ਲਾਂਘੇ ‘ਤੇ ਏਧਰ ਇੰਤਜ਼ਾਮ ਖ਼ਸਤਾ ਹਾਲ, ਓਧਰ ਬੇਮਿਸਾਲ

Home, Arrangement , Crossroads Cheapest hall, Unparalleled

ਡਾਲਰ ਦੇਣ ਲਈ ਨਹੀਂ ਖੋਲ੍ਹਿਆ ਕਾਊੁਂਟਰ, 20 ਡਾਲਰ ਦੀ ਥਾਂ ਖ਼ਰਚਣੇ ਪੈ ਰਹੇ ਹਨ 25 ਡਾਲਰ

ਅਸ਼ਵਨੀ ਚਾਵਲਾ/ਕਰਤਾਰਪੁਰ ਸਾਹਿਬ। ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਨੂੰ ਲੈ ਕੇ ਨਾ ਹੀ ਕੇਂਦਰ ਸਰਕਾਰ ਨੇ ਅਜੇ ਤੱਕ ਕੋਈ ਜ਼ਿਆਦਾ ਇੰਤਜ਼ਾਮ ਕੀਤੇ ਹਨ ਅਤੇ ਨਾ ਹੀ ਪੰਜਾਬ ਸਰਕਾਰ ਇੰਤਜ਼ਾਮ ਕਰਨ ਵਿੱਚ ਲੱਗੀ ਹੋਈ ਹੈ। ਜਿਸ ਦਾ ਖ਼ਾਮਿਆਜਾ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਇੰਤਜ਼ਾਮ ਲਾ-ਮਿਸਾਲ ਕੀਤੇ ਗਏ ਹਨ।

ਇਨ੍ਹਾਂ ਇੰਤਜ਼ਾਮਾਂ ਨੂੰ ਦੇਖਣ ਲਈ ਹੀ ਚੰਡੀਗੜ੍ਹ ਦੇ ਇਸ ਪ੍ਰਤੀਨਿਧ ਵੱਲੋਂ ਬੀਤੇ ਦਿਨੀਂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਜਿਥੇ ਕਿ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ, ਜਿਸ ਨਾਲ ਕੇਂਦਰ ਸਰਕਾਰ ਦੇ ਨਾਲ ਹੀ ਪੰਜਾਬ ਸਰਕਾਰ ਦੀ ਨੀਅਤ ‘ਤੇ ਵੀ ਸ਼ੱਕ ਜ਼ਾਹਿਰ ਹੋ ਰਿਹਾ ਹੈ।   ਪੰਜਾਬ ਦੇ ਸਿਆਸੀ ਲੀਡਰ 20 ਡਾਲਰ ਮੁਆਫ਼ ਕਰਨ ਲਈ ਤਾਂ ਬਿਆਨਬਾਜ਼ੀ ਕਰਨ ਵਿੱਚ ਲੱਗੇ ਹੋਏ ਹਨ ਪਰ ਲਾਂਘੇ ‘ਤੇ ਭਾਰਤੀ ਅਤੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ ਦੀ ਘਾਟ ਕਾਰਨ ਹੀ ਸ਼ਰਧਾਲੂਆਂ ਨੂੰ 20 ਡਾਲਰ ਦੀ ਥਾਂ ‘ਤੇ 25 ਡਾਲਰ ਖ਼ਰਚਣੇ ਪੈ ਰਹੇ ਹਨ। ਕਾਰੀਡੋਰ ਦੇ ਅੰਦਰ ਕੋਈ ਵੀ ਭਾਰਤੀ ਰੁਪਏ ਨੂੰ ਡਾਲਰ ਵਿੱਚ ਬਦਲਣ ਲਈ ਕੋਈ ਕਾਉਂਟਰ ਨਹੀਂ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾ ਕੇ ਡਾਲਰ ਲੈਣੇ ਪੈ ਰਹੇ ਹਨ। ਜਿਥੇ ਕਿ 20 ਡਾਲਰ ਦੇ ਬਦਲੇ 1700 ਰੁਪਏ ਲਏ ਜਾ ਰਹੇ ਹਨ, ਜਦੋਂ ਕਿ ਡਾਲਰ ਦੀ ਕੀਮਤ ਅਨੁਸਾਰ ਸਿਰਫ਼ 1450 ਰੁਪਏ ਹੀ ਬਣਦੇ ਹਨ।

ਪਾਕਿਸਤਾਨ ਵਾਲੇ ਪਾਸੇ 20 ਡਾਲਰ ਫੀਸ ਲੈਣ ਲਈ ਕੋਈ ਅੰਤਰਰਾਜੀ ਰੇਟ ਨਹੀਂ ਦੱਸਿਆ ਜਾ ਰਿਹਾ ਹੈ, ਉਥੇ ਫਲੈਟ ਵਿੱਚ 1700 ਰੁਪਏ ਹੀ ਲਏ ਜਾ ਰਹੇ ਹਨ ਹਾਲਾਂਕਿ ਜਿਹੜੇ ਸ਼ਰਧਾਲੂ ਪੰਜਾਬ ਤੋਂ ਹੀ ਡਾਲਰ ਲੈ ਕੇ ਆ ਰਹੇ ਸਨ, ਉਨ੍ਹਾਂ ਨੂੰ ਪੰਜਾਬ ‘ਚ 1450 ਰੁਪਏ ਹੀ ਦੇਣੇ ਪੈ ਰਹੇ ਸਨ। ਲਾਂਘੇ ‘ਤੇ ਡਾਲਰ ਦੇਣ ਲਈ ਇੱਕ ਬੈਂਕ ਵੱਲੋਂ ਕਾਊੁਂਟਰ ਖੋਲ੍ਹਿਆ ਤਾਂ ਜਾਣਾ ਹੈ ਪਰ ਅਜੇ ਤੱਕ ਬੈਂਕ ਵੱਲੋਂ ਕੋਈ ਵੀ ਕਾਊੁਂਟਰ ਨਹੀਂ ਖੋਲ੍ਹਿਆ ਗਿਆ ਹੈ।

ਇਸ ਨਾਲ ਹੀ ਲਾਂਘੇ ਰਾਹੀਂ ਕਰਤਾਰਪੁਰ ਜਾਣ ਲਈ ਯਾਤਰੀ ਸਵੇਰੇ 7 ਵਜੇ ਹੀ ਟਰਮੀਨਲ ‘ਤੇ ਪੁੱਜਣ ਲੱਗ ਜਾਂਦੇ ਹਨ ਅਤੇ ਯਾਤਰੀ ਲੰਬਾ ਸਫ਼ਰ ਕਰਦੇ ਹੋਏ ਇਥੇ ਪੁੱਜਣ ਤੋਂ ਬਾਅਦ ਚਾਹ-ਪਾਣੀ ਨੂੰ ਲੱਭਣ ਦੀ ਕੋਸ਼ਿਸ਼ ਤਾਂ ਕਰ ਰਹੇ ਹਨ ਪਰ ਟਰਮੀਨਲ ਨੇੜੇ ਸਵੇਰੇ ਕੋਈ ਵੀ ਇੰਤਜ਼ਾਮ ਦਿਖਾਈ ਨਹੀਂ ਦੇ ਰਿਹਾ ਹੈ। ਹਾਲਾਂਕਿ 10 ਵਜੇ ਤੋਂ ਬਾਅਦ ਮਸ਼ੀਨੀ ਚਾਹ ਦਾ ਇੱਕ ਆਰਜ਼ੀ ਕਾਉੂਂਟਰ ਜ਼ਰੂਰ ਲਗਾਇਆ ਜਾਂਦਾ ਹੈ ਪਰ ਉਸ ਸਮੇਂ ਤੱਕ ਯਾਤਰੀ ਪਾਕਿਸਤਾਨ ਵਾਲੇ ਪਾਸੇ ਜਾ ਚੁੱਕੇ ਹੁੰਦੇ ਹਨ। ਪਾਕਿਸਤਾਨ ਵਾਲੇ ਪਾਸੇ ਇਸ ਤੋਂ ਉਲਟ ਸਵੇਰੇ 7 ਵਜੇ ਹੀ ਚਾਹ-ਪਾਣੀ ਤੋਂ ਲੈ ਕੇ ਨਾਸ਼ਤਾ ਤੱਕ ਕਰਨ ਦੇ ਇੰਤਜ਼ਾਮ ਕਰ ਦਿੱਤੇ ਜਾ ਰਹੇ ਹਨ। ਜਿਥੇ ਕਿ ਚਾਹ-ਕਾਫ਼ੀ ਤੋਂ ਲੈ ਕੇ ਹਰ ਤਰ੍ਹਾਂ ਦਾ ਫਾਸਟਫੂਡ ਮਿਲ ਰਿਹਾ ਹੈ।ਜਿਸ ਲਈ ਕੋਈ ਜਿਆਦਾ ਅਦਾਇਗੀ ਵੀ ਨਹੀਂ ਕਰਨੀ ਪੈ ਰਹੀਂ ਹੈ।

ਫਾਰਮ ਭਰਨ ਲਈ ਨਹੀਂ ਕੋਈ ਕਾਊਂਟਰ, ਫਾਰਮ ਵੀ ਅੰਗਰੇਜ਼ੀ ‘ਚ

ਲਾਂਘੇ ਨੂੰ ਟੱਪਣ ਤੋਂ ਪਹਿਲਾਂ ਭਾਰਤੀ ਇਮੀਗ੍ਰੇਸ਼ਨ ਵਿਭਾਗ ਵਲੋਂ ਪਾਕਿਸਤਾਨ ਵਾਲੇ ਪਾਸੇ ਪੈਸੇ ਅਤੇ ਬੈਗ ਲੈ ਕੇ ਜਾਣ ਲਈ ਇੱਕ ਫਾਰਮ ਭਰਨ ਲਈ ਦਿੱਤਾ ਜਾਂਦਾ ਹੈ, ਜਿਸ ਵਿੱਚ ਨਾਂਅ ਅਤੇ ਪਤੇ ਸਣੇ ਪਾਸਪੋਰਟ ਦੀ ਸਾਰੀ ਜਾਣਕਾਰੀ ਭਰਨੀ ਪੈਂਦੀ ਹੈ। ਇਸ ਨਾਲ ਹੀ ਕਿੰਨੇ ਭਾਰਤੀ ਰੁਪਏ ਅਤੇ ਡਾਲਰ ਤੁਸੀਂ ਪਾਕਿਸਤਾਨ ਲੈ ਕੇ ਜਾ ਰਹੇ ਹਨ ਅਤੇ ਬੈਗ ਬਾਰੇ ਜਾਣਕਾਰੀ ਦੇਣੀ ਪੈਂਦੀ ਹੈ। ਇਹ ਫਾਰਮ ਭਰਨ ਲਈ ਕੋਈ ਵੀ ਕਾਉੂਂਟਰ ਨਹੀਂ ਹੈ ਅਤੇ ਫਾਰਮ ਅੰਗਰੇਜ਼ੀ ਵਿੱਚ ਹੋਣ ਕਾਰਨ ਪਿੰਡਾਂ ਦੇ ਲੋਕਾਂ ਅਤੇ ਖ਼ਾਸ ਕਰਕੇ ਬਜ਼ੁਰਗਾ ਨੂੰ ਜ਼ਿਆਦਾ ਮੁਸ਼ਕਲ ਆ ਰਹੀ ਹੈ। ਟਰਮੀਨਲ ਦੇ ਅੰਦਰ ਕੋਈ ਰਿਸ਼ਤੇਦਾਰ ਨਹੀਂ ਜਾ ਸਕਦਾ ਹੈ, ਜਿਸ ਕਾਰਨ ਪਿੰਡਾਂ ਦੇ ਲੋਕ ਜਾਂ ਫਿਰ ਬਜ਼ੁਰਗ ਆਪਣੇ ਸਕੇ-ਸਬੰਧੀਆਂ ਦੀ ਮਦਦ ਵੀ ਨਹੀਂ ਲੈ ਸਕਦੇ। ਜਿਸ ਕਾਰਨ ਕਰਤਾਰਪੁਰ ਸਾਹਿਬ ਜਾਣ ਵਾਲੇ ਲੋਕ ਹੀ ਇੱਕ ਦੂਜੇ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ।

ਪਾਕਿਸਤਾਨੀ ਕਰੰਸੀ ਨਾ ਲੈਣ ਸ਼ਰਧਾਲੂ, ਨਹੀਂ ਤਾਂ ਹੋਵੇਗਾ ਨੁਕਸਾਨ

ਸ਼ਰਧਾਲੂਆਂ ਵੱਲੋਂ ਪਾਕਿਸਤਾਨੀ ਕਾਰੀਡੋਰ ਤੋਂ ਹੀ ਪਾਕਿਸਤਾਨੀ ਕਰੰਸੀ ਲਈ ਜਾ ਰਹੀ ਹੈ ਤਾਂ ਕਿ ਉਹ ਸਮਾਨ ਦੀ ਖ਼ਰੀਦਦਾਰੀ ਵੀ ਕਰ ਸਕਣ ਪਰ ਇਸ ਨਾਲ ਸ਼ਰਧਾਲੂਆਂ ਨੂੰ ਨੁਕਸਾਨ ਹੋ ਰਿਹਾ ਹੈ, ਕਿਉਂਕਿ 24 ਨਵੰਬਰ ਨੂੰ 1 ਰੁਪਏ 85 ਪੈਸੇ ਦੇ ਹਿਸਾਬ ਨਾਲ ਪਾਕਿਸਤਾਨੀ ਕਰੰਸੀ ਦਿੱਤੀ ਜਾ ਰਹੀ ਸੀ, ਜਦੋਂ ਕਿ ਬਾਕੀ ਬਚਦੀ ਕਰੰਸੀ 2 ਰੁਪਏ 20 ਪੈਸੇ ਅਨੁਸਾਰ ਵਾਪਸ ਕੀਤੇ ਜਾ ਰਹੇ ਸਨ। ਜਿਸ ਨਾਲ ਸ਼ਰਧਾਲੂਆਂ ਨੂੰ ਸਿੱਧੇ ਤੌਰ ‘ਤੇ 100 ਰੁਪਏ ਪਿੱਛੇ 15 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਸ਼ਰਧਾਲੂ ਭਾਰਤੀ ਰੁਪਏ ਨਾਲ ਵੀ ਖ਼ਰੀਦਦਾਰੀ ਕਰ ਸਕਦੇ ਹਨ ਪਰ ਉਥੇ ਦੇ ਦੁਕਾਨਦਾਰਾਂ ਨਾਲ ਤੋਲ-ਮੋਲ ਜ਼ਰੂਰ ਕਰ ਲੈਣ, ਕਿਉਂਕਿ ਸਮਾਨ ਕੁਝ ਮਹਿੰਗਾ ਦਿੱਤਾ ਜਾ ਰਿਹਾ ਹੈ।

ਕਰਤਾਰਪੁਰ ਸਾਹਿਬ ‘ਚ ਸਾਰੇ ਇੰਤਜ਼ਾਮਾਂ ਤੋਂ ਲੈ ਕੇ ਲੰਗਰ ਤੱਕ ਮੁਸਲਮਾਨਾਂ ਦੇ ਹੱਥ ‘ਚ

ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਦੇ ਸਾਰੇ ਇੰਤਜ਼ਾਮ ਮੁਸਲਮਾਨਾਂ ਦੇ ਹੱਥ ਵਿੱਚ ਹੀ ਹਨ। ਸਿਰਫ਼ ਗ੍ਰੰਥੀ ਦੇ ਨਾਲ 2-3 ਸਿੱਖ ਸੇਵਾਦਾਰ ਮੌਜੂਦ ਹਨ। ਜਦੋਂ ਕਿ ਬਾਕੀ ਸਾਰਾ ਇੰਤਜ਼ਾਮ ਮੁਸਲਮਾਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਸਫ਼ਾਈ ਦੇਖਣ ਲਾਇਕ ਹੈ ਤੇ ਲੰਗਰ ਹਾਲ ਦੇ ਪ੍ਰਬੰਧ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ। ਲੰਗਰ ਹਾਲ ਵਿੱਚ ਵੀ ਲੰਗਰ ਛਕਾਉਣ ਵਾਲੇ ਸੇਵਾਦਾਰ ਮੁਸਲਮਾਨ ਹੀ ਹਨ। ਜਿਥੇ ਕਿ ਰੋਜ਼ਾਨਾ ਸਵੇਰੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਲੰਗਰ ਚਲਦਾ ਰਹਿੰਦਾ ਹੈ ਅਤੇ ਲੰਗਰ ਵਿੱਚ ਬਰੀਆਣੀ ਦੇ ਨਾਲ ਛੋਲੇ ਦੀ ਸਬਜ਼ੀ ਅਤੇ ਅਚਾਰ ਨਾਲ ਤੰਦੂਰੀ ਰੋਟੀ ਦਾ ਇੰਤਜ਼ਾਮ ਕੀਤਾ ਹੋਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।