ਸਪੀਕਰ ਵਿਰੁੱਧ ਨਹੀਂ ਵਰਤੀ ਭੱਦੀ ਸ਼ਬਦਾਵਲੀ- ਹਰਪਾਲ ਸਿੰਘ ਚੀਮਾ

Harpal Singh Cheema

‘ਆਪ’ ਵੱਲੋਂ ਗੁੱਜਰ ਅਤੇ ਬਾਜ਼ੀਗਰ ਭਾਈਚਾਰੇ ਨੂੰ ਵੀ ਮਾਲਕਾਨਾ ਹੱਕ ਦੇਣ ਦੀ ਮੰਗ

ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਸਦਨ ‘ਚ ਹੋਈ ਗਰਮਾ-ਗਰਮੀ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਉਨਾਂ ਸਪੀਕਰ ਵਿਰੁੱਧ ਕੋਈ ਭੱਦੀ ਸ਼ਬਦਾਵਲੀ ਨਹੀਂ ਸੱਚੀ ਸ਼ਬਦਾਵਲੀ ਵਰਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜਿਸ ਸਮੇਂ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ ‘ਤੇ ਪਾਰਟੀ ਵਿਧਾਇਕ ਅਮਨ ਅਰੋੜਾ ਨੂੰ ਮਾਨਯੋਗ ਸਪੀਕਰ ਵੱਲੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤਾਂ ਉਨਾਂ (ਚੀਮਾ) ਸਪੀਕਰ ਸਾਹਿਬ ਨੂੰ ਸ਼ਿਕਵਾ ਜ਼ਾਹਿਰ ਕੀਤਾ ਕਿ ਉਹ (ਸਪੀਕਰ) ਕਾਂਗਰਸ ਦੇ ਬੁਲਾਰੇ ਵਜੋਂ ਪਵਿੱਤਰ ਸਦਨ ਨੂੰ ‘ਕਾਂਗਰਸ ਭਵਨ’ ਵਾਂਗ ਨਾ ਵਰਤਣ। ਇਨਾਂ ਸ਼ਬਦਾਂ ਨੂੰ ਕਿਸੇ ਵੀ ਲਿਹਾਜ਼ ਤੋਂ ਭੱਦੀ ਸ਼ਬਦਾਵਲੀ ਨਹੀਂ ਕਿਹਾ ਜਾ ਸਕਦਾ।

ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਸਪੀਕਰ ਵੱਲੋਂ ਨਿਰਪੱਖ ਭੂਮਿਕਾ ਨਹੀਂ ਨਿਭਾਈ ਗਈ। ਜਿੱਥੇ ਮੀਡੀਆ ਨੂੰ ਸਦਨ ਦੀ ਕਾਰਵਾਈ ਤੋਂ ਦੂਰ ਰੱਖ ਕੇ ਪ੍ਰੈੱਸ ਦੀ ਆਜ਼ਾਦੀ ਉੱਤੇ ਹਮਲਾ ਕੀਤਾ ਗਿਆ, ਉੱਥੇ ਲਾਈਵ ਟੈਲੀਕਾਸਟ ‘ਚ ਵਿਰੋਧੀ ਧਿਰਾਂ ਅਤੇ ਹੋਰ ‘ਨਾਪਸੰਦ’ ਵਿਧਾਇਕ ਮੈਂਬਰਾਂ ਦੀ ਇੱਕ ਝਲਕ ਵੀ ਨਹੀਂ ਦਿਖਾਈ ਗਈ।

ਚੀਮਾ ਨੇ ਚੁਣੌਤੀ ਦਿੱਤੀ ਕਿ ਸਦਨ ਦੀ ਕਾਰਵਾਈ ਦਾ ਰਿਕਾਰਡ ਸਪੀਕਰ ਕੋਲ ਮੌਜੂਦ ਹੈ ਅਤੇ ਉਹ ਸਾਬਤ ਕਰਨ ਕਿ ਮੇਰੇ ਵੱਲੋਂ ਭੱਦੀ ਜਾਂ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਇਸ ਤੋਂ ਪਹਿਲਾਂ ਚੀਮਾ ਨੇ ਬਾਜ਼ੀਗਰ ਅਤੇ ਜੈ ਸਿੰਘ ਰੋੜੀ ਨੇ ਗੁੱਜਰ ਕਬੀਲੇ ਨੂੰ ਵੀ ਮਾਲਕਾਨਾ ਹੱਕ ਦੇਣ ਦੀ ਜ਼ੋਰਦਾਰ ਮੰਗ ਕੀਤੀ। ਇਸ ਤੋਂ ਬਿਨਾਂ ‘ਆਪ’ ਵਿਧਾਇਕਾਂ ਨੇ ਵਜ਼ੀਫ਼ਾ ਘੁਟਾਲੇ ‘ਚ ਫਸੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੰਨੀ ਕਲੀਨ ਚਿੱਟ ਦਿੱਤੇ ਜਾਣ ਦਾ ਸਖ਼ਤ ਵਿਰੋਧ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.