US Road Accident: ਅਮਰੀਕਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਜਨਵਰੀ ’ਚ ਹੋਣਾ ਸੀ ਵਿਆਹ
ਫਤਿਹਗੜ੍ਹ ਸਾਹਿਬ ਦੇ 27 ਸਾਲਾ ਗੁਰਕੀਰਤ ਸਿੰਘ ਖਰੌੜ ਨੂੰ ਦੂਜੇ ਟਰੱਕ ਨੇ ਮਾਰੀ ਟੱਕਰ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
ਫਤਿਹਗੜ੍ਹ ਸਾਹਿਬ (ਸੱਚ ਕਹੂੰ ਨਿਊਜ਼/ਏਜੰਸੀ)। ਪੰਜਾਬ ਦੇ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਗੁਰਕੀਰਤ ਸਿੰਘ ਖਰੌੜ ਵਜੋਂ ਹੋਈ ਹੈ, ਜੋ ਅਮਰੀਕਾ ’ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਉਹ ਆਪਣੇ ਟਰੱਕ ਦੇ ਟਾਇਰਾਂ ਦੀ ਜਾਂਚ ਕਰ ਰਿਹਾ ਸੀ।
ਇਸੇ ਦੌਰਾਨ ਪਿੱਛੋਂ ਆ ਰਹੇ ਇਕ ਹੋਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ 18 ਨਵੰਬਰ ਨੂੰ ਮਾਈਲਜ਼ ਸਿਟੀ ਨੇੜੇ ਫਾਲਨ ਇਲਾਕੇ ’ਚ ਇੰਟਰਸਟੇਟ-94 (9-94) ਹਾਈਵੇਅ ’ਤੇ ਵਾਪਰਿਆ। ਇਸ ਮਾਮਲੇ ਵਿੱਚ 28 ਨਵੰਬਰ ਨੂੰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਘਟਨਾ ਸਬੰਧੀ ਜਾਣਕਾਰੀ ਸਾਹਮਣੇ ਆਈ। ਹਾਦਸੇ ’ਚ ਸ਼ਾਮਲ ਦੂਜੇ ਟਰੱਕ ਦੇ ਡਰਾਈਵਰ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।
ਜੋ ਬਿਲਿੰਗਜ਼, ਮੋਂਟਾਨਾ ਦਾ ਰਹਿਣ ਵਾਲਾ ਹੈ। ਉਹ ਪੀਟਰਬਿਲਟ ਟਰੱਕ ਚਲਾ ਰਿਹਾ ਸੀ। ਮੁੱਢਲੀ ਜਾਣਕਾਰੀ ਅਨੁਸਾਰ ਦੂਜੇ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਤੇਜ਼ ਹਵਾ ਕਾਰਨ ਉਸ ਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਗੁਰਕੀਰਤ ਦੇ ਪਰਿਵਾਰ ਤੇ ਦੋਸਤਾਂ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਕੀਰਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ। ਪਰਿਵਾਰ ’ਚ ਹੁਣ ਉਸ ਦੀ ਮਾਂ ਤੇ ਦਾਦੀ ਹੀ ਰਹਿ ਗਈਆਂ ਹਨ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਗੁਰਕੀਰਤ ਦਾ ਵਿਆਹ ਆਉਣ ਵਾਲੇ ਜਨਵਰੀ ਮਹੀਨੇ ’ਚ ਤੈਅ ਹੋਇਆ ਸੀ ਤੇ ਉਹ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ। ਉਸ ਨੇ ਵਿਆਹ ਤੋਂ ਪਹਿਲਾਂ ਐਡਮੰਟਨ ’ਚ ਪ੍ਰੀ-ਵੈਡਿੰਗ ਸਮਾਗਮ ਲਈ ਛੁੱਟੀਆਂ ਵੀ ਬੁੱਕ ਕਰਵਾਈਆਂ ਹੋਈਆਂ ਸਨ।
ਉਸ ਦੇ ਦੋਸਤਾਂ ਤੇ ਜਾਣਕਾਰਾਂ ਨੇ ਦੱਸਿਆ ਕਿ ਗੁਰਕੀਰਤ ਬਹੁਤ ਹੀ ਖੁਸ਼ਮਿਜ਼ਾਜ਼ ਤੇ ਸਕਾਰਾਤਮਕ ਸੁਭਾਅ ਵਾਲਾ ਨੌਜਵਾਨ ਸੀ। ਉਹ ਦੋਸਤਾਂ ਦੀ ਗਰੁੱਪ ਕਾਲ ਦੀ ਰੌਣਕ ਹੁੰਦਾ ਸੀ ਤੇ ਹਰ ਕਿਸੇ ਨਾਲ ਹੱਸ ਕੇ ਮਿਲਦਾ ਸੀ। ਇਸ ਦੌਰਾਨ ਅਮਰੀਕਾ ’ਚ ਰਹਿੰਦੇ ਗੁਰਕੀਰਤ ਦੇ ਦੋਸਤਾਂ ਤੇ ਜਾਣਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਫਰਜ਼ੀ ਫੰਡ ਇਕੱਠਾ ਕਰਨ ਵਾਲੀਆਂ ਮੁਹਿੰਮਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਹਾਲੇ ਤੱਕ ਪਰਿਵਾਰ ਜਾਂ ਦੋਸਤਾਂ ਵੱਲੋਂ ‘ਗੋ ਫੰਡ ਮੀ’ ਜਾਂ ਕਿਸੇ ਹੋਰ ਪਲੇਟਫਾਰਮ ’ਤੇ ਪੈਸੇ ਇਕੱਠੇ ਕਰਨ ਦੀ ਕੋਈ ਅਧਿਕਾਰਤ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਕੀਰਤ ਦੇ ਨਾਂਅ ’ਤੇ ਆਉਣ ਵਾਲੇ ਕਿਸੇ ਵੀ ਲਿੰਕ ਜਾਂ ਪੈਸੇ ਮੰਗਣ ਵਾਲੀ ਅਪੀਲ ’ਤੇ ਬਿਨਾਂ ਪੁਸ਼ਟੀ ਕੀਤੇ ਭਰੋਸਾ ਨਾ ਕੀਤਾ ਜਾਵੇ ਤੇ ਪਰਿਵਾਰ ਵੱਲੋਂ ਅਧਿਕਾਰਤ ਜਾਣਕਾਰੀ ਦੀ ਉਡੀਕ ਕੀਤੀ ਜਾਵੇ।
ਇਹ ਵੀ ਪੜ੍ਹੋ : MSG Mahotsav Bhandara: ਪਵਿੱਤਰ ਐਮਐਸਜੀ ਭੰਡਾਰੇ 'ਤੇ ਪਹੁੰਚ ਰਹੀ ਸਾਧ-ਸੰਗਤ ਦਾ ਠਾਠਾਂ ਮਾਰਦਾ ਉਤਸ਼ਾਹ, ਦੇਖੋ ਤਸਵੀਰਾਂ...
Comments