ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵੱਲੋਂ ਪਟਿਆਲਾ ਦਾ ਦੌਰਾ

National, Minorities, Commission, Visits, Patiala

ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ, ਘੱਟ ਗਿਣਤੀਆਂ ਦੀ ਭਲਾਈ ਸਬੰਧੀ ਸਕੀਮਾਂ ਦਾ ਜਾਇਜ਼ਾ | Patiala News

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਨੇ ਪਟਿਆਲਾ ਦਾ ਦੌਰਾ ਕਰਦਿਆ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਘੱਟ ਗਿਣਤੀਆਂ ਦੀ ਭਲਾਈ ਸਕੀਮਾਂ ਤੇ ਇਨ੍ਹਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਘੱਟ ਗਿਣਤੀਆਂ ਨੂੰ ਦਰਪੇਸ਼ ਮੁਸ਼ਕਲ ਜੇ ਕੋਈ ਹੋਵੇ ਦਾ ਨਿਪਟਾਰਾ ਤੁਰੰਤ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਰਕਟ ਹਾਊਸ ਵਿਖੇ ਘੱਟ ਗਿਣਤੀ ਵਰਗਾਂ ਦੇ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ। (Patiala News)

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼ੌਕਤ ਅਹਿਮਦ ਪਰੇ, ਐੱਸਪੀ ਸੁਰੱਖਿਆ ਤੇ ਟ੍ਰੈਫਿਕ ਅਮਰਜੀਤ ਸਿੰਘ ਘੁੰਮਣ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਇਸਮਤ ਵਿਜੈ ਸਿੰਘ ਮੌਜੂਦ ਸਨ। ਇਸ ਮੌਕੇ ਸ੍ਰ. ਰਾਏ ਨੇ ਦੱਸਿਆ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵੱਲੋਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਂਦੀ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਏ ਕਿ ਜ਼ਿਲ੍ਹੇ ‘ਚ ਮੌਜੂਦ ਘੱਟ ਗਿਣਤੀਆਂ ਦੀ ਵਸੋਂ ਦੀ ਭਲਾਈ ਲਈ ਸਰਕਾਰੀ ਸੇਵਾਵਾਂ ਸਮੇਂ ਸਿਰ ਪਾਰਦਰਸ਼ਤਾ ਨਾਲ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਦਾ ਜਿਕਰ ਕਰਦਿਆਂ ਇਸ ਤਹਿਤ ਘੱਟ ਗਿਣਤੀਆਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੀ ਕਿਹਾ। (Patiala News)

ਇਹ ਵੀ ਪੜ੍ਹੋ : ਫੌਜ ਦੇ ਜਵਾਨਾਂ ਵੱਲੋਂ ਪਟਿਆਲਾ ਅੰਦਰ ਰੈਸਕਿਊ ਅਪਰੇਸ਼ਨ ਲਗਾਤਾਰ ਜਾਰੀ

ਸ੍ਰ. ਰਾਏ ਨੇ ਇਸ ਮੌਕੇ ਸਿੱਖਿਆ, ਤਕਨੀਕੀ ਸਿੱਖਿਆ, ਆਵਾਸ, ਪੁਲਿਸ ਆਦਿ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਨੂੰ ਗੰਭੀਰਤਾ ਨਾਲ ਲੈਣ ਤੇ ਕਿਸੇ ਤਰ੍ਹਾਂ ਦੀ ਅਣਗਹਿਲੀ ਕਰਨ ਤੋਂ ਬਚਣ। ਉਨ੍ਹਾਂ ਦੱਸਿਆ ਕਿ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਨੈਸ਼ਨਲ ਪੋਰਟਲ 23 ਜੁਲਾਈ ਤੋਂ ਚਾਲੂ ਹੋ ਗਿਆ ਹੈ, ਘੱਟ ਗਿਣਤੀਆਂ ਦੇ ਵਿਦਿਆਰਥੀ ਇਸ ਦਾ ਲਾਭ ਉਠਾਉਣ। ਉਨ੍ਹਾਂ ਨੇ ਪੁਲਿਸ ਨੂੰ ਫਿਰਕੂ ਤਣਾਓ ਰੋਕਣ ਲਈ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਤੇ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਵੀ ਕੀਤੀ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਰਾਏ ਨੇ ਦੱਸਿਆ ਕਿ ਸ਼ਿਲਾਂਗ ‘ਚ ਸਿੱਖਾਂ ਦੇ ਮਸਲੇ ਨੂੰ ਹੱਲ ਕਰਨ ਲਈ ਕਮਿਸ਼ਨ ਨੇ ਸਮੇਂ ਸਿਰ ਕਦਮ ਉਠਾਉਂਦਿਆਂ ਸ਼ਿਲਾਂਗ ਦੇ ਮੁੱਖ ਸਕੱਤਰ ਤੇ ਸਬੰਧਿਤ ਅਧਿਕਾਰੀਆਂ ਨੂੰ ਤਲਬ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕਮਿਸ਼ਨ ਘੱਟ ਗਿਣਤੀਆਂ ਨਾਲ ਕਿਸੇ ਕਿਸਮ ਦੀ ਹੋਣ ਵਾਲੀ ਵਧੀਕੀ ਜਾਂ ਸ਼ਿਕਾਇਤ ਦਾ ਖ਼ੁਦ ਵੀ ਨੋਟਿਸ ਲੈਂਦਾ ਹੈ ਤੇ ਸ਼ਿਕਾਇਤਾਂ ਪ੍ਰਾਪਤ ਹੋਣ ‘ਤੇ ਸੁਣਵਾਈ ਕਰਕੇ ਇਨ੍ਹਾਂ ਦਾ ਨਿਪਟਾਰਾ ਵੀ ਕਰਵਾਉਂਦਾ ਹੈ।

ਇਸ ਮੌਕੇ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਸੀਈਓ ਜ਼ਿਲ੍ਹਾ ਪ੍ਰੀਸ਼ਦ ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਭਲਾਈ ਅਫ਼ਸਰ ਗੁਰਿੰਦਰਜੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਰੁਜ਼ਗਾਰ ਜੈਨਰੇਸ਼ਨ ਗੁਰਮੀਤ ਕੌਰ ਸ਼ੇਰਗਿੱਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਬਰਿੰਦਰ ਸਿੰਘ ਟਿਵਾਣਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਲਦੀਪ ਸਿੰਘ, ਨਗਰ ਨਿਗਮ ਤੋਂ ਇੰਜ. ਐੱਮ. ਐੱਮ. ਸਿਆਲ ਸਮੇਤ ਤਹਿਸੀਲਦਾਰ ਪਟਿਆਲਾ ਪਰਵੀਨ ਕੁਮਾਰ ਆਦਿ ਤੇ ਹੋਰ ਅਧਿਕਾਰੀ ਹਾਜ਼ਰ ਸਨ।