ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਮਹੂਰੀ ਕਾਰਕੁਨਾਂ ਨੂੰ ਮੁਕਤੀ

Liberation, Democracy ,Activists , Police

ਐਸਡੀਐਮ ਦੀ ਅਦਾਲਤ ਵੱਲੋਂ ਕੇਸ ਖਾਰਜ, ਮਾਓਵਾਦੀ ਹੋਣ ਦੇ ਸ਼ੱਕ ‘ਚ 28 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਸੱਚ ਕਹੂੰ ਨਿਊਜ਼/ਬਠਿੰਡਾ। ਬਠਿੰਡਾ ਪੁਲਿਸ ਵੱਲੋਂ 28 ਸਤੰਬਰ ਨੂੰ ਮਾਓਵਾਦੀ ਹੋਣ ਦੇ ਸ਼ੱਕ ‘ਚ ਹਿਰਾਸਤ ਵਿੱਚ ਲਏ ਜਮਹੂਰੀ ਧਿਰਾਂ ਦੇ ਤਿੰਨ ਕਾਰਕੁਨਾਂ ਨੂੰ ਕਰੀਬ ਦੋ ਹਫਤਿਆਂ ਦੀ ਮਾਨਸਿਕ ਪੀੜਾ ਤੋਂ ਮੁਕਤੀ ਮਿਲ ਗਈ ਹੈ ਥਾਣਾ ਕੋਤਵਾਲੀ ਪੁਲਿਸ ਵੱਲੋਂ ਇਨ੍ਹਾਂ ਜਮਹੂਰੀ ਆਗੂਆਂ ਖਿਲਾਫ ਅਮਨ ਭੰਗ ਹੋਣ ਦੇ ਦੋਸ਼ਾਂ ਤਹਿਤ ਧਾਰਾ 107/151 ਤਹਿਤ ਬਣਾਇਆ ਮਾਮਲਾ ਅੱਜ ਐਸਡੀਐਮ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਜ਼ਿਲ੍ਹਾ ਪੁਲਿਸ ਵੱਲੋਂ ਜੋ ਆਗੂ ਹਿਰਾਸਤ ‘ਚ ਲਏ ਗਏ, ਉਨ੍ਹਾਂ ‘ਚ ਪੱਛਮੀ ਬੰਗਾਲ ਦੀ ‘ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਡੈਮੋਕ੍ਰੇਟਿਕ ਰਾਈਟਸ’ ਦਾ ਆਗੂ ਰਾਹੁਲ ਚੱਕਰਵਰਤੀ, ‘ਬੰਗਾਲ, ਭਾਰਤ ਤੇ ਪਾਕਿਸਤਾਨ ਪੀਪਲਜ਼ ਫੋਰਮ’ ਦਾ ਡਾ. ਸੁਰੇਸ਼ ਬਾਇਨ ਅਤੇ ਜਮਹੂਰੀ ਅਧਿਕਾਰ ਸਭਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਲਾਜਪਤ ਰਾਏ ਵਾਸੀ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਸਨ।

ਜ਼ਿਲ੍ਹਾ ਪੁਲੀਸ ਨੇ 28 ਸਤੰਬਰ ਸ਼ਨੀਵਾਰ ਨੂੰ ਇਨ੍ਹਾਂ ਕਾਰਕੁਨਾਂ ਨੂੰ ਉਦੋਂ ਚੁੱਕਿਆ ਜਦੋਂ ਲਾਜਪਤ ਰਾਏ ਸ਼ਰਨਜੀਤ ਕੌਰ ਨਾਲ ਪੱਛਮੀ ਬੰਗਾਲ ਦੇ ਦੋ ਕਾਰਕੁੰਨਾਂ ਨੂੰ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਲਿਆ ਰਿਹਾ ਸੀ। ਜ਼ਿਲ੍ਹਾ ਪੁਲਿਸ ਨੇ ਪਹਿਲਾਂ ਤਾਂ ਲਾਜਪਤ ਰਾਏ ਦੀ ਲੜਕੀ ਨੂੰ ਰਿਹਾਅ ਕਰ ਦਿੱਤਾ ਸੀ ਪੁਲਿਸ ਵੱਲੋਂ ਬੰਗਾਲ ਦੇ ਕਾਰਕੁੰਨਾਂ ਦੇ ਕੱਪੜੇ ਅਤੇ ਪੈੱਨ ਡਰਾਈਵ ਪੜਤਾਲ ਲਈ ਆਪਣੇ ਕਬਜ਼ੇ ਵਿਚ ਲੈ ਲਏ ਗਏ ਸਨ ਸੂਤਰਾਂ ਮੁਤਾਬਕ ਪੁਲਿਸ ਇੰਨ੍ਹਾਂ ਆਗੂਆਂ ‘ਤੇ ‘ਨਕਸਲੀ’ ਹੋਣ ਦਾ ਠੱਪਾ ਲਾਉਣ ਦੀ ਤਿਆਰੀ ‘ਚ ਸੀ।

ਪਰ ਭੇਦ ਖੁੱਲ੍ਹਣ ‘ਤੇ ਪੁਲਿਸ ਨੇ 107/151 ਤਹਿਤ ਥਾਣਾ ਕੋਤਵਾਲੀ ‘ਚ ਕੇਸ ਦਰਜ ਕਰ ਲਿਆ ਜਮਹੂਰੀ ਧਿਰਾਂ ਦੇ ਆਗੂਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਦਬਾਅ ਬਣਾਇਆ ਗਿਆ ਤਾਂ ਐੱਸਡੀਐਮ ਨੇ ਨਿੱਜੀ ਮੁਚਲਕੇ ‘ਤੇ ਤਿੰਨੋਂ ਕਾਰਕੁੰਨ ਰਿਹਾਅ ਕਰ ਦਿੱਤੇ ਸਨ। ਉਨ੍ਹਾਂ ‘ਤੇ ਬਠਿੰਡਾ ਤੋਂ ਬਾਹਰ ਨਾ ਜਾਣ ਦੀ ਸ਼ਰਤ ਸਮੇਤ 3 ਅਕਤੂਬਰ ਨੂੰ ਤਿੰਨੋਂ ਵਿਅਕਤੀਆਂ ਨੂੰ ਜਮਾਨਤੀ ਬਾਂਡ ਭਰਨ ਦਾ ਆਦੇਸ਼ ਦਿੱਤੇ ਸਨ। ਅੱਜ ਜਮਹੂਰੀ ਅਧਿਕਾਰ ਸਭਾ ਦੇ ਸਟੇਟ ਕਮੇਟੀ ਮੈਂਬਰ ਐਡਵੋਕੇਟ ਐੱਨ ਕੇ ਜੀਤ, ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ, ਐਡਵੋਕੇਟ ਸੁਦੀਪ ਸਿੰਘ ਅਤੇ ਡਾ. ਅਜੀਤਪਾਲ ਸਿੰਘ ਨੇ ਪੁਲਿਸ ਵੱਲੋਂ ਫੜੇ ਕਾਰਕੁੰਨਾਂ ਦੇ ਮਾਮਲੇ ‘ਚ ਪੈਰਵੀ ਕੀਤੀ।

ਐਡਵੋਕੇਟ ਐੱਨ ਕੇ ਜੀਤ ਦਾ ਕਹਿਣਾ ਸੀ ਕਿ ਐਸਡੀਐਮ ਦੀ ਅਦਾਲਤ ਨੇ ਤਿੰਨਾਂ ਜਮਹੂਰੀ ਕਾਰਕੁਨਾਂ ਖਿਲਾਫ ਮਾਮਲਾ ਰੱਦ ਕਰ ਦਿੱਤਾ ਹੈ ਅਤੇ ਪੁਲਿਸ ਨੂੰ ਇੰਨ੍ਹਾਂ ਦਾ ਜਬਤ ਸਾਮਾਨ ਵਾਪਿਸ ਕਰਨ ਲਈ ਹੁਕਮ ਦਿੱਤੇ ਹਨ ਉਨ੍ਹਾਂ ਆਖਿਆ ਕਿ ਜੇਕਰ ਜਮਹੂਰੀ ਧਿਰਾਂ ਚੌਕਸੀ ਨਾ ਵਰਤਦੀਆਂ ਤਾਂ ਪੁਲਿਸ ਇੰਨ੍ਹਾਂ ਕਾਰਕੁਨਾਂ ਨੂੰ ਕਿਸੇ ਅਣਦੱਸੀ ਥਾਂ ‘ਤੇ ਲਿਜਾ ਕੇ ਕੁਝ ਵੀ ਕਰ ਸਕਦੀ ਸੀ।

ਸਰਕਾਰ ਦਾ ਵਿਰੋਧ ਕਰਨ ਵਾਲਿਆਂ ‘ਤੇ ਹੱਲਾ

ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਦਾ ਪ੍ਰਤੀਕਰਮ ਸੀ ਕਿ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ‘ਤੇ ਹੀ ਪੁਲਿਸ ਦਾ ਹੱਲਾ ਹੈ ਜਿਸ ਦੀ ਸਭਾ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੀ ਹੈ।

ਅਦਾਲਤ ਨੇ ਕੇਸ ਰੱਦ ਕੀਤਾ: ਐਸਐਸਪੀ

ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਥਾਣਾ ਕੋਤਵਾਲੀ ਪੁਲਿਸ ਵੱਲੋਂ ਫੜ੍ਹੇ ਇੰਨ੍ਹਾਂ ਤਿੰਨਾਂ ਵਿਅਕਤੀਆਂ ਖਿਲਾਫ ਐਸਡੀਐਮ ਦੀ ਅਦਾਲਤ ਨੇ ਕੇਸ ਖਾਰਜ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਇੰਨ੍ਹਾਂ ਕਾਰਕੁਨਾਂ ਨੂੰ ਸ਼ੱਕ ਦੇ ਅਧਾਰ ‘ਤੇ ਹਿਰਾਸਤ ‘ਚ ਲਿਆ ਸੀ ਤਾਂ ਇੰਨ੍ਹਾਂ ਕੋਲੋਂ ਇਤਰਾਜ਼ਯੋਗ ਸਾਹਿਤ ਮਿਲਿਆ ਸੀ ਜਿਸ ਦੀ ਹਾਲੇ ਵੀ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਜਰੂਰਤ ਪੈਣ ‘ਤੇ ਇੰਨ੍ਹਾਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਮੁੜ ਤਲਬ ਕੀਤਾ ਜਾ ਸਕਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।