ਆਪਣੀ ਧੀ-ਭੈਣ

ਜਦ ਵੀ ਕਦੇ ਵੱਡੇ ਭਰਾਵਾਂ ਵਿੱਚੋਂ ਕਿਸੇ ਨੇ ਚਾਚੇ-ਤਾਏ ਦੀ ਕੁੜੀ ਨੂੰ ਗਲੀ ਵਿੱਚ ਘਰ ਦੇ ਬਾਹਰ ਖੜ੍ਹੀ ਵੇਖ ਲੈਣਾ ਤਾਂ ਘੂਰ ਕੇ ਅੰਦਰ ਜਾਣ ਲਈ ਆਖ ਦੇਣਾ। ਕਦੇ-ਕਦੇ ਗਲੀ ਵਿੱਚ ਕਿਸੇ ਦੇ ਘਰੋਂ ਆਉਣ-ਜਾਣ ਤੋਂ ਵੀ ਰੋਕ ਦਿੰਦੇ ਤਾਂ ਉਹ ਪਤਾ ਨਹੀਂ ਆਪਣੀ ਮਾਂ ਨੂੰ ਕੀ ਕਹਿੰਦੀਆਂ ਕਿ ਸ਼ਾਮ ਨੂੰ ਚਾਚੀ ਜਾਂ ਤਾਈ ’ਚੋਂ ਕੋਈ ਨਾ ਕੋਈ ਸਾਡੇ ਘਰ ਉਲਾਂਭਾ ਲੈ ਕੇ ਆ ਹੀ ਜਾਂਦੀ।

ਬੀਬੀ ਨੂੰ ਉਨ੍ਹਾਂ ਦੀਆਂ ਅਨੇਕਾਂ ਗੱਲਾਂ ਸੁਣਨੀਆਂ ਪੈਂਦੀਆਂ। ਉਹ ਅਕਸਰ ਜਾਣ ਲੱਗੀਆਂ ਕਹਿੰਦੀਆਂ, ‘‘ਵੇਖ ਬਲਵੀਰੋ! ਤੇਰੇ ਮੁੰਡਿਆਂ ਦਾ ਕੀ ਮਤਲਬ ਬਣਦਾ ਸਾਡੀਆਂ ਕੁੜੀਆਂ ਨੂੰ ਝਿੜਕਣ ਦਾ, ਜੇ ਤੇਰੇ ਧੀ ਹੁੰਦੀ ਤਾਂ ਫਿਰ ਪਤਾ ਲੱਗਦਾ।’’ ਉਨ੍ਹਾਂ ਦੇ ਇਹ ਤਾਅਨੇ-ਮਿਹਣੇ ਮਾਂ ਦਾ ਸੀਨਾ ਚੀਰ ਦਿੰਦੇ ਤੇ ਨਾਲ ਮੇਰਾ ਵੀ। ਮੈਨੂੰ ਅਹਿਸਾਸ ਹੋ ਗਿਆ ਸੀ ਕਿ ਘਰ ਵਿੱਚ ਧੀ ਤੇ ਭੈਣ ਦਾ ਹੋਣਾ ਬਹੁਤ ਜ਼ਰੂਰੀ ਹੈ।

ਜਦੋਂ ਪਾਪਾ ਦੇ ਵੀ ਅਸੀਂ ਆਖੇ ਨਾ ਲੱਗਣਾ ਤਾਂ ਉਨ੍ਹਾਂ ਵੀ ਗੁੱਸੇ ਵਿੱਚ ਕਹਿਣਾ, ‘‘ਚੰਗਾ ਸੀ ਥੋਡੀ ਥਾਂ ਦੋ ਕੁੜੀਆਂ ਜੰਮ ਪੈਂਦੀਆਂ, ਇੰਨੀ ਸਿਰਦਰਦੀ ਤਾਂ ਨਾ ਹੁੰਦੀ, ਦਾਜ ਇਕੱਠਾ ਕਰਕੇ ਵਿਆਹ ਕੇ ਤੋਰ ਦਿੰਦਾ।’’ ਪਾਪਾ ਦੀ ਗੱਲ ਸੁਣ ਅਸੀਂ ਹੱਸ ਪੈਣਾ। ਪਰ ਅੰਦਰੋਂ ਮੈਂ ਉਦਾਸ ਹੋ ਜਾਣਾ ਤੇ ਸੋਚਣਾ, ਕਾਸ਼! ਸਾਡੇ ਵੀ ਇੱਕ ਭੈਣ ਹੁੰਦੀ।

ਜਦ ਵੀ ਕਦੇ ਬੀਬੀ ਨੂੰ ਪੁੱਛਣਾ ਕਿ ਸਾਡੇ ਭੈਣ ਕਿਉਂ ਨਹੀਂ ਤਾਂ ਉਹਨੇ ਦੱਸਣਾ, ‘‘ਤੁਸੀਂ ਛੇ ਭਰਾ ਸੀ ਪਰ ਦੋ ਪੂਰੇ ਹੋ ਗਏ। ਸਾਰੇ ਤੇਰੇ ਤੋਂ ਵੱਡੇ ਸੀ ਪਰ ਭੈਣ ਕੋਈ ਨਹੀਂ ਸੀ।’’ ਸ਼ਾਇਦ ਮੈਂ ਸਭ ਤੋਂ ਛੋਟਾ ਹੋਣ ਕਰਕੇ ਵੀ ਮੇਰੇ ਅੰਦਰ ਭੈਣ ਲਈ ਜ਼ਿਆਦਾ ਤੜਫ ਸੀ ਕਿਉਂਕਿ ਰੱਖੜੀ ਵਾਲੇ ਦਿਨ ਸਕੂਲ ਦੇ ਸਾਰੇ ਜਵਾਕਾਂ ਨੇ ਆਪਣੀ ਵਰਦੀ ਦੀਆਂ ਬਾਹਾਂ ’ਤਾਂਹ ਚੜ੍ਹਾ ਗੁੱਟ ’ਤੇ ਬੰਨ੍ਹੀਆਂ ਰੱਖੜੀਆਂ ਦਿਖਾਉਣੀਆਂ ਪਰ ਮੈਂ ਜ਼ਿਆਦਾ ਵਾਰ ਬਾਹਾਂ ਨੂੰ ਹੇਠਾਂ ਕਰਕੇ ਬਟਨ ਲਾ ਲੈਣੇ। ਭੂਆ ਹੋਰਾਂ ਨੇ ਪਾਪੇ ਦੇ ਰੱਖੜੀ ਬੰਨ੍ਹਣ ਆਉਣਾ ਤਾਂ ਸਾਡੇ ਲਈ ਵੀ ਰੱਖੜੀ ਲੈ ਕੇ ਆਉਣੀ। ਜਿਸ ਵਾਰ ਭੂਆ ਜਾਂ ਚਾਚੇ-ਤਾਏ ਦੀਆਂ ਕੁੜੀਆਂ ਨੇ ਰੱਖੜੀ ਬੰਨ੍ਹ ਦੇਣੀ ਤਾਂ ਦਿਲ ਵਿੱਚ ਖੁਸ਼ੀ ਦੀਆਂ ਲਹਿਰਾਂ ਉੱਠ ਖੜ੍ਹਣੀਆਂ। ਪਰ ਇਹ ਖੁਸ਼ੀ ਹਰ ਵਾਰ ਨਹੀਂ ਮਿਲਦੀ ਸੀ।

ਮੈਂ ਨੌਵੀਂ ਜਾਂ ਦੱਸਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਵੱਡੀ ਭਾਬੀ ਨੇ ਮੁੰਡੇ ਮਗਰੋਂ ਪਰੀਆਂ ਵਰਗੀ ਧੀ ਨੂੰ ਜਨਮ ਦਿੱਤਾ। ਜਿਸ ਦਾ ਨਾਂਅ ਅਸੀਂ ਸਨੇਹਪ੍ਰੀਤ ਰੱਖਿਆ। ਸਨੇਹਪ੍ਰੀਤ ਦੇ ਆਉਣ ਨਾਲ ਸਾਰਾ ਪਰਿਵਾਰ ਇਸ ਤਰ੍ਹਾਂ ਖੁਸ਼ ਸੀ ਜਿਵੇਂ ਕੋਹਿਨੂਰ ਦਾ ਹੀਰਾ ਮਿਲ ਗਿਆ ਹੋਵੇ। ਮੇਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਹੀਂ ਸੀ ਮੈਨੂੰ ਲੱਗਾ ਜਿਵੇਂ ਮੈਨੂੰ ਭਤੀਜੀ ਨਹੀਂ ਭੈਣ ਮਿਲ ਗਈ ਹੈ। ਸਨੇਹ ਨੂੰ ਅਸੀਂ ਸੁੱਖਾਂ ਸੁੱਖ-ਸੁੱਖ ਮਸਾਂ ਹੀ ਲਿਆ ਸੀ ਸ਼ਾਇਦ ਏਸੇ ਲਈ ਸਾਡਾ ਸਾਰਾ ਟੱਬਰ ਉਹਨੂੰ ਬਹੁਤ ਜ਼ਿਆਦਾ ਪਿਆਰ ਤੇ ਲਾਡ ਕਰਦਾ।

ਮੈਨੂੰ ਆਸ ਸੀ ਕਿ ਅੱਜ ਫਿਰ ਮੇਰੇ ਚਿਹਰੇ ’ਤੇ ਉਹੀ ਖੁਸ਼ੀ ਵੇਖਣ ਨੂੰ ਮਿਲੇਗੀ ਜੋ ਸਨੇਹਪ੍ਰੀਤ ਦੇ ਜਨਮ ਸਮੇਂ ਸੀ ਕਿਉਂਕਿ ਅੱਜ ਮੇਰੀ ਪਤਨੀ ਮਨਪ੍ਰੀਤ ਕੌਰ ਦੀ ਡਿਲਿਵਰੀ ਸੀ। ਅਸੀਂ ਆਏ ਤਾਂ ਹਸਪਤਾਲ ਵਿੱਚ ਆਸ਼ਾ ਵਰਕਰ ਨਾਲ ਚੈੱਕਅਪ ਕਰਵਾਉਣ ਸੀ ਪਰ ਡਾਕਟਰ ਨੇ ਅੱਜ ਹੀ ਡਿਲਿਵਰੀ ਕਰਨ ਬਾਰੇ ਆਖ ਦਿੱਤਾ। ਮੈਂ ਆਸ਼ਾ ਵਰਕਰ ਤੇ ਮਨਪ੍ਰੀਤ ਨੂੰ ਹਸਪਤਾਲ ਛੱਡ ਖੁਸ਼ੀ-ਖੁਸ਼ੀ ਘਰੋਂ ਕੱਪੜੇ ਤੇ ਵੱਡੀ ਭਾਬੀ ਨੂੰ ਨਾਲ ਲੈ ਆਇਆ। ਆਪਣੇ ਸਹੁਰੇ ਘਰ ਫੋਨ ਕਰਕੇ ਦੱਸਿਆ ਤਾਂ ਕੁੱਝ ਸਮੇਂ ਬਾਅਦ ਮੇਰੀ ਮੰਮੀ (ਸੱਸ) ਵੀ ਹਸਪਤਾਲ ਆ ਗਏ। ਮੈਡੀਕਲ ਤੋਂ ਕੁੱਝ ਦਵਾਈਆਂ ਲਿਆ ਨਰਸ ਨੂੰ ਦੇ ਦਿੱਤੀਆਂ ਤੇ ਮੈਂ ਗੱਡੀ ਵਿੱਚ ਬੈਠ ਗਿਆ।

ਮੇਰੇ ਦਿਮਾਗ ’ਤੇ ਜਿੱਥੇ ਟੈਨਸ਼ਨ ਸੀ, ਉੱਥੇ ਹੀ ਡਰ ਤੇ ਫ਼ਿਕਰ ਵੀ ਸੀ। ਕਈ ਕੁੱਝ ਮਨ ਅੰਦਰ ਚੱਲ ਰਿਹਾ ਸੀ ਇਨ੍ਹਾਂ ਹੀ ਸੋਚਾਂ ਵਿੱਚ ਡੁੱਬੇ ਨੂੰ ਕਦ ਨੀਂਦ ਆ ਗਈ ਪਤਾ ਹੀ ਨਾ ਲੱਗਾ। ਕੁੱਝ ਚਿਰ ਬਾਅਦ ਗੱਡੀ ਦਾ ਸ਼ੀਸ਼ਾ ਖੜਕਿਆ ਤੇ ਜਦ ਮੈਂ ਉੱਠ ਕੇ ਵੇਖਿਆ ਤਾਂ ਬਾਹਰ ਮੰਮੀ ਤੇ ਨਰਸ, ਜੋ ਮੇਰੇ ਪਿੰਡ ਤੋਂ ਹੀ ਸੀ, ਖੜ੍ਹੇ ਸਨ। ਅੱਖਾਂ ਮਲਦਾ ਮੈਂ ਗੱਡੀ ’ਚੋਂ ਬਾਹਰ ਨਿੱਕਲਿਆ ਤਾਂ ਨਰਸ ਭੈਣ ਨੇ ਮੈਨੂੰ ਵਧਾਈਆਂ ਦਿੱਤੀਆਂ। ਮੈਂ ਮਨਪ੍ਰੀਤ ਤੇ ਬੱਚੇ ਬਾਰੇ ਪੁੱਛਿਆ ਤਾਂ ਮੰਮੀ ਨੇ ਵੀ ਵਧਾਈਆਂ ਦਿੰਦੇ ਹੋਏ ਦੋਹਾਂ ਦੇ ਤੰਦਰੁਸਤ ਹੋਣ ਬਾਰੇ ਦੱਸਿਆ। ਮੈਂ ਹੌਲੀ ਦੇਣੇ ਮੰਮੀ ਨੂੰ ਕਿਹਾ, ‘‘ਕੀ ਹੋਇਆ?’’ ਤਾਂ ਮੰਮੀ ਦੇ ਬੋਲਣ ਤੋਂ ਪਹਿਲਾਂ ਹੀ ਨਰਸ ਭੈਣ ਨੇ ਗੱਡੀ ਵਿੱਚ ਪਏ ਮਠਿਆਈ ਦੇ ਡੱਬੇ ਨੂੰ ਵੇਖ ਕਿਹਾ, ‘‘ਸਾਡਾ ਵੀਰਾ ਤਾਂ ਪੂਰਾ ਜਾਣੀ ਜਾਣ ਏ, ਪਹਿਲਾਂ ਹੀ ਲੱਡੂ ਲਿਆ ਕੇ ਰੱਖੀ ਬੈਠਾ।’’

‘‘ਲੱਡੂ ਨਹੀਂ ਭੈਣੇ ਬਰਫ਼ੀ ਆ, ਉਹ ਵੀ ਖੋਏ ਵਾਲੀ ਪਰ ਦੱਸੋ ਤਾਂ ਸਹੀ ਜਵਾਕ ਕੀ ਹੋਇਆ?’’ ਮੰਮੀ ਨੇ ਖੁਸ਼ ਹੋ ਕੇ ਕਿਹਾ, ‘‘ਮੁੰਡਾ।’’ ‘‘ਕੀ.. ਮੁੰਡਾ?’’ ਮੇਰੇ ਮੂੰਹੋਂ ਨਿੱਕਲਿਆ। ‘‘ਵੀਰੇ ਤੂੰ ਤਾਂ ਇੰਝ ਪੁੱਛਿਆ ਜਿਵੇਂ ਕੁੜੀ ਹੋਈ ਹੋਵੇ।’’ ‘‘ਭੈਣੇ ਮੈਨੂੰ ਤਾਂ ਇਹੀ ਆਸ ਸੀ ਕਿ ਕੁੜੀ ਹੋਵੇਗੀ, ਏਸੇ ਲਈ ਤਾਂ ਬਰਫ਼ੀ ਲੈ ਕੇ ਆਇਆ ਸੀ।’’ ‘‘ਲੈ ਦੱਸ ਪਾਗਲ ਨਾ ਹੋਵੇ ਤਾਂ, ਲੋਕੀ ਤਾਂ ਪੁੱਤ ਲੈਣ ਮਾਰੇ ਕੀ ਕੁੱਝ ਨਹੀਂ ਕਰਦੇ ਤੇ ਤੂੰ ਕਹਿਣਾ ਕੁੜੀ ਹੁੰਦੀ ਤਾਂ ਵਧੀਆ ਸੀ। ਸ਼ੁਕਰ ਕਰ ਰੱਬ ਦਾ ਜਿਸ ਨੇ ਪਹਿਲੀਆਂ ਵਿੱਚ ਹੀ ਤੇਰੀ ਝੋਲੀ ਪੁੱਤ ਦੇ ਦਿੱਤਾ!’’ ਇੰਨਾ ਆਖ ਨਰਸ ਭੈਣ ਬਰਫ਼ੀ ਖਾਂਦੀ ਹੋਈ ਕਮਰੇ ਵਿੱਚ ਚੱਲੀ ਗਈ।

ਮੈਂ ਖੁਸ਼ ਤਾਂ ਬਹੁਤ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਮਨ ਵਿੱਚ ਇੱਕ ਬੇਚੈਨੀ ਜਿਹੀ ਮਹਿਸੂਸ ਹੋ ਰਹੀ ਸੀ। ਮੇਰਾ ਦਿਲ ਕਰਦਾ ਸੀ ਨਰਸ ਭੈਣ ਨੂੰ ਦੱਸਾਂ ਕਿ ਜਿਸ ਨੇ ਬਚਪਨ ਵਿੱਚ ਧੀ ਨਾ ਹੋਣ ਕਰਕੇ ਆਪਣੀ ਬੀਬੀ ਨੂੰ ਦਰਾਣੀਆਂ-ਜਠਾਣੀਆਂ ਦੇ ਤਾਅਨੇ-ਮਿਹਣੇ ਸੁਣ ਦੁਖੀ ਹੁੰਦੇ ਵੇਖਿਆ ਹੋਵੇ ਤੇ ਜੋ ਬਚਪਨ ਵਿੱਚ ਰੱਖੜੀ ਤੋਂ ਪਹਿਲਾਂ ਹੀ ਉਦਾਸ ਹੋ ਭੈਣ ਲਈ ਰੋਂਦਾ ਰਿਹਾ ਹੋਵੇ ਉਹ ਪਿਉ ਧੀ ਲਈ ਪਾਗਲ ਹੀ ਹੋ ਸਕਦਾ ਹੈ। ਕਾਲਜ ਵਿੱਚ ਭਾਵੇਂ ਅਨੇਕਾਂ ਕੁੜੀਆਂ ਮੇਰੀਆਂ ਭੈਣਾਂ ਬਣੀਆਂ ਤੇ ਇੱਕ-ਦੋ ਸਾਲ ਰੱਖੜੀ ਵੀ ਬੰਨ੍ਹਦੀਆਂ ਰਹੀਆਂ ਪਰ ਕਾਲਜ ਤੋਂ ਬਾਅਦ ਕਦੇ ਕਿਸੇ ਨੇ ਆਪਣੇ ਵੀਰ ਨੂੰ ਯਾਦ ਨਹੀਂ ਕੀਤਾ। ਉਨ੍ਹਾਂ ਦਾ ਰਿਸ਼ਤਾ ਕਾਲਜ ਤੋਂ ਸ਼ੁਰੂ ਹੋ ਕੇ ਕਾਲਜ ਵਿੱਚ ਹੀ ਖਤਮ ਹੋ ਗਿਆ।

ਮੈਂ ਆਪਣੇ ਚਾਚੇ ਦੀ ਕੁੜੀ ਸੋਨੂ ਤੇ ਸਨੇਹਪ੍ਰੀਤ ਨੂੰ ਧੀ, ਭੈਣ ਤੇ ਪੁੱਤ ਵਾਂਗ ਪਿਆਰ ਕਰਦਾ ਹਾਂ। ਸਨੇਹ ਘਰ ਵਿੱਚ ਮੇਰੀ ਸਭ ਤੋਂ ਵੱਧ ਲਾਡਲੀ ਵੀ ਹੈ ਤੇ ਸੋਨੂੰ ਨਾਲ ਮੇਰੀ ਸਭ ਤੋਂ ਵੱਧ ਬਣਦੀ ਹੈ ਪਰ ਅੱਜ ਸਨੇਹ ਨੂੰ ਝਿੜਕਣ ਤੇ ਘੂਰਨ ਤੋਂ ਪਹਿਲਾਂ ਮੈਂ ਡਰ ਜਾਂਦਾ ਹਾਂ ਤੇ ਤਾਈ-ਚਾਚੀ ਦੇ ਤਾਅਨੇ ਮੇਰੇ ਕੰਨਾਂ ਵਿੱਚ ਗੂੰਜਣ ਲੱਗਦੇ ਹਨ। ਮਨਪ੍ਰੀਤ ਅਕਸਰ ਇਸ ਗੱਲ ਦਾ ਮੇਰੇ ਕੋਲ ਇਤਰਾਜ਼ ਕਰਦੀ ਹੈ ਕਿ ਅੱਜ ਮੈਂ ਸਨੇਹਪ੍ਰੀਤ ਨੂੰ ਝਿੜਕ ਦਿੱਤਾ ਜਾਂ ਉਹਨੂੰ ਨਾਲ ਲੈ ਕੇ ਬਾਜ਼ਾਰ ਚਲੀ ਗਈ ਤਾਂ ਉਹਦੇ ਮੰਮੀ-ਡੈਡੀ ਤੇ ਵੱਡੇ ਭਰਾ ਦੀਆਂ ਗੱਲਾਂ ਸੁਣਨੀਆਂ ਪਈਆਂ। ਉਹ ਉਦਾਸ ਹੋ ਪੁੱਛਦੀ, ‘‘ਕੀ ਸਨੇਹਪ੍ਰੀਤ ਆਪਣੀ ਕੁੱਝ ਨਹੀਂ ਲੱਗਦੀ? ਕੀ ਉਹ ਆਪਣੀ ਧੀ ਨਹੀਂ ਹੈ? ਜੇ ਉਹ ਆਪਣੀ ਧੀ ਹੁੰਦੀ ਤਾਂ ਮੈਨੂੰ ਇੰਨਾ ਕੁੱਝ ਨਾ ਸੁਣਨਾ ਪੈਂਦਾ।’’

ਮੈਂ ਉਹਦੀ ਗੱਲ ਸੁਣ ਕੁੱਝ ਨਾ ਕਹਿਣਾ ਸਗੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਕਿ ਤੂੰ ਇਵੇਂ ਭਾਬੀ ਤੇ ਬਾਈ ਹੋਰਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਪਰ ਮਨਪ੍ਰੀਤ ਦੀਆਂ ਗੱਲਾਂ ਸੁਣ ਮੈਂ ਬਚਪਨ ਵਾਂਗ ਦੁਖੀ ਹੋ ਜਾਂਦਾ ਹਾਂ ਤੇ ਜੀਅ ਕਰਦਾ ਹੈ ਉਸਨੂੰ ਦੱਸਾਂ ਕਿ ਅਸੀਂ ਆਪਣੇ ਭੈਣ-ਭਰਾ ਤੇ ਚਾਚੇ-ਤਾਏ ਦੀ ਕੁੜੀ ਨੂੰ ਜਿੰਨਾ ਜ਼ਿਆਦਾ ਮਰਜ਼ੀ ਪਿਆਰ, ਲਾਡ ਕਰੀਏ ਪਰ ਕਦੇ ਵੀ ਉਨ੍ਹਾਂ ਨੂੰ ਉਹ ਝਿੜਕ ਜਾਂ ਘੂਰ ਨਹੀਂ ਦੇ ਸਕਦੇ ਜੋ ਸਿਰਫ ਇੱਕ ਮਾਂ-ਬਾਪ ਆਪਣੀ ਸਕੀ ਧੀ ਤੇ ਇੱਕ ਭਰਾ ਆਪਣੀ ਸਕੀ ਭੈਣ ਨੂੰ ਦੇ ਸਕਦਾ ਹੈ। ਮੈਨੂੰ ਤਾਂ ਉਨ੍ਹਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਜੋ ਕਹਿੰਦੇ ਨੇ ਧੀਆਂ ਦਾ ਦੁੱਖ ਸਿਰਫ਼ ਧੀਆਂ ਵਾਲੇ ਹੀ ਜਾਣ ਸਕਦੇ ਨੇ, ਪਰ ਜਿਨ੍ਹਾਂ ਦੇ ਧੀ ਨਹੀਂ ਹੁੰਦੀ ਉਹਨਾਂ ਦਾ ਦੁੱਖ ਸ਼ਾਇਦ ਕੋਈ ਵੀ ਨਹੀਂ ਜਾਣ ਸਕਦਾ। ਮੈਨੂੰ ਤਾਂ ਧੀ ਤੇ ਭੈਣ ਵਾਲਾ ਘਰ ਸਵਰਗ ਵਾਂਗ ਲੱਗਦਾ ਹੈ ਪਰ ਸਾਡੇ ਲੋਕ ਰੂੜੀਵਾਦੀ ਵਿਚਾਰਾਂ ਵਿੱਚ ਇਸ ਤਰ੍ਹਾਂ ਫਸੇ ਹਨ ਕਿ ਉਹ ਅੱਜ ਵੀ ਕੁੜੀਆਂ ਨੂੰ ਪਰਾਇਆ ਧਨ, ਬੋਝ ਤੇ ਦੁੱਖ ਸਮਝਦੇ ਹਨ।