਬਤਾਂ ਦੀ ਭੱਠੀ ਵਿੱਚ ਤਪ ਕੇ ਹੀ ਉਹ ਸੋਨਾ ਬਣੇ ਭਾਵ ਇੱਕ ਮਸ਼ਹੂਰ ਸ਼ਾਇਰ ਬਣੇ। ਇਸ ਲਈ ਮੁਸੀਬਤਾਂ ਨਾਲ ਲੜਨਾ ਸਿੱਖੋ, ਮੁਸੀਬਤਾਂ ਤੋਂ ਡਰਨਾ ਨਹੀਂ। ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਜੀਓ ਕਿ ਸਾਰੀ ਕਾਇਨਾਤ ਜੁੜ ਜਾਵੇ ਤੁਹਾਡੇ ਨਾਲ ਤੁਹਾਡੀਆਂ ਖੁਸ਼ੀਆਂ ਹਾਸਲ ਕਰਨ ਵਿੱਚ।

ਆਪਣੀ ਜ਼ਿੰਦਗੀ ਸੁਖੀ ਢੰਗ ਨਾਲ ਜਿਉਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਆਪਣੀਆਂ ਇੱਛਾਵਾਂ ਨੂੰ ਸੀਮਤ ਕਰੋ। ਭਾਵ ‘ਚਾਦਰ ਵੇਖ ਕੇ ਪੈਰ ਪਸਾਰੋ’। ਕਿਉਂਕਿ ਜਿੰਨੀਆਂ ਜ਼ਿਆਦਾ ਇੱਛਾਵਾਂ ਅਸੀਂ ਰੱਖਦੇ ਹਾਂ, ਉਨੀਆਂ ਹੀ ਜ਼ਿਆਦਾ ਮੁਸ਼ਕਲਾਂ ਸਾਨੂੰ ਆਉਂਦੀਆਂ ਹਨ। ਇਸ ਲਈ ਆਪਣੇ ਮਨ ਵਿੱਚ ਉਹੀ ਇੱਛਾ ਜਾਂ ਵਿਚਾਰ ਰੱਖੋ ਜਿਸਨੂੰ ਪੂਰਾ ਕਰਨ ਦੀ ਸਮਰੱਥਾ ਜਾਂ ਯੋਗਤਾ ਤੁਹਾਡੇ ਵਿੱਚ ਹੈ।

ਜ਼ਿੰਦਗੀ ਤੋਂ ਖਫ਼ਾ-ਖਫ਼ਾ ਰਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਬਹੁਤ ਜਲਦੀ ਅੱਕ ਜਾਂਦੇ ਹਾਂ, ਨਿਰਾਸ਼ ਹੋ ਜਾਂਦੇ ਹਾਂ, ਗੁੱਸਾ ਹੋ ਜਾਂਦੇ ਹਾਂ। ਕਿਸੇ ਵੀ ਕੰਮ ਨੂੰ ਕਰਨਾ ਹੈ ਤਾਂ ਜੀਅ ਲਾ ਕੇ ਕਰੋ। ਮੇਰੇ ਮਾਤਾ ਜੀ ਕਹਿੰਦੇ ਹਨ ਕਿ ”ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਹੈ ਚਾਹੇ ਰੋ ਕੇ ਕਰੋ ਚਾਹੇ ਹੱਸ ਕੇ, ਤਾਂ ਕਿਉਂ ਨਾ ਹੱਸ ਕੇ ਹੀ ਕਰ ਲਿਆ ਜਾਵੇ ਤਾਂ ਜੋ ਕੰਮ ਵਿੱਚ ਦਿਲਚਸਪੀ ਵੀ ਬਣੀ ਰਹੇ।” ਇਸ ਤਰ੍ਹਾਂ ਕੰਮ ਨੂੰ ਕਦੇ ਵੀ ਬੋਝ ਨਾ ਸਮਝੋ। ਮੇਰੇ ਡੈਡੀ ਜੀ ਕਦੇ ਵੀ ਕੰਮ ਤੋਂ  ਅੱਕਦੇ ਨਹੀਂ ਚਾਹੇ ਕੰਮ ਕਿੰਨਾ ਵੀ ਪੇਚੀਦਾ ਕਿਉਂ ਨਾ ਹੋਵੇ। ਉਹਨਾਂ ਦੀ ਇਹ ਛੋਟੀ ਜਿਹੀ ਗੱਲ ਕੁੱਝ ਵੱਡਾ ਸਿਖਾਉਂਦੀ ਹੈ ਕਿ ”ਕੋਈ ਵੀ ਕੰਮ ਕਰੋ ਤਾਂ ਉਸ ਵਿੱਚ ਲੀਨ ਹੋ ਜਾਓ, ਇੰਨਾ ਦਿਲ ਲਾ ਕੇ ਕਰੋ ਕਿ ਕੰਮ ਪੂਰਾ ਹੋਵੇ ਜਾਂ ਨਾ ਹੋਵੇ ਪਰ ਮਨ ਨੂੰ ਸੰਤੁਸ਼ਟੀ ਜ਼ਰੂਰ ਮਿਲੇ ਕਿ ਮੈਂ ਕੋਈ ਕਸਰ ਨਹੀਂ ਛੱਡੀ।” ਇਸ ਲਈ ਇਹ ਸਾਡਾ ਹੀ ਨਜ਼ਰੀਆ ਹੈ ਕਿ ਅਸੀਂ ਆਪਣੇ ਆਲੇ-ਦੁਆਲ਼ੇ ਨੂੰ ਕਿਸ ਢੰਗ ਨਾਲ ਵੇਖਣਾ ਹੈ ਸਕਾਰਾਤਮਕ ਢੰਗ ਨਾਲ ਜਾਂ ਨਕਾਰਾਤਮਕ ਢੰਗ ਨਾਲ।
ਆਪਣੀ ਜ਼ਿੰਦਗੀ ਵਿੱਚ ਕੁੱਝ ਦੋਸਤ ਵੀ ਬਣਾਓ ਤਾਂ ਜੋ ਜ਼ਿੰਦਗੀ ਵੀਰਾਨ ਨਾ ਲੱਗੇ ਅਤੇ ਜ਼ਿੰਦਗੀ ਦਾ ਹਰ ਪਲ ਅਜ਼ੀਜ਼ ਢੰਗ ਨਾਲ ਜੀਓ… ਤਾਂ ਕਿ ਜ਼ਿੰਦਗੀ ਬੋਝ ਨਾ ਲੱਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।