ਇਨਸਾਫ਼ ਲਈ ਕਿਸਾਨਾਂ-ਮਜ਼ਦੂਰਾਂ ਪੈਂਦੇ ਮੀਂਹ ‘ਚ ਵੀ ਰੱਖਿਆ ਰੇਲਵੇ ਟ੍ਰੈਕ ਜਾਮ

Railway, Track, Jam, Rain, Farmers, Justice

ਪਿੰਡ ਲੋਹਕੇ ਖੁਰਦ ਦੇ ਮਜ਼ਦੂਰਾਂ ਦੇ ਘਰਾਂ ਨੂੰ ਢਾਹੁਣ ਖਿਲਾਫ 16 ਦਿਨਾਂ ਤੋਂ ਐੱਸਐੱਸਪੀ ਦਫਤਰ ਅੱਗੇ ਦਿੱਤਾ ਜਾ ਰਿਹਾ ਸੀ ਧਰਨਾ | Ferozpur News

ਫਿਰੋਜ਼ਪੁਰ, (ਸਤਪਾਲ ਥਿੰਦ)। ਪਿੰਡ ਲੋਹਕੇ ਖੁਰਦ ‘ਚ ਮਜ਼ਦੂਰਾਂ ਦੇ ਘਰ ਢਾਹੁਣ ਵਾਲਿਆਂ ਖਿਲਾਫ਼ ਕਾਰਵਾਈ ਨਾ ਹੁੰਦੀ ਦੇਖ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ‘ਚ ਐੱਸਐੱਸਪੀ ਦਫਤਰ ਫਿਰੋਜ਼ਪੁਰ ਦੇ ਸਾਹਮਣੇ ਧਰਨਾ ਲਾ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਨੇ ਧਰਨੇ ਦੇ 16ਵੇਂ ਦਿਨ ਬਸਤੀ ਟੈਕਾਂ ਵਾਲੀ ਕੋਲ ਫਿਰੋਜ਼ਪੁਰ ਰੇਲ ਜੰਕਸ਼ਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਉਨ੍ਹਾਂ ਐਲਾਨ ਕੀਤਾ ਕਿ ਮਸਲੇ ਦੇ ਹੱਲ ਤੱਕ ਰੇਲ ਆਵਾਜਾਈ ਠੱਪ ਰੱਖੀ ਜਾਵੇਗੀ। (Ferozpur News)

ਰੇਲਵੇ ਟ੍ਰੈਕ ਜਾਮ ਕਰਕੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਪਿੰਡ ਲੋਹਕੇ ਖੁਰਦ ‘ਚ 20 ਮਜ਼ਦੂਰ ਪਰਿਵਾਰਾਂ ਨੂੰ ਸਰਕਾਰ ਦੀ ਪਾਲਿਸੀ ਮੁਤਾਬਕ ਮਿਲੇ ਪਲਾਟਾਂ ‘ਚ ਬਣੇ ਘਰਾਂ ਨੂੰ ਸਿਆਸੀ ਗੰਡਾ ਗਠਜੋੜ ਵੱਲੋਂ ਕਥਿਤ ਤੌਰ ‘ਤੇ ਢਹਿ ਢੇਰੀ ਕਰ ਦਿੱਤਾ ਜਾਂਦਾ ਤੇ ਮਜ਼ਦੂਰਾਂ ਦਾ ਘਰਾਂ ‘ਚ ਪਿਆ ਸਮਾਨ ਚੁੱਕ ਲਿਆ ਜਾਂਦਾ ਹੈ। ਉਹਨਾਂ ਦੱਸਿਆ ਕਿ 16 ਦਿਨ ਤੋਂ ਐੱਸਐੱਸਪੀ ਦਫਤਰ ਫਿਰੋਜ਼ਪੁਰ ਅੱਗੇ ਧਰਨਾ ਦੇਣ ਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਪੀੜਤਾਂ ਦੀ ਸ਼ਿਕਾਇਤ ‘ਤੇ ਪੁਲਿਸ ਐੱਫਆਈਆਰ ਦਰਜ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੇ ਪੀੜਤ ਮਜ਼ਦੂਰਾਂ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਰੇਲਵੇ ਟ੍ਰੈਕ ਜਾਮ ਕਰਨ ਦੀ ਚਿਤਾਵਨੀ ਦੇਣ ਦੇ ਬਾਅਦ ਵੀ ਉਨ੍ਹਾਂ ਦੀ ਸੁਣਵਾਈ ਨਾ ਹੁੰਦੀ ਦੇਖ ਕੇ ਉਹਨਾਂ ਨੂੰ ਮਜ਼ਬੂਰਨ ਟ੍ਰੈਕ ਜਾਮ ਕਰਨਾ ਪਿਆ ਹੈ। (Ferozpur News)

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ ਫਿਰੋਜ਼ਪੁਰ-ਬਠਿੰਡਾ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਸੀ ਪਰ ਉਸ ਵਕਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰੋਸਾ ਦੇ ਕੇ ਉਹਨਾਂ ਨੂੰ ਟ੍ਰੈਕ ਤੋਂ ਉਠਾ ਲਿਆ ਸੀ ਤਾਂ ਬਾਅਦ ‘ਚ ਕੋਈ ਕਾਰਵਾਈ ਨਹੀਂ ਕੀਤੀ ਤਾਂ ਮੁੜ ਦੁਬਾਰਾ ਉਨ੍ਹਾਂ ਨੂੰ ਰੇਲਵੇ ਟ੍ਰੈਕ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ, ਜਿਸਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੈ।

ਕਿਸਾਨਾਂ-ਮਜ਼ਦੂਰਾਂ ਤੇ ਪੁਲਿਸ ਦਰਮਿਆਨ ਹੋਈ ਝੜਪ | Ferozpur News

ਐੱਸਐੱਸਪੀ ਦਫਤਰ ਸਾਹਮਣੇ ਧਰਨੇ ਦੌਰਾਨ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕਰਨ ਦੇ ਐਲਾਨ ਤੋਂ ਬਾਅਦ ਰੇਲਵੇ ਟ੍ਰੈਕ ਜਾਮ ਕਰਨ ਜਾ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਮਣੇ ਬੈਰੀਗੇਟ ਲਗਾ ਕੇ ਪੁਲਿਸ ਵੱਲੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਨੂੰ ਕਿਸਾਨਾਂ ਨਾਲ ਹੱਥੋਪਈ ਵੀ ਹੋਣਾ ਪਿਆ ਪਰ ਕਿਸਾਨਾਂ ਦੇ ਇਕੱਠ ਅੱਗੇ ਢਿੱਲੀ ਰਹੀ ਪੁਲਿਸ ਦੇ ਬੈਰੀਗੇਟ ਤੋੜਦੇ ਹੋਏ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ ਗਿਆ। ਦੱਸਣਯੋਗ ਹੈ ਕਿ ਫਿਰੋਜ਼ਪੁਰ ‘ਚ ਪਏ ਭਾਰੀ ਮੀਂਹ ਦੌਰਾਨ ਵੀ ਕਿਸਾਨਾਂ ਨੇ ਰੇਲਵੇ ਟ੍ਰੈਕ ‘ਤੇ ਬੈਠਿਆਂ ਆਪਣਾ ਸੰਘਰਸ਼ ਜਾਰੀ ਰੱਖਿਆ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ ਅਤੇ ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਮਸਲੇ ਦਾ ਹੱਲ ਸਬੰਧੀ  ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਸੀ।