ਅਕਾਲੀਆਂ ਅਤੇ ਆਪ ਦੇ ਦੋਗਲੇ ਕਿਰਦਾਰ ਤੋਂ ਮੈਂ ਹੈਰਾਨ : ਅਮਰਿੰਦਰ ਸਿੰਘ

ਸਿੱਧੂ ਦੇ ਸਦਨ ਵਿੱਚ ਆਉਣ ਅਤੇ ਖੇਤੀ ਬਿੱਲਾਂ ‘ਤੇ ਚੰਗੀ ਤਕਰੀਰ ਕਰਨ ਤੋਂ ਖੁਸ਼ ਹਾਂ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਿੰਨ ਸੋਧ ਬਿੱਲਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ‘ਤੇ ਦੋਗਲੇ ਕਿਰਦਾਰ ਦਾ ਮੁਜ਼ਾਹਰਾ ਕਰਨ ਦਾ ਦੋਸ਼ ਲਾਉਂਦਿਆਂ ਤਿੱਖੀ ਆਲੋਚਨਾ ਕੀਤੀ ਹੈ। ਉਨਾਂ ਕਿਹਾ ਕਿ ਇਹ ਦੋਵੇਂ ਸਿਆਸੀ ਧਿਰਾਂ ਵਿਧਾਨ ਸਭਾ ਵਿੱਚ ਇਨਾਂ ਬਿੱਲਾਂ ਦੇ ਹੱਕ ਵਿੱਚ ਭੁਗਤਣ ਤੋਂ ਕੁਝ ਘੰਟਿਆਂ ਬਾਅਦ ਹੀ ਇਨਾਂ ਨੂੰ ਭੰਡਣ ਲੱਗ ਪਈਆਂ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਵਿਰੋਧੀ ਧਿਰਾਂ ਦੇ ਆਗੂ ਵਿਧਾਨ ਸਭਾ ਵਿੱਚ ਬਿੱਲਾਂ ਦੇ ਹੱਕ ਵਿੱਚ ਬੋਲੇ ਅਤੇ ਇੱਥੋਂ ਤੱਕ ਕਿ ਰਾਜਪਾਲ ਨੂੰ ਮਿਲਣ ਲਈ ਵੀ ਉਨਾਂ ਨਾਲ ਗਏ ਪਰ ਹੁਣ ਬਾਹਰ ਕੁਝ ਹੋਰ ਬੋਲੀ ਬੋਲ ਰਹੇ ਹਨ। ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਇਨਾਂ ਬਿੱਲਾਂ ਦੇ ਖਿਲਾਫ਼ ਕੁਝ ਵੀ ਨਹੀਂ ਕਿਹਾ ਜਿਨਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਇਹ ਬਿੱਲ ਬਣਾਏ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਨਾਂ ਪਾਰਟੀਆਂ ਦੀ ਕਿਸਾਨਾਂ ਦਾ ਭਵਿੱਖ ਦੀ ਰਾਖੀ ਅਤੇ ਸੂਬੇ ਦੀ ਖੇਤੀਬਾੜੀ ਤੇ ਅਰਥਚਾਰੇ ਨੂੰ ਬਚਾਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਉਨਾਂ ਕਿਹਾ ਕਿ ਬੀਤੇ ਦਿਨ ਸਦਨ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਇਨਾਂ ਪਾਰਟੀਆਂ ਦੇ ਲੀਡਰਾਂ ਵੱਲੋ ਕੀਤੀ ਬਿਆਨਬਾਜ਼ੀ ਨੇ ਕਿਸਾਨਾਂ ਦੇ ਮੁੱਦੇ ਪ੍ਰਤੀ ਇਨਾਂ ਵੱਲੋਂ ਸੰਜੀਦਾ ਨਾ ਹੋਣ ਦਾ ਸੱਚ ਸਾਹਮਣੇ ਲਿਆਂਦਾ ਹੈ।
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਆਪ ਦੀ ਲੀਡਰਸ਼ਿਪ ਦੇ ਬਿਆਨਾਂ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਜੇਕਰ ਉਹ ਸੋਚਦੇ ਹਨ ਕਿ ਮੈਂ ਅਤੇ ਮੇਰੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੇ ਹਾਂ ਤਾਂ ਫੇਰ ਉਨਾਂ ਨੇ ਸਦਨ ਵਿੱਚ ਇਹ ਗੱਲ ਕਿਉਂ ਨਹੀਂ ਕਹੀ? ਉਨਾਂ ਨੇ ਸਾਡੇ ਬਿੱਲਾਂ ਦਾ ਸਮੱਰਥਨ ਕਰਦਿਆਂ ਵੋਟ ਕਿਉਂ ਦਿੱਤੀ?”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਜੇਕਰ ਮੈਂ ਲੋਕਾਂ ਨੂੰ ਮੂਰਖ ਬਣਾਉਣਾ ਹੁੰਦਾ ਤਾਂ ਮੈਂ ਇਮਾਨਦਾਰੀ ਨਾਲ ਉਨਾਂ ਨਾਲ ਆਪਣੇ ਸ਼ੰਕੇ ਸਾਂਝੇ ਕਿਉਂ ਕਰਦਾ? ਮੈਂ ਉਨਾਂ ਨੂੰ ਝੂਠ ਪਰੋਸਣ ਦੀ ਬਜਾਏ ਅੱਗੇ ਆਉਣ ਵਾਲੀਆਂ ਪ੍ਰਸਥਿਤੀਆਂ ਬਾਰੇ ਖੁੱਲ ਕੇ ਗੱਲ ਕਿਉਂ ਕਰਦਾ ਜਦਕਿ ਅਕਾਲੀ ਤੇ ਆਪ ਵਾਲੇ ਝੂਠ ਮਾਰਨ ਦੇ ਪਹਿਲਾਂ ਤੋਂ ਹੀ ਆਦੀ ਹਨ?” ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋਰ ਸਿਆਸੀ ਪਾਰਟੀਆਂ ਖਾਸ ਤੌਰ ‘ਤੇ ਆਪ, ਜਿਸ ਦੀ ਦਿੱਲੀ ਵਿੱਚ ਸਰਕਾਰ ਹੈ, ਨੂੰ ਪੰਜਾਬ ਵਿੱਚ ਵੀ ਅਜਿਹੇ ਕਾਨੂੰਨ ਲਿਆਉਣੇ ਚਾਹੀਦੇ ਹਨ ਤਾਂ ਕਿ ਕੇਂਦਰੀ ਖੇਤੀ ਕਾਨੂੰਨਾਂ ਨੂੰ ਖਤਰਨਾਕ ਪ੍ਰਭਾਵਾਂ ਨੂੰ ਅਸਰਹੀਣ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਪੰਜਾਬ ਦੇ ਰਸਤੇ ‘ਤੇ ਚੱਲਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਦੁਹਰਾਉਂਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਉਨਾਂ ਦੀ ਸਰਕਾਰ ਬਰਖਾਸਤ ਕਰ ਦਿੰਦੀ ਹੈ ਤਾਂ ਉਨਾਂ ਨੂੰ ਇਸ ਦੀ ਕੋਈ ਪ੍ਰਵਾਨ ਨਹੀਂ ਪਰ ਉਹ ਆਖਰੀ ਦਮ ਤੱਕ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਲੜਦੇ ਰਹਿਣਗੇ। ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ,”ਜੇਕਰ ਕੇਂਦਰ ਸੋਚਦਾ ਹੈ ਕਿ ਮੈਂ ਕੁਝ ਗਲਤ ਕੀਤਾ ਹੈ ਤਾਂ ਉਹ ਮੈਨੂੰ ਬਰਖ਼ਾਸਤ ਕਰ ਸਕਦੇ ਹਨ। ਮੈਂ ਡਰਨ ਵਾਲਾ ਨਹੀਂ ਹਾਂ। ਮੈਂ ਪਹਿਲਾਂ ਵੀ ਦੋ ਵਾਰ ਅਸਤੀਫਾ ਦੇ ਚੁੱਕਾ ਹਾਂ ਅਤੇ ਦੁਬਾਰਾ ਵੀ ਦੇ ਸਕਦਾ ਹਾਂ।”

Punjab Government, Gazetted Vacations, Scissors

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਤੌਰ ‘ਤੇ ਬਹੁਤ ਸਾਰੇ ਰਾਹ ਮੌਜੂਦ ਹਨ ਪਰ ਉਨਾਂ ਨੂੰ ਉਮੀਦ ਹੈ ਕਿ ਰਾਜਪਾਲ ਲੋਕਾਂ ਦੀ ਅਵਾਜ਼ ਸੁਣਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਵਾਜ਼ ਰਾਜਪਾਲ ਕੋਲ ਪਹੁੰਚ ਚੁੱਕੀ ਹੈ ਅਤੇ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਬਿੱਲ ਭੇਜਣਗੇ। ਉਨਾਂ ਕਿਹਾ ਕਿ ਰਾਸ਼ਟਰਪਤੀ ਸੂਬੇ ਦੇ ਲੋਕਾਂ ਦੀ ਭਾਵਨਾਵਾਂ ਅਤੇ ਅਪੀਲ ਨੂੰ ਦਰਕਿਨਾਰ ਨਹੀਂ ਕਰ ਸਕਦੇ।

ਇਸ ਤੋਂ ਪਹਿਲਾਂ ਅੱਜ ਸਦਨ ਵਿੱਚ ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਮਜੀਠੀਆ ਦੇ ਬਿਆਨਾਂ ਵਾਲੇ ਅਖਬਾਰਾਂ ਦੀਆਂ ਕਾਪੀਆਂ ਲਹਿਰਾਈਆਂ  ਅਤੇ ਚੁਟਕੀ ਲੈਂਦਿਆਂ ਕਿਹਾ,”ਇਹ ਲੋਕ ਸਦਨ ਵਿੱਚ ਕੁਝ ਹੋਰ ਕਹਿੰਦੇ ਹਨ ਅਤੇ ਬਾਹਰ ਕੁਝ ਹੋਰ।” ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਸ਼ ਹਨ ਕਿ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਸਦਨ ਵਿੱਚ ਆਏ ਅਤੇ ਖੇਤੀ ਬਿੱਲਾਂ ‘ਤੇ ਚੰਗੀ ਤਕਰੀਰ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.