ਜਿਨਸੀ ਸ਼ੋਸ਼ਣ ਵਿਵਾਦ : ਅੰਦੋਲਨਕਾਰੀ ਧਰਨੇ ਦੌਰਾਨ ਪੁਲਿਸ ਨਾਲ ਖਹਿਬੜੇ

protesters

10ਵੇਂ ਦਿਨ ਧਰਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਏ ਬੈਰੀਕੇਡ

ਫਰੀਦਕੋਟ  (ਸੱਚ ਕਹੂੰ ਨਿਊਜ਼) ਜਿਨਸੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਵਿਦਿਆਰਥੀ, ਨੌਜਵਾਨ, ਔਰਤਾਂ, ਮਜ਼ਦੂਰ, ਕਿਸਾਨਾਂ ਸਮੇਤ ਮੁਲਾਜਮ ਜਥੇਬੰਦੀਆਂ ਦੇ ਅੰਦੋਲਨਕਾਰੀਆਂ ਵੱਲੋਂ ਕਾਫ਼ਲੇ ਦੇ ਰੂਪ ‘ਚ ਸਹੀਦ ਭਗਤ ਸਿੰਘ ਪਾਰਕ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ। ਅੰਦੋਲਨਕਾਰੀਆਂ ਨੇ ਪੀੜਤ ਮਹਿਲਾ ਡਾਕਟਰ ਨਾਲ ਜਿਣਸੀ ਸ਼ੋਸ਼ਣ ਕਰਨ ਵਾਲੇ ਡਾਕਟਰ ‘ਤੇ ਪਰਚਾ ਦਰਜ ਕਰਾਉਣ ਲਈ ਡੀ.ਸੀ ਦਫ਼ਤਰ ਨੇੜੇ ਅਣਮਿੱਥੇ ਸਮੇਂ ਲਈ ਲਾਇਆ ਪੱਕਾ ਧਰਨਾ ਜਿੱਥੇ 10ਵੇਂ ਦਿਨ ਵੀ ਜਾਰੀ ਰਿਹਾ ਉੱਥੇ ਹੀ ਪਹਿਲਾ ਤੋਂ ਕੀਤੇ ਐਲਾਨ ਮੁਤਾਬਿਕ ਪ੍ਰਦਰਸ਼ਨਕਾਰੀਆਂ ਵੱਲੋਂ ਜਿਓ ਹੀ ਮਿੰਨੀ ਸਕੱਤਰੇਤ ਵੱਲ ਜਾਣ ਲਈ ਕੂਚ ਕੀਤਾ ਤਾਂ ਪੁਲਿਸ ਨੇ ਬੈਰੀਕੇਡ ਲਾਕੇ ਰਸਤੇ ‘ਚ ਰੋਕ ਲਿਆ ਜਿਸ ਤੋਂ ਬਾਅਦ ਅੰਦੋਲਨਕਾਰੀ ਭੱੜਕ ਉਠੇ ਅਤੇ ਸੜਕ ਵਿਚਕਾਰ ਧਰਨਾ ਲਾ ਕੇ ਜ਼ਿਲ੍ਹਾ ਪ੍ਰਸਾਸਨ ਖਿਲਾਫ ਰੱਜਵੀਂ ਭੜਾਸ ਕੱਢਦਿਆਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਇਸ ਮੌਕੇ ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਗੁਰਪਾਲ ਨੰਗਲ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਮੰਗਾ ਆਜ਼ਾਦ, ਯੂਥ ਫ਼ਾਰ ਸਵਰਾਜ ਦੀ ਅਮਨਦੀਪ ਕੌਰ ਖੀਵਾ, ਇਨਕਲਾਬੀ ਲੋਕ ਮੋਰਚਾ ਦੇ ਪ੍ਰਧਾਨ ਲਾਲ ਸਿੰਘ ਗੋਲੇਵਾਲਾ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਗੁਰਦਿਆਲ ਭੱਟੀ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫ਼ਰੀਦਕੋਟ ਦੀ ਇੱਕ ਮਹਿਲਾ ਡਾਕਟਰ ਨਾਲ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਦਾ ਕੈਰੀਅਰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਡਾਕਟਰਾਂ ਖਿਲਾਫ਼ ਸ਼ਿਕਾਇਤ ਕਰਨ ਦੇ ਬਾਵਜ਼ੂਦ ਕੋਈ ਕਾਰਵਾਈ ਨਹੀਂ ਕੀਤੀ ਗਈ।ਪਿਛਲੇ ਮਹੀਨੇ ਜਦ ਨਿਰੋਲ ਔਰਤਾਂ ਅਤੇ ਵਿਦਿਆਰਥਣਾਂ ਨੇ ਵੀਸੀ ਦਫ਼ਤਰ ਵੱਲ ਮਾਰਚ ਕੀਤਾ ਤਾਂ ਪ੍ਰਸ਼ਾਸ਼ਨ ਵੱਲੋਂ 15 ਨਵੰਬਰ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ 26 ਨਵੰਬਰ ਤੱਕ ਕੋਈ ਕਾਰਵਾਈ ਨਾ ਹੋਣ ‘ਤੇ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਫਰੀਦਕੋਟ ਕਚਹਿਰੀਆਂ ਦੇ ਸਾਹਮਣੇ ਪੱਕੇ ਧਰਨੇ ਦੀ ਸ਼ੁਰੂਆਤ ਕੀਤੀ ਗਈ ਅਤੇ ਮਸਲਾ ਹੱਲ ਨਾ ਹੋਣ ਤੱਕ ਧਰਨੇ ਤੇ ਡੱਟਣ ਦਾ ਐਲਾਨ ਕੀਤਾ ਹੈ।

ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਰਾਜਿੰਦਰ ਢਿੱਲਵਾਂ, ਸੁਖਪ੍ਰੀਤ ਕੌਰ, ਹਰਵੀਰ ਕੌਰ, ਸਾਗਰ ਸਿੰਘ, ਮਨਦੀਪ ਕੌਰ, ਸੁਖਪ੍ਰੀਤ  ਮੌੜ,  ਧਰਮਿੰਦਰ ਸਿੰਘ ਧਾਲੀਵਾਲ, ਸਦੀਕ ਮੁਹੰਮਦ, ਰਾਜਵਿੰਦਰ ਸਿੰਘ, ਧੀਰਜ,ਗੁਰਜੀਤ ਸਿੰਘ ਆਦਿ ਨੇ ਕਿਹਾ ਕਿ ਜਿਨਸੀ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ ਵਿੱਚ ਮਹਿਲਾ ਡਾਕਟਰ ਨਾਲ ਛੇੜਛਾੜ ਕਰਨ ਵਾਲੇ ਡਾਕਟਰ ਤੇ ਪਰਚਾ ਦਰਜ ਕਰਾਉਣ ਅਤੇ ਪੀੜਿਤ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ

ਪੁਲਿਸ ਜਾਣਬੁੱਝ ਕੇ ਬੈਰੀਕਾਡ ਲਗਾ ਕੇ ਮਹੌਲ ਤਣਾਵ ਪੂਰਨ ਕਰਨ ਤੇ ਤੁਲੀ ਹੋਈ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਪੀੜਤ ਮਹਿਲਾ ਡਾਕਟਰ ਦੇ ਹੱਕ ‘ਚ ਕਿਸਾਨ, ਮਜਦੂਰ, ਮੁਲਾਜਮ, ਵਿਦਿਆਰਥੀ ਵਰਗ ਨਾਲ ਸਬੰਧਤ ਅੰਦੋਲਨਕਾਰੀਆਂ ਵੱਲੋਂ ਬਣਾਈ ਗਈ ਜਬਰ ਵਿਰੋਧੀ ਐਕਸਨ ਕਮੇਟੀ ਵੱਲੋਂ ਛੇੜਛਾੜ ਕਰਨ ਵਾਲੇ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਵਿੱਢਿਆ ਸੰਘਰਸ਼ ਜਿਓ ਦਾ ਤਿਓ ਜਾਰੀ ਹੈ।

200 ਤੋਂ ਵੱਧ ਪੁਲਿਸ ਬਲ ਰਿਹਾ ਤਾਇਨਾਤ :

ਪ੍ਰਦਰਸ਼ਨਕਾਰੀਆਂ ਨੂੰ ਮਿੰਨੀ ਸਕੱਤਰੇਤ ਦੇ ਅੰਦਰ ਦਾਖਲ ਹੋਣ ਤੋਂ ਰੋਕਣ ਲਈ 200 ਤੋਂ ਵੱਧ ਪੁਲਿਸ ਬਲ ਤਾਇਨਾਤ ਕੀਤੇ ਜਾਣ ਕਰਕੇ ਇਕ ਸਮੇਂ ਤਾਂ ਮਹੌਲ ਗਰਮਾ ਗਿਆ ਸੀ ਪਰ ਅੰਦੋਲਨਕਾਰੀਆਂ ਦੀ ਸੂਝਬੂਝ ਕਰਕੇ ਮਾਮਲਾ ਸ਼ਾਂਤ ਹੋ ਗਿਆ। ਪੁਲਿਸ ਪ੍ਰਸਾਸਨ ਵੱਲੋਂ ਸੰਘਰਸ਼ਸੀਲ ਲੋਕਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾ ਵਾਲੀ ਗੱਡੀ ਸਮੇਤ ਅੱਥਰੂ ਗੈਸ ਨਾਲ ਰੋਕਣ ਦੀ ਫੁੱਲ ਤਿਆਰੀ ਕੀਤੀ ਗਈ ਸੀ ਪਰ ਬਾਅਦ ਅੰਦੋਲਨਕਾਰੀ ਸਾਤਮਈ ਧਰਨੇ ਤੇ ਡੱਟੇ ਰਹੇ। ਰੋਸ ਮਾਰਚ ਦੌਰਾਨ ਸਿਵਲ ਹਸਪਤਾਲ ਦੇ ਕੋਲ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਗਿਆ ਸੀ ਪਰ ਪ੍ਰਦਰਸ਼ਨਕਾਰੀਆਂ ਅੱਗੇ ਵੱਧਦੇ ਰਹੇ ਅਤੇ ਮਿੰਨੀ ਸਕੱਤਰੇਤ ਦੇ ਗੇਟ ਕੋਲ ਜਾ ਕੇ ਪੁਲਿਸ ਅਤੇ ਪ੍ਰਦਰਸ਼ਨਕਾਰੀ ਖਹਿਬੜ ਗਏ, ਪਰ ਆਗੂਆਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।