ਵਿਦਿਆਰਥੀਆਂ ਨੇ ਕਾਲਜ ਦੀ ਛੱਤ ‘ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ

Students, Performed, Climb, College

ਐੱਸਡੀਐੱਮ ਨਾਲ ਮੁਲਾਕਾਤ ਤੋਂ ਬਾਅਦ ਮਸਲੇ ਦਾ ਹੱਲ ਕਰਨ ਦਾ ਮਿਲਿਆ ਭਰੋਸਾ | Sri Muktsar Sahib News

ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਫੀਸਾਂ ਤੇ ਪੀਟੀਏ ਫੰਡ ਮੁਆਫ਼ ਕਰਵਾਉਣ ਲਈ ਕਾਲਜ ਛੱਤ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। (Sri Muktsar Sahib News)

ਇਸ ਦੌਰਾਨ ਐੱਸਐੱਚਓ ਅਸ਼ੋਕ ਕੁਮਾਰ ਵੱਲੋਂ ਡੀਸੀ ਨਾਲ ਮੀਟਿੰਗ ਕਰਵਾਉਣ ਦੇ ਦਿੱਤੇ ਭਰੋਸੇ ਬਾਅਦ ਪ੍ਰਦਰਸ਼ਨ ਖ਼ਤਮ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੀਐੱਸਯੂ ਦੇ ਸੂਬਾਈ ਆਗੂ ਗਗਨ ਸੰਗਰਾਮੀ ਤੇ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਐੱਸਸੀ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਮੰਗ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਘਰਾਂ ਨੂੰ ਮੋੜ ਰਹੀ ਹੈ ਪਰ ਵਿਦਿਆਰਥੀ ਇਹ ਫੀਸਾਂ ਭਰਨ ਤੋਂ ਅਸਮਰਥ ਹਨ, ਜਿਸ ਕਰਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ। ਕਾਲਜ ਮੈਨੇਜਮੈਂਟ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਆਏ ਦਿਨ ਵਿਦਿਆਰਥੀਆਂ ਤੋਂ ਨਜਾਇਜ਼ ਫੀਸਾਂ ਲੈਣ ਦੇ ਨਾਲ-ਨਾਲ ਫੀਸਾਂ ‘ਚ ਵਾਧਾ ਵੀ ਕਰ ਰਿਹਾ ਹੈ।

ਇਸ ਲਈ ਸੰਘਰਸ਼ ਦੇ ਅਗਲੇ ਪੜਾਅ ਵਜੋਂ ਕਾਲਜ ਦੀ ਛੱਤ ‘ਤੇ ਚੜ੍ਹ ਕੇ ਧਰਨਾ ਦਿੱਤਾ ਗਿਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐੱਸਐੱਚਓ ਅਸ਼ੋਕ ਕੁਮਾਰ ਦੁਆਰਾ ਡੀਸੀ ਐੱਮ. ਕੇ. ਅਰਵਿੰਦ ਕੁਮਾਰ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਵਿਦਿਆਰਥੀ ਆਗੂਆਂ ਦੱਸਿਆ ਕਿ ਡੀਸੀ ਮੁਕਤਸਰ ਵੱਲੋਂ ਐੱਸਡੀਐੱਮ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਐੱਸਡੀਐੱਮ ਰਾਜਪਾਲ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜੋ ਹਾਇਰ ਐਜੂਕੇਸ਼ਨ ਤੇ ਯੂਨੀਵਰਸਿਟੀ ਦੇ ਪੱਤਰ ਜਾਰੀ ਕੀਤੇ ਹਨ ਉਨ੍ਹਾਂ ਮੁਤਾਬਿਕ ਫੀਸ ਨਹੀਂ ਲਈ ਜਾ ਸਕਦੀ। ਇਸ ਉਪਰੰਤ ਉਹਨਾਂ ਨੇ ਭਲਾਈ ਅਫ਼ਸਰ ਤੇ ਪ੍ਰਿੰਸੀਪਲ ਮੰਜੂ ਵਾਲੀਆ ਨਾਲ ਮੀਟਿੰਗ ਕਰਨ ਤੋਂ ਬਾਅਦ ਮਸਲੇ ਦੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੁਖਮੰਦਰ ਕੌਰ, ਰਜਨੀ ਕੌਰ, ਰਮਨਦੀਪ ਕੌਰ, ਜਗਮੀਤ ਸਿੰਘ, ਇੰਦਰ ਸਿੰਘ, ਅਮਨਦੀਪ ਕੌਰ, ਸਤਵੀਰ ਕੌਰ, ਹਨੀ, ਗੁਰਦਾਸ ਸਿੰਘ ਆਦਿ ਹਾਜ਼ਰ ਸਨ।