ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ

Humanity, Revenue, Guru Nanak Dev ji

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ

ਜਿਸ ਸਮੇਂ ਸੰਸਾਰ ਅੰਦਰ ਨਿਹੱਥਿਆਂ, ਨਿਰਦੋਸ਼ਾਂ, ਦੱਬੇ-ਕੁਚਲੇ ਬੇਗੁਨਾਹ ਲੋਕਾਂ ’ਤੇ ਮੌਕੇ ਦੇ ਹਾਕਮਾਂ ਦੀ ਜ਼ੁਲਮ ਕਰਨ ਦੀ ਹੱਦ ਪਾਰ ਕਰ ਜਾਂਦੀ ਹੈ, ਤਾਂ ਉਸ ਸਮੇਂ ਸੰਸਾਰ ਵਿਚ ਦੁਨੀਆਂ ਦੇ ਸਿਰਜਣਹਾਰ ਅਕਾਲਪੁਰਖ ਇਨਸਾਨੀ ਜਾਮੇ ਅੰਦਰ ਪੂਰਨ ਸੰਤ-ਮਹਾਤਮਾ ਦੇ ਰੁੂਪ ਵਿਚ ਅਵਤਾਰ ਧਾਰਦੇ ਹਨ। ਸੰਤ ਮਹਾਤਮਾ ਦਾ ਮੁੱਖ ਮਕਸਦ ਇਸ ਜਗਤ ਵਿਚ ਰਹਿ ਰਹੇ ਹਰ ਜੀਵ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਦਾ ਹੀ ਹੁੰਦਾ। ਜਿਸ ਨਾਲ ਸਾਰੇ ਸੰਸਾਰ ਅੰਦਰ ਬੇਗੁਨਾਹਾਂ ਤੇ ਨਿਹੱਥਿਆ ’ਤੇ ਹੁੰਦੇ ਜ਼ੁਲਮਾਂ ਦਾ ਅੰਤ ਹੋਵੇ, ਸਾਰੇ ਸੰਸਾਰ ਦੇ ਲੋਕ ਆਪਸੀ ਪ੍ਰੇਮ-ਪਿਆਰ ਨਾਲ ਸ਼ਾਂਤੀਪੂਰਵਕ ਆਪਣਾ ਜੀਵਨ ਬਤੀਤ ਕਰਨ।

ਸੰਨ 1469 ਈਸਵੀ ਤੋਂ ਪਹਿਲਾਂ ਅਤੇ ਉਸ ਸਮੇਂ ਵੀ ਹਿੰਦੁਸਤਾਨ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਹੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਨ੍ਹਾਂ ਦੇ ਵਜੀਰ ਜਨਤਾ ਨੂੰ ਖਤਰਨਾਕ ਰੂਪ ਧਾਰਕੇ ਨੋਚ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਫੋਕੇ ਕਰਮਕਾਂਡਾਂ ਦਾ ਬੋਲਬਾਲਾ ਸੀ। ਊਚ-ਨੀਚ ਤੇ ਛੂਤ-ਛਾਤ ਦਾ ਜ਼ਹਿਰ ਬੁਰੀ ਤਰ੍ਹਾਂ ਸਮਾਜ ਵਿਚ ਫੈਲਿਆ ਹੋਇਆ ਸੀ। ਇਸ ਅਵਸਥਾ ਦਾ ਜਿਕਰ ਕਰਦਿਆਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਿਆ ਸੀ, ‘‘ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰ ਉਡਰਿਆ ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ’’ ਸੰਸਾਰ ਦੀ ਅਜਿਹੀ ਤਰਸਯੋਗ ਹਾਲਤ ਨੂੰ ਦੇਖ ਕੇ ਦੁਨੀਆਂ ਦੀ ਰਚਨਾ ਕਰਨ ਵਾਲੇ ਅਕਾਲਪੁਰਖ ਨੇ ਸੰਨ 1469 ਦੇਸੀ ਮਹੀਨਾ ਕੱਤਕ ਦੀ ਪੁੰਨਿਆ ’ਤੇ ਸ੍ਰੀ ਗੁਰੂ ਨਾਨਕ ਜੀ ਦਾ ਰੂਪ ਧਾਰ ਕੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਅਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ, ਪਾਕਿਤਸਾਨ) ਵਿਖੇ ਅਵਤਾਰ ਧਾਰਿਆ।

ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬੁਹਤ ਵਿਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਉਨ੍ਹਾਂ ਵਿਚ ਬੱਚਿਆਂ ਵਾਲੀਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ। ਸਗੋਂ ਉਨ੍ਹਾਂ ਨੇ ਉਸ ਅਕਾਲਪੁਰਖ ਦੀ ਪ੍ਰਾਪਤੀ ਦੀਆਂ ਕਈ ਖੇਡਾਂ ਖੇਡੀਆਂ ਤੇ ਆਪਣੇ ਸਾਥੀ ਬੱਚਿਆਂ ਨੂੰ ਵੀ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਘਰੋਂ ਕੱਪੜਾ ਤੇ ਅਨਾਜ ਲਿਆ ਕੇ ਲੋੜਵੰਦ ਗਰੀਬ ਲੋਕਾਂ ਵਿਚ ਵੰਡ ਦਿੰਦੇ ਸਨ। ਜਦੋਂ ਗੁਰੂ ਸਾਹਿਬ 7 ਸਾਲ ਦੇ ਹੋਏ ਤਾਂ ਆਪ ਨੂੰ ਹਿੰਦੀ ਪੜ੍ਹਨ ਲਈ ਗੋਪਾਲ ਪੰਡਿਤ ਅਤੇ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਭੇਜਿਆ ਗਿਆ।

ਉਹ ਅਕਸਰ ਆਪਣੇ ਉਸਤਾਦ ਨਾਲ ਪਰਮਾਤਮਾ ਦੀ ਪ੍ਰਾਪਤੀ ਲਈ ਡੂੰਘੀਆਂ ਵਿਚਾਰਾਂ ਕਰਦੇ ਸਨ। ਫਾਰਸੀ ਪੜ੍ਹਨ ਲਈ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਜਾਂ ਰੁਕਮਦੀਨ ਪਾਸ ਭੇਜਿਆ ਗਿਆ। ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਨੇ ਆਪਣੇ ਅਧਿਆਤਮਕ ਗਿਆਨ ਤੇ ਝੁਕਾਅ ਨਾਲ ਬਹੁਤ ਹੀ ਪ੍ਰਭਾਵਿਤ ਕੀਤਾ। ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਪੁਰਾਣੀ ਰੀਤ ਅਨੁਸਾਰ ਉਨ੍ਹਾਂ ਦੇ ਮਾਤਾ-ਪਿਤਾ ਨੇ ਪੰਡਿਤ ਹਰਦਿਆਲ ਨੂੰ ਘਰੇ ਬੁਲਾ ਕੇ ਗੁਰੂ ਜੀ ਨੂੰ ਜਨੇਊ ਪਾਉਣਾ ਚਾਹਿਆ, ਤਾਂ ਗੁਰੂ ਜੀ ਨੇ ਪੰਡਿਤ ਨੂੰ ਪੁੱਛਿਆ ਕਿ ਜਨੇਊ ਪਾਉਣ ਨਾਲ ਕੀ ਹੁੰਦਾ? ਤਾਂ ਪੰਡਿਤ ਹਰਦਿਆਲ ਨੇ ਕਿਹਾ ਕਿ ਜਨੇਊ ਨਾ ਪਾਉਣ ਨਾਲ ਖੱਤਰੀ ਤੇ ਬ੍ਰਾਹਮਣ ਅਪਵਿੱਤਰ ਸਮਝੇ ਜਾਂਦੇ ਹਨ ਤੇ ਉਹ ਧਰਮ ਦੇ ਕੰਮਾਂ ਵਿਚ ਹਿੱਸਾ ਨਹੀਂ ਲੈ ਸਕਦੇ।

ਇਹ ਸੁਣ ਕੇ ਬਾਲ ਉਮਰ ਗੁਰੂ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ ਤੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਜਨੇਊ ਦੀ ਰਸਮ ਕੇਵਲ ਢੋਂਗ ਤੇ ਅਡੰਬਰ ਹੇੈ, ਉਨ੍ਹਾਂ ਕਿਹਾ ਕਿ ਉਹ ਅਜਿਹਾ ਜਨੇਊ ਪਾਉਣਾ ਚਾਹੁੰਦੇ ਹਨ, ਜੋ ਦਇਆ, ਸੰਤੋਖ, ਜਤਿ, ਸਤਿ ਦਾ ਬਣਿਆ ਹੋਵੇ, ਜਿਹੜਾ ਨਾ ਕਦੇ ਜਲੇ ਤੇ ਨਾ ਹੀ ਮੈਲਾ ਹੋਵੇ। ਉਨ੍ਹਾਂ ਦਾ ਧਿਆਨ ਬਚਪਨ ਤੋਂ ਹੀ ਅਕਾਲਪੁਰਖ ਵਿਚ ਲੀਨ ਸੀ। ਇੱਕ ਵਾਰ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 20 ਰੁਪਏ ਦੇ ਕੇ ਤੇ ਨੌਕਰ ਨੂੰ ਨਾਲ ਭੇਜ ਕੇ ਕਿਹਾ ਕਿ ਜਾਉ, ਕੋਈ ਵਧੀਆ ਸੌਦਾ ਕਰਕੇ ਆਉ। ਅਜੇ ਗੁਰੂ ਜੀ ਘਰੋਂ ਥੋੜ੍ਹੀ ਦੂਰ ਹੀ ਗਏ ਸਨ, ਰਸਤੇ ਵਿਚ ਉਨ੍ਹਾਂ ਨੂੰ ਕੁਝ ਸਾਧੂ ਮਿਲੇ ਜੋ ਕਾਫੀ ਭੁੱਖੇ ਤੇ ਪਿਆਸੇ ਸਨ, ਤੇ ਭੋਜਨ ਦੀ ਤਲਾਸ਼ ਵਿਚ ਵੀ ਸਨ।

ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਸਾਧੁੂਆਂ ਦੀ ਭੁੱਖ-ਪਿਆਸ ਨੂੰ ਮਹਿਸੂਸ ਕਰਦਿਆਂ ਆਪਣੇ ਨੌਕਰ ਨੂੰ ਆਪਣੇ ਪਿਤਾ ਮਹਿਤਾ ਕਾਲੂ ਰਾਮ ਵੱਲੋਂ ਕੋਈ ਵਪਾਰ ਕਰਨ ਲਈ ਘਰੋਂ ਲਿਆਂਦੇ 20 ਰੁਪਇਆਂ ਦਾ ਉਨ੍ਹਾਂ ਸਾਧੂਆਂ ਵਾਸਤੇ ਲੰਗਰ-ਪਾਣੀ ਮੰਗਵਾਇਆ ਤੇ ਸਾਧੂਆਂ ਨੂੰ ਪ੍ਰੇਮਪੂਰਵਕ ਲੰਗਰ ਛਕਾ ਕੇ ਘਰ ਆ ਗਏ, ਜਦੋਂ ਉਨ੍ਹਾਂ ਦੇ ਪਿਤਾ ਨੇ ਪੁੱਛਿਆ ਕਿ ਉਹ ਕਿਹੜਾ ਸੌਦਾ ਕਰਕੇ ਆਏ ਹਨ, ਗੁਰੂ ਸਾਹਿਬ ਨੇ ਕਿਹਾ ਕਿ ਉਹ ਤਾਂ ਸੱਚਾ ਸੌਦਾ ਕਰਕੇ ਆਏ ਹਨ, ਕਿਉਂਕਿ ਉਨ੍ਹਾਂ ਭੁੱਖੇ ਸਾਧੂਆਂ ਨੂੰ ਖਾਣਾ ਜੋ ਖਵਾਇਆ ਹੈ। ਇਸ ’ਤੇ ਉਨ੍ਹਾਂ ਦੇ ਪਿਤਾ ਕੁਝ ਨਰਾਜ ਵੀ ਹੋਏ। ਜਦੋਂ ਇਨ੍ਹਾਂ ਦੇ ਪਿਤਾ ਮਹਿਤਾ ਕਾਲੂ ਰਾਮ ਨੇ ਦੇਖਿਆ ਕਿ ਆਪ ਦਾ ਧਿਆਨ ਕਿਸੇ ਵੀ ਘਰੇਲੂ ਕੰਮ ਵਿਚ ਨਹੀਂ ਲੱਗਦਾ ਤਾਂ ਉਨ੍ਹਾਂ ਇਨ੍ਹਾਂ ਦਾ ਧਿਆਨ ਖਿੱਚ ਕੇ ਘਰੇਲੂ ਕੰਮਾਂ ਵਿਚ ਲਾਉਣ ਲਈ ਇਨ੍ਹਾਂ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਕਰ ਦਿੱਤਾ, ਇਸ ਤੋਂ ਬਾਅਦ ਆਪ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਤੇ ਬਾਬਾ ਸ੍ਰੀ ਲਖਮੀ ਚੰਦ ਨੇ ਜਨਮ ਲਿਆ।

ਆਪ ਦਾ ਮਨ ਫਿਰ ਵੀ ਜਦੋਂ ਸੰਸਾਰਿਕ ਕੰਮਾਂ ਵਿਚ ਨਾ ਲੱਗਾ ਤਾਂ ਆਪ ਦੇ ਜੀਜੇ ਜੈ ਰਾਮ ਤੇ ਭੈਣ ਬੇਬੇ ਨਾਨਕੀ ਨੇ ਆਪ ਨੂੰ ਸੁਲਤਾਨਪੁਰ ਬੁਲਾ ਕੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿਚ ਨੌਕਰੀ ਲਵਾ ਦਿੱਤਾ। ਮੋਦੀਖਾਨੇ ਵਿਚ ਗੁਰੂ ਜੀ ਵੱਲੋਂ ਬਹੁਤ ਇਮਾਨਦਾਰੀ ਨਾਲ ਕੰਮ ਕਰਦਿਆਂ ਉਨ੍ਹਾਂ ਦੀ ਇਲਾਕੇ ਅੰਦਰ ਕਾਫੀ ਮਸ਼ਹੂਰੀ ਹੋ ਗਈ। ਇੱਥੇ ਆਪ ਆਪਣੀ ਕਮਾਈ ਦਾ ਕਾਫੀ ਸਾਰਾ ਹਿੱਸਾ ਵੀ ਲੋਕਾਂ ਵਿਚ ਵੰਡ ਦਿੰਦੇ ਸਨ। ਉਸ ਸਮੇਂ ਕਈ ਈਰਖਾਵਾਦੀ ਉਨ੍ਹਾਂ ਦੀ ਮਸ਼ਹੂਰੀ ਤੋਂ ਸੜਦੇ ਸਨ, ਤੇ ਉਨ੍ਹਾਂ ਦੀ ਸ਼ਿਕਾਇਤ ਜਾ ਦੌਲਤ ਖਾਨ ਕੋਲ ਕਰ ਦਿੱਤੀ ਕਿ ਗੁਰੂ ਜੀ ਇੱਕ ਤਰ੍ਹਾਂ ਮੋਦੀਖਾਨੇ ਨੂੰ ਲੁਟਾ ਰਹੇ ਹਨ, ਪਰੰਤੂ ਜਦੋਂ ਸਾਰੀ ਗੱਲ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਮੋਦੀਖਾਨੇ ਵਿਚ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਨਿੱਕਲੀ।

ਜਿਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਤੇ ਚਰਚਾ ਹੋਰ ਵਧ ਗਈ, ਸ਼ਿਕਾਇਤ ਕਰਨ ਵਾਲੇ ਕਾਫੀ ਸ਼ਰਮਿੰਦਾ ਹੋਏ। ਆਪ ਇੱਕ ਦਿਨ ਵੇਈਂ ਵਿਚ ਇਸ਼ਨਾਨ ਕਰਨ ਗਏ ਆਲੋਪ ਹੋ ਗਏ ਤੇ ਤਿੰਨ ਦਿਨਾਂ ਬਾਅਦ ਜਦੋਂ ਪਰਤੇ ਤਾਂ ਆਪ ਨੇ ਰੱਬੀ ਹੁਕਮ ਅਨੁਭਵ ਕੀਤਾ। ਇਸ ਤੋਂ ਬਾਅਦ ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ। ਆਪ ਨੇ ਮਾਨਵਤਾ ਦਾ ਨਾਅਰਾ ਲਾਉਂਦਿਆਂ ਸੁੱਤੀ ਪਈ ਇਨਸਾਨੀਅਤ ਨੂੰ ਜਗਾਉਣ ਲਈ 1499 ਈਸਵੀ ਤੋਂ 1522 ਈਸਵੀ ਤੱਕ ਪੁੂਰਬ, ਦੱਖਣ, ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ, ਜਿਨ੍ਹਾਂ ਨੂੰ ਚਾਰ ਉਦਾਸੀਆਂ ਕਿਹਾ ਜਾਂਦਾ ਹੈ ਇਨ੍ਹਾਂ ਉਦਾਸੀਆਂ ਵਿਚ ਆਪ ਨੇ ਅਸਾਮ, ਲੰਕਾ, ਤਾਸ਼ਕੰਦ ਤੇ ਮੱਕਾ-ਮਦੀਨਾ ਤੱਕ ਦੀ ਯਾਤਰਾ ਕੀਤੀ।

ਇਸ ਦੌਰਾਨ ਅਨੇਕਾਂ ਪੀਰਾਂ, ਫਕੀਰਾਂ, ਯੋਗੀਆਂ, ਸੰਨਿਆਸੀਆਂ, ਸੂਫੀਆਂ, ਸਾਧਾਂ, ਸੰਤਾਂ, ਕਾਜ਼ੀਆਂ ਤੇ ਪੰਡਿਤਾਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਕੇ ਸਿੱਧੇ ਰਾਹੇ ਪਾਇਆ। ਇਸ ਤੋਂ ਇਲਾਵਾ ਆਪ ਨੇ ਕੌਡੇ ਰਾਕਸ਼, ਮਲਕ ਭਾਗੋ, ਸੱਜਣ ਠੱਗ ਤੇ ਵਲੀ ਕੰਧਾਰੀ ਵਰਗੇ ਵਿਗੜੇ ਲੋਕਾਂ ਨੂੰ ਵੀ ਆਪਣੀ ਸਿੱਖਿਆ ਨਾਲ ਸੁਧਾਰ ਕੇ ਆਮ ਆਦਮੀ ਵਾਂਗ ਸਮਾਜਿਕ ਜੀਵਨ ਬਿਤਾਉਣ ਦੇ ਰਾਹ ਪਾਇਆ। ਆਪ ਨੇ ਇਸਤਰੀ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਤੇ ਸੰਗੀਤਕਾਰ ਸਨ।

ਆਪ ਜੀ ਨੇ 19 ਰਾਗਾਂ ਵਿਚ ਬਾਣੀ ਰਚੀ, ਜੋ ਕਿ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਸੁਸ਼ੋਬਿਤ ਹੈ। ਆਪ ਦੀਆਂ ਬਾਣੀਆਂ ਬਹੁਤ ਸਾਰੀਆਂ ਤੁਕਾਂ ਅਖਾਣਾ ਵਾਂਗ ਲੋਕਾਂ ਦੇ ਮੂੰਹ ’ਤੇ ਚੜ੍ਹੀਆਂ ਹੋਈਆਂ ਹਨ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਸਮਾਜਿਕ ਬੁਰਾਈਆਂ ਨਾਲ ਜੁੜੇ ਲੋਕ ਕੁਰਾਹੀਆ ਕਹਿੰਦੇ ਸਨ, ਅਖੇ ਇਹ ਤਾਂ ਲੋਕਾਂ ਨੂੰ ਕੁਰਾਹੇ ਪਾ ਰਿਹਾ, ਪਰੰਤੂ ਗੁਰੂ ਜੀ ਨੇ ਅਜਿਹੇ ਅੜਿੱਕਿਆਂ ਨੂੰ ਪਾਰ ਕਰਕੇ ਅਡੋਲ ਰਹਿੰਦਿਆਂ ਆਪਣਾ ਧਿਆਨ ਸਮਾਜਿਕ ਬੁਰਾਈਆਂ ਦੀ ਜੜ੍ਹ ਪੁੱਟਣ ’ਤੇ ਕੇਂਦਰਿਤ ਰੱਖਿਆ।

ਉਹ ਨਿੱਡਰ ਦੇਸ਼ ਭਗਤ ਵੀ ਸਨ, ਸੰਨ 1526 ਵਿਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਮਚਾਈ ਲੁੱਟ-ਖਸੁੱਟ, ਕਤਲੇਆਮ, ਇਸਤਰੀਆਂ ਦੀ ਬੇਪਤੀ ਵਿਰੱੁੱਧ ਅਵਾਜ ਉਠਾਉਂਦਿਆਂ ਆਪ ਨੇ ਰੱਬ ਨੂੰ ਉਲਾਂਭਾ ਦਿੰਦਿਆਂ ਕਿਹਾ ਸੀ ‘‘ਏਤੀ ਮਾਰ ਪਈ ਕਰਲਾਣੈ ਤੈਂ ਕੀ ਦਰਦੁ ਨ ਆਇਆ ਗੁਰੂ ਨਾਨਕ ਦੇਵ ਜੀ ਇਕ ਯੁੱਗ ਪੁਰਖ ਸਨ, ਉਨ੍ਹਾਂ ਨੇ ਨਿਮਾਣੀ, ਨਿਤਾਣੀ ਤੇ ਹਤ-ਹੀਣ ਹੋਈ ਜਨਤਾ ਵਿਚ ਨਵੀਂ ਰੂਹ ਫੂਕੀ ਤੇ ਉਨ੍ਹਾਂ ਨੂੰ ਦਲੇਰ ਤੇ ਸਾਹਸੀ ਬਣਾ ਦਿੱਤਾ। ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ’ਤੇ ਅਧਾਰਿਤ ਹੈ- ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ।

ਉਨ੍ਹਾਂ ਮੁਕਤੀ ਵਾਸਤੇ ਸਾਦੇ ਜੀਵਨ ਤੇ ਅਮਲੀ ਗ੍ਰਹਿਸਥੀ ਜੀਵਨ ਨੂੰ ਸਹੀ ਦੱਸਿਆ। ਉਹ ਸਾਰੇ ਧਰਮਾਂ ਦਾ ਬਹੁਤ ਹੀ ਸਤਿਕਾਰ ਕਰਦੇ ਸਨ। ਆਪ ਨੇ ਉਸ ਸਮੇਂ ਦੇ ਹਾਕਮਾਂ ਵੱਲੋਂ ਨਿਰਦੋਸ਼ ਲੋਕਾਂ ਉੱਪਰ ਢਾਹੇ ਜਾਣ ਵਾਲੇ ਜ਼ੁਲਮਾਂ ਦਾ ਜੋਰਦਾਰ ਖੰਡਨ ਕੀਤਾ। ਅੰਤ ਆਪ ਸੰਨ 1539 ਈਸਵੀ ਵਿਚ ਕਰਤਾਰਪੁਰ ਸਾਹਿਬ ਵਿਖੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਉਨ੍ਹਾਂ ਦਾ ਨਾਂਅ ਗੁਰੂ ਅੰਗਦ ਦੇਵ ਜੀ ਰੱਖ ਕੇ ਆਪ ਜੋਤੀ-ਜੋਤਿ ਸਮਾ ਗਏ। ਸਾਡਾ ਫਰਜ ਬਣਦਾ ਹੈ ਕਿ ਅਸੀਂ ਗੁਰੂਆਂ, ਪੀਰਾਂ, ਸੂਰਬੀਰ ਯੋਧਿਆਂ ਵੱਲੋਂ ਆਪਣੇ ਸਮੇਂ ਦੌਰਾਨ ਸਮਾਜ ਤੇ ਦੇਸ਼ ਦੇ ਸੁਧਾਰ ਲਈ ਪਾਏ ਪੂਰਨਿਆਂ ’ਤੇ ਤਨਦੇਹੀ ਤੇ ਇਮਾਨਦਾਰੀ ਨਾਲ ਚੱਲੀਏ, ਤਾਂ ਹੀ ਅਸੀਂ ਉਨ੍ਹਾਂ ਦੀਆਂ ਯਾਦਾਂ ਮਨਾਉਣ ਦਾ ਅਸਲ ਲਾਹਾ ਖੱਟ ਸਕਦੇ ਹਾਂ।
ਪ੍ਰਤੀਨਿਧ, ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ