ਸ਼ਹੀਦ ਜਗਸੀਰ ਸਿੰਘ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Martyr,  Jagsir Singh, Funeral. Government, Honors

ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

  • ਭਰਾ ਜਸਬੀਰ ਸਿੰਘ ਨੇ ਸ਼ਹੀਦ ਦੀ ਚਿਤਾ ਨੂੰ ਦਿੱਤੀ ਅਗਨੀ

ਫ਼ਿਰੋਜ਼ਪੁਰ (ਸਤਪਾਲ ਥਿੰਦ)। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ ਵਿੱਚ ਸ਼ਹੀਦ ਹੋਏ 19 ਪੰਜਾਬ ਰੈਜੀਮੈਂਟ ਦੇ ਜਵਾਨ ਜਗਸੀਰ ਸਿੰਘ ਪੁੱਤਰ ਅਮਰਜੀਤ ਸਿੰਘ ਦਾ ਉਸ ਦੇ ਜੱਦੀ ਪਿੰਡ ਲੋਹਗੜ ਠਾਕਰਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਸ਼ਹੀਦ ਦੀ ਦੇਹ ਕੱਲ੍ਹ ਫ਼ੌਜ ਵੱਲੋਂ ਹੈਲੀਕਾਪਟਰ  ਰਾਹੀਂ  ਜੰਮੂ ਤੋਂ ਫ਼ਿਰੋਜ਼ਪੁਰ ਆਰਮੀ ਹਸਪਤਾਲ ‘ਚ ਲਿਆਂਦੀ ਗਈ ਤੇ ਅੱਜ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਜਗਸੀਰ ਸਿੰਘ ਦੀ ਦੇਹ ਨੂੰ ਪੂਰੇ ਸਨਮਾਨ ਨਾਲ ਫਿਰੋਜ਼ਪੁਰ ਤੋਂ ਪਿੰਡ ਲੋਹਗੜ ਲੈ ਕੇ ਪਹੁੰਚੇ ਤਾਂ ਸਮੁੱਚੇ ਇਲਾਕੇ ‘ਚ ਭਾਰੀ ਸੋਗ ਦੀ ਲਹਿਰ ਦੌੜ ਗਈ।

ਆਸਟ੍ਰੇਲਿਆ ਤੋਂ ਸ਼ਹੀਦ ਜਗਸੀਰ ਸਿੰਘ ਦੀ ਵੱਡੀ ਭੈਣ ਪਵਨਦੀਪ ਕੌਰ ਦੇ ਇੱਥੇ ਪਹੁੰਚਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੇਜਲ ਅੱਖਾਂ ਨਾਲ ਸ਼ਹੀਦ ਜਗਸੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ , ਫ਼ੌਜ ਤੇ ਪੁਲੀਸ ਅਧਿਕਾਰੀਆਂ, ਬੀ.ਐੱਸ.ਐਫ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸ਼ਹੀਦ ਦੀ ਦੇਹ ‘ਤੇ ਫੁੱਲ ਮਲਾਵਾਂ ਭੇਂਟ ਕੀਤੀਆਂ

ਅੰਤਿਮ ਸਸਕਾਰ ਮੌਕੇ ਸ਼ਹੀਦ ਦੀ ਚਿਤਾ ਨੂੰ ਅਗਨੀ ਉਸ ਦੇ ਭਰਾ ਜਸਬੀਰ ਸਿੰਘ ਵੱਲੋਂ ਦਿੱਤੀ ਗਈ ਇਸ ਮੌਕੇ ਸ਼ਹੀਦ ਜਗਸੀਰ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਡਿਪਟੀ ਕਮਿਸ਼ਨਰ ਰਾਮਵੀਰ, ਡੀ.ਆਈ.ਜੀ. ਬੀ. ਐੱਸ. ਰਾਜਪਰੋਹਿਤ (ਬੀ.ਐੱਸ.ਐੱਫ), ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਸਿੱਧੂ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ, ਕਮਲ ਸ਼ਰਮਾ ਸਾਬਕਾ ਭਾਜਪਾ ਪ੍ਰਧਾਨ ਪੰਜਾਬ, ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ, ਹਰਜੀਤ ਸਿੰਘ ਸੰਧੂ ਐੱਸ.ਡੀ.ਐੱਮ,  ਮਨਜੀਤ ਸਿੰਘ ਤਹਿਸੀਲਦਾਰ ਤੋਂ ਇਲਾਵਾ ਫੌਜ਼, ਬੀ.ਐੱਸ.ਐੱਫ, ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ, ਰਾਜਸੀ, ਧਾਰਮਿਕ ਆਗੂਆਂ ਤੇ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਵੱਲੋਂ ਸ਼ਹੀਦ ਜਗਸੀਰ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ।

ਸ਼ਹੀਦ ਜਗਸੀਰ ਸਿੰਘ ਅਮਰ ਰਹੇ ਦੇ ਲੱਗੇ ਨਾਅਰੇ

ਸ਼ਹੀਦ ਜਗਸੀਰ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਇਲਾਕਾ ਵਾਸੀਆਂ ਵੱਲੋਂ ਸ਼ਹੀਦ ਜਗਸੀਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਪਾਕਿਸਤਾਨ ਖਿਲਾਫ਼ ਰੋਸ ਪ੍ਰਗਟਾਉਂਦੇ ਹੋਏ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ ਗਏ। ਇਸ ਦੌਰਾਨ ਪਿੰਡ ਲੋਹਗੜ ਵਾਸੀਆਂ ਨੇ ਜਵਾਨ ਜਗਸੀਰ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਤੋਂ ਬਦਲਾ ਲੈਣ ਦੀ ਮੰਗ ਕਰਦਿਆ ਕਿਹਾ ਕਿ ਆਏ ਦਿਨ ਪਾਕਿਸਤਾਨੀ ਗੋਲੀਬਾਰੀ ਕਾਰਨ ਦੇਸ਼ ਦੇ ਕਈ ਫੌਜੀ ਸ਼ਹੀਦ ਹੋ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਨੂੰ ਕਰਾਰਾ ਜਵਾਬ ਨਹੀਂ ਦਿੱਤਾ ਜਾਦਾ ਉਦੋਂ ਤੱਕ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਵੇਗਾ।