ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ

Children

ਬੇਸ਼ੱਕ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਮੋਬਾਇਲ ਦਿੱਤੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜਾ ਜਾਣਕਾਰੀ ਹਾਸਲ ਹੋ ਜਾਂਦੀ ਹੈ। ਫਿਰ ਵੀ ਅਖਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ, ਕਿਉਂਕਿ ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ਅਧੂਰੀ ਅਤੇ ਜ਼ਿਆਦਾ ਭਰੋਸੇਯੋਗ ਨਹੀਂ ਹੁੰਦੀ। ਜਦੋਂਕਿ ਅਖਬਾਰ ਵਿੱਚ ਜੋ ਵੀ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਹੈ ਉਹ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰ ਕੇ ਫਿਰ ਛਪਦੀ ਹੈ ਜੋ ਕਿ ਜ਼ਿਆਦਾ ਭਰੋਸੇਯੋਗ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਿੰਟ ਹੋਈ ਜਾਣਕਾਰੀ ਵਿਸਥਾਰ ’ਚ ਹੁੰਦੀ ਹੈ, ਜਿਸ ’ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ। (Children)

ਅਖਬਾਰ ਪੜ੍ਹਨ ਦੀ ਆਦਤ | Children

ਅਗਲੀ ਗੱਲ ਅਖਬਾਰ ’ਚ ਪ੍ਰਕਾਸ਼ਿਤ ਸਮੱਗਰੀ ਭਾਵੇਂ ਉਹ ਖਬਰਾਂ ਜਾਂ ਲੇਖ ਹੋਣ ਅਤੇ ਜਾਂ ਫਿਰ ਹੋਰ ਕਿਸੇ ਕਿਸਮ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਹੋਵੇ, ਉਹ ਵਿਸਥਾਰ ਵਿੱਚ ਹੁੰਦੀ ਹੈ। ਉਸ ਜਾਣਕਾਰੀ ਲਈ ਪੱਤਰਕਾਰ ਜਾਂ ਰਚਨਾ ਲਿਖਣ ਵਾਲੇ ਦੀ ਜਿੰਮੇਵਾਰੀ ਹੁੰਦੀ ਹੈ ਜਦੋਂਕਿ ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ਦੀ ਜਿੰਮੇਵਾਰੀ ਕਿਸੇ ਦੀ ਨਹੀਂ ਹੁੰਦੀ। ਜੇਕਰ ਆਪਾਂ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਪਾਵਾਂਗੇ ਤਾਂ ਉਨ੍ਹਾਂ ਨੂੰ ਜਾਣਕਾਰੀ ਤਾਂ ਮਿਲੇਗੀ ਹੀ ਨਾਲ ਹੀ ਪੜ੍ਹਨ ਦੀ ਚੇਟਕ ਵੀ ਲੱਗੇਗੀ, ਜੋ ਉਨ੍ਹਾਂ ਨੂੰ ਜਮਾਤੀ ਪੜ੍ਹਾਈ ਵਾਸਤੇ ਵੀ ਫਾਇਦੇਵੰਦ ਹੋਵੇਗੀ। ਅਖਬਾਰ ਪੜ੍ਹਨ ਨਾਲ ਬੱਚੇ ਦਾ ਕੁੱਝ ਵਕਤ ਲਈ ਮੋਬਾਇਲ ਤੋਂ ਵੀ ਧਿਆਨ ਹਟੇਗਾ। ਉਸ ਦਾ ਮਨ ਚੇਂਜ ਹੋਵੇਗਾ। ਬਾਅਦ ’ਚ ਉਸ ਦਾ ਪੜ੍ਹਾਈ ’ਚ ਹੋਰ ਵਧੇਰੇ ਮਨ ਲੱਗੇਗਾ। ਉਨ੍ਹਾਂ ਦੇ ਮਾਨਸਿਕ ਵਿਕਾਸ ’ਚ ਹੋਰ ਵਾਧਾ ਹੋਵੇਗਾ। (Children)

ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ’ਚ ਕਾਫੀ ਜਾਣਕਾਰੀ ਫੇਕ ਵੀ ਹੁੰਦੀ ਹੈ ਤੇ ਲੱਚਰ ਵੀ। ਜਦੋਂਕਿ ਅਖਬਾਰ ਵਾਲੀ ਜਾਣਕਾਰੀ ਸਾਫ-ਸੁਥਰੀ ਤੇ ਸਪੱਸ਼ਟ ਹੁੰਦੀ ਹੈ। ਇਸ ਤੋਂ ਬਿਨਾ ਸਰਕਾਰੀ ਨੌਕਰੀਆਂ ਬਾਰੇ ਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਇਸ਼ਤਿਹਾਰ ਵੀ ਅਖਬਾਰਾਂ ’ਚ ਹੀ ਪੜ੍ਹਨ ਨੂੰ ਮਿਲਦੇ ਹਨ। ਬਹੁਤੀ ਵਾਰ ਮੋਬਾਇਲ ’ਤੇ ਫੇਕ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਹਨ, ਜੋ ਨਾ ਸਿਰਫ਼ ਬੱਚਿਆਂ ਨੂੰ ਸਗੋਂ ਸਾਨੂੰ ਵੀ ਮਿਸ ਗਾਈਡ ਕਰਦੀਆਂ ਹਨ ਜਿਨ੍ਹਾਂ ਤੋਂ ਬਚਣਾ ਜਰੂਰੀ ਹੈ। ਇਸ ਵਾਸਤੇ ਜੇਕਰ ਬੱਚੇ ਅਖਬਾਰ ਪੜ੍ਹਣਗੇ ਤਾਂ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਵਾਸਤੇ ਲਾਹੇਵੰਦ ਸਾਬਤ ਹੋਵੇਗੀ। ਉਨਾਂ ਦੇ ਗਿਆਨ ਚ ਵਾਧਾ ਹੋਵੇਗਾ।

ਅਜੀਤ ਖੰਨਾ (ਲੈਕਚਰਾਰ),
ਨੰਦ ਸਿੰਘ ਐਵਨਿਊ ਖੰਨਾ, ਲੁਧਿਆਣਾ। ਮੋ. 85448-54669