ਹੱਥੋਂ ਪਾਈ ਹੋਏ ਅਕਾਲੀ ਵਿਧਾਇਕ ਪਵਨ ਟੀਨੂੰ ਅਤੇ ਕਾਂਗਰਸੀ ਵਿਧਾਇਕ, ਟੀਨੂੰ ‘ਤੇ ਭੱਦੀ ਟਿੱਪਣੀ ਦਾ ਦੋਸ਼

Vidhan Sabha

ਮਨਪ੍ਰੀਤ ਬਾਦਲ ਨੇ ਪਵਨ ਟੀਨੂੰ ਲਲਕਾਰੀਆਂ ਤਾਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਘੇਰਿਆ ਪਵਨ ਟੀਨੂੰ

ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਫੜ ਕੇ ਪਵਨ ਟੀਨੂੰ ਖਿੱਚਿਆ ਪਰ ਵਿਚਕਾਰ ਆ ਗਏ ਅਰੁਨ ਨਾਰੰਗ

ਸਪੀਕਰ ਵਲੋਂ ਕਾਫ਼ੀ ਜਿਆਦਾ ਰੋਕਣ ਦੀ ਕੋਸ਼ਸ਼, ਸਥਿਤੀ ਗੰਭੀਰ ਹੁੰਦਾ ਦੇਖ ਕੀਤਾ ਹਾਉਸ 15 ਮਿੰਟ ਲਈ ਮੁਲਤਵੀ

ਵਿਧਾਇਕ ਪਵਨ ਟੀਨੂੰ ਖ਼ਿਲਾਫ਼ ਸਦਨ ਦੀ ਮਰਿਆਦਾ ਦੀ ਉਲੰਘਣਾ ਦਾ ਮਤਾ ਪਾਸ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਉਸ ਸਮੇਂ ਸਥਿਤੀ ਕਾਫ਼ੀ ਜਿਆਦਾ ਗੰਭੀਰ ਹੋ ਗਈ, ਜਦੋਂ ਵੈੱਲ ਵਿੱਚ ਨਾਅਰੇਬਾਜ਼ੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਕੁਝ ਕਿਹਾ ਤਾਂ ਮਨਪ੍ਰੀਤ ਬਾਦਲ ਨੂੰ ਪਵਨ ਟੀਨੂੰ ਦੀ ਟਿੱਪਣੀ ਇੰਨੀ ਜਿਆਦਾ ਮਾੜੀ ਲਗੀ ਕਿ ਉਨਾਂ  ਆਪਣੇ ਬੈਂਚ ਤੋਂ ਉੱਠਦੇ ਹੋਏ ਪਵਨ ਟੀਨੂੰ ਨੂੰ ਲਲਕਾਰ ਮਾਰ ਦਿੱਤਾ। ਇਥੇ ਹੀ ਹੋਰ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ  ਗੁੱਸੇ ‘ਚ ਪਵਨ ਟੀਨੂੰ ਵਲ ਵਧਣਾ ਸ਼ੁਰੂ ਕਰ ਦਿੱਤਾ ਅਤੇ ਇਸ ਸੈਸ਼ਨ ਦੌਰਾਨ ਪਹਿਲੀ ਵਾਰ ਕਾਂਗਰਸੀ ਮੰਤਰੀ ਅਤੇ ਵਿਧਾਇਕ ਆਪਣੇ ਬੈਂਚ ਨੂੰ ਕ੍ਰਾਸ ਕਰਦੇ ਹੋਏ ਵਿਰੋਧੀ ਧਿਰ ਦੇ ਬੈਂਚਾਂ ਵਲ ਨੂੰ ਵਧੇ।

ਇਸ ਦੌਰਾਨ ਹਥੋ ਪਾਈ ਤੱਕ ਉੱਤਰਨ ਦੀ ਕੋਸ਼ਿਸ਼ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਵਿਧਾਇਕਾਂ ਨੂੰ ਬੈਠਣ ਲਈ ਕਿਹਾ ਪਰ ਜਿਆਦਾ ਗਰਮਾ ਗਰਮੀ ਕਾਰਨ ਸਪੀਕਰ ਵਲੋਂ ਵਿਧਾਨ ਸਭਾ ਦੀ ਕਾਰਵਾਈ ਨੂੰ 15 ਮਿੰਟ ਦੀ ਮੁਲਤਵੀ ਕਰ ਦਿੱਤਾ ਗਿਆ। ਪਵਨ ਟੀਨੂੰ ਇਸ ਤੋਂ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਖ਼ਿਲਾਫ਼ ਵੈੱਲ ਵਿੱਚ ਰੋਸ ਕਰ ਰਹੇ ਹਨ, ਇਸ ਦੌਰਾਨ ਹੀ ਉਨਾਂ ਨੇ ਮਨਪ੍ਰੀਤ ਬਾਦਲ ਨੂੰ ਕੁਝ ਕਿਹਾ ਸੀ।

ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵੀ ਸਦਨ ਦੇ ਅੰਦਰ ਹੀ ਕਾਫ਼ੀ ਜਿਆਦਾ ਗਰਮਾ ਗਰਮੀ ਚਲਦੀ ਰਹੀਂ ਹੈ, ਇਸੇ ਦੌਰਾਨ ਵਿਧਾਇਕ ਕੁਲਬੀਰ ਜੀਰਾ ਨੇ ਪਵਨ ਟੀਨੂੰ ਦੀ ਬਾਜ਼ੂ ਫੜ ਕੇ ਆਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਨਾਂ ਵਿਚਕਾਰ ਹੋਰ ਅਕਾਲੀ ਵਿਧਾਇਕ ਪੁੱਜ ਗਏ, ਜਿਨਾਂ ਨੇ ਇਸ ਖਿੱਚ ਧੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਸਦਨ ਦੇ ਅੰਦਰ ਹੀ ਦੋਵਾਂ ਧਿਰਾਂ ਵੱਲੋਂ ਬਾਹਰ ਆ ਕੇ ਦੋ-ਦੋ ਹੱਥ ਕਰਨ ਦੀ ਚਿਤਾਵਨੀ ਵੀ ਦੇ ਦਿੱਤੀ ਗਈ। ਅਕਾਲੀ ਵਿਧਾਇਕਾਂ ਵੱਲੋਂ ਪਵਨ ਟੀਨੂੰ ਨੂੰ ਵਿਰੋਧੀ ਧਿਰ ਵਾਲੇ ਪਾਸਿਓ ਸਦਨ ਵਿੱਚੋਂ ਬਾਹਰ ਭੇਜ ਦਿੱਤਾ ਗਿਆ ਤਾਂ ਕਿ ਸਦਨ ਦੇ ਅੰਦਰ ਮਾਹੌਲ ਸ਼ਾਂਤ ਕੀਤਾ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਪਵਨ ਟੀਨੂੰ ਵੱਲੋਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਪ੍ਰਤੀ ਕੋਈ ਭੱਦੀ ਟਿੱਪਣੀ ਕੀਤੀ ਗਈ ਸੀ, ਜਿਸ ਕਾਰਨ ਸੈਸ਼ਨ ਦੌਰਾਨ ਹਮੇਸ਼ਾ ਹੀ ਸ਼ਾਂਤ ਰਹਿਣ ਵਾਲੇ ਮਨਪ੍ਰੀਤ ਬਾਦਲ ਨੂੰ ਪਹਿਲੀ ਵਾਰ ਇਸ ਤਰਾਂ ਗੁੱਸੇ ਵਿੱਚ ਦੇਖਿਆ ਗਿਆ।

ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਬ੍ਰਹਮ ਮਹਿੰਦਰਾ ਵਲੋਂ ਕਿਹਾ ਗਿਆ ਕਿ ਪਵਨ ਟੀਨੂੰ ਵਲੋਂ ਮਨਪ੍ਰੀਤ ਬਾਦਲ ‘ਤੇ ਭੱਦੀ ਟਿੱਪਣੀ ਕੀਤੀ ਗਈ ਹੈ, ਜਿਸ ਨੂੰ ਕਿ ਉਹ ਸਦਨ ਵਿੱਚ ਦੂਹਰਾ ਵੀ ਨਹੀਂ ਸਕਦੇ ਹਨ। ਇਸ ਲਈ ਪਵਨ ਟੀਨੂੰ ਦੀ ਇਹ ਹਰਕਤ ਬਰਦਾਸ਼ਤ ਕਰਨ ਯੋਗ ਨਹੀਂ ਹੈ, ਜਿਸ ਕਾਰਨ ਉਹ ਪਵਨ ਟੀਨੂੰ ਖ਼ਿਲਾਫ਼ ਸਦਨ ਦੀ ਮਰਿਆਦਾ ਦੇ ਉਲੰਘਣਾ ਕਰਨ ਕਰਕੇ ਕਾਰਵਾਈ ਕਰਨ ਦਾ ਮਤਾ ਪੇਸ਼ ਕਰਦੇ ਹਨ। ਸੰਸਦੀ ਕਾਰਜ ਮੰਤਰੀ ਬ੍ਰਹਮ ਮਹੰਿਦਰਾਂ ਵਲੋਂ ਪੇਸ਼ ਕੀਤੇ ਗਏ ਇਸ ਮਤੇ ਨੂੰ ਸਦਨ ਦੇ ਅੰਦਰ ਪਾਸ ਕਰ ਦਿੱਤਾ ਗਿਆ।

ਸਪੀਕਰ ਕੋਲ ਪੁੱਜੇ ਅਕਾਲੀ ਵਿਧਾਇਕ, ਮਨਪ੍ਰੀਤ ਬਾਦਲ ਅਤੇ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਮੰਗੀ ਕਾਰਵਾਈ

ਵਿਧਾਨ ਸਭਾ ਦੇ ਅੰਦਰ ਹੋਏ ਹੰਗਾਮੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਪੁੱਜਦੇ ਹੋਏ ਖਜਾਨਾ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸੀ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ।
ਇਨਾਂ ਸਾਰੇ ਅਕਾਲੀ ਵਿਧਾਇਕਾਂ ਨੇ ਦੋਸ਼ ਲਗਾਇਆ ਹੈ ਕਿ ਪਵਨ ਕੁਮਾਰ ਟੀਨੂੰ ਨਾਲ ਉਸ ਸਮੇਂ ਗਾਲ਼ੀ ਗਲੋਚ ਅਤੇ ਧੱਕਾ ਮੁੱਕੀ ਕੀਤੀ ਜਦੋਂ ਉਨਾਂ ਨੇ ਵਿਧਾਨ ਸਭਾ ਅੰਦਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਬਕਾਇਆ ਵਜ਼ੀਫਿਆਂ ਦਾ ਮੁੱਦਾ ਉਠਾਇਆ ਸੀ।

ਸ਼ਰਨਜੀਤ ਸਿੰਘ ਢਿੱਲੋਂ ਦੱਸਿਆ ਕਿ ਉਨਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਜਾਣਕਾਰੀ ਦਿੱਤੀ ਹੈ ਕਿ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੇ ਸਿਰਫ਼ ਇਸ ਲਈ ਪਵਨ ਟੀਨੂੰ ਉੱਤੇ ਸਰੀਰਕ ਹਮਲਾ ਕਰ ਦਿੱਤਾ ਕਿਉਂਕਿ ਉਹ ਖਜਾਨਾ ਮੰਤਰੀ ਨੂੰ ਇਹ ਪੁੱਛ ਰਹੇ ਸਨ ਕਿ ਦਲਿਤ ਭਾਈਚਾਰੇ ਵਾਸਤੇ ਆਏ ਫੰਡ ਖਾਸ ਕਰਕੇ ਐਸਸੀ ਵਜ਼ੀਫਿਆਂ ਦੀ ਰਾਸ਼ੀ ਕਿਉਂ ਜਾਰੀ ਨਹੀਂ ਕੀਤਾ ਜਾ ਰਹੇ?

ਸ਼ਰਨਜੀਤ ਢਿੱਲੋਂ ਅਨੁਸਾਰ ਅਕਾਲੀ ਵਿਧਾਇਕਾਂ ਨੇ ਸਪੀਕਰ ਨੂੰ ਦੱਸਿਆ ਕਿ ਵਿੱਤ ਮੰਤਰੀ ਨੇ ਪਵਨ ਟੀਨੂੰ ਨੂੰ ਇੱਕ ਗੰਦੀ ਗਾਲ੍ਹ ਕੱਢੀ ਅਤੇ ਬਾਕੀ ਕਾਂਗਰਸੀ ਵਿਧਾਇਕਾਂ ਨੂੰ ਉਸ ਉੱਤੇ ਹਮਲਾ ਕਰਨ ਲਈ ਉਕਸਾਇਆ। ਉਨਾਂ ਦੱਸਿਆ ਕਿ ਜੇਕਰ ਡਾਕਟਰ ਸੁਖਵਿੰਦਰ ਸੁੱਖੀ ਸਮੇਤ ਕੁੱਝ ਅਕਾਲੀ ਆਗੂ ਉਨਾਂ ਦੇ ਬਚਾਅ ਲਈ ਨਾ ਆਉਂਦੇ ਤਾਂ ਅਕਾਲੀ ਆਗੂ ਦਾ ਨੁਕਸਾਨ ਹੋ ਜਾਣਾ ਸੀ।

ਵਿਧਾਇਕਾਂ ਨੇ ਕਿਹਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਹ ਮਸਲਾ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ  ਕੀਤਾ ਜਾਵੇ, ਕਿਉਂਕਿ ਇੱਕ ਦਲਿਤ ਆਗੂ ਦਾ ਵਿਧਾਨ ਸਭਾ ਅੰਦਰ ਵਿੱਤ ਮੰਤਰੀ ਅਤੇ ਮੰਤਰੀਆਂ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਤੋਂ ਇਲਾਵਾ ਕਾਂਗਰਸੀ ਵਿਧਾਇਕਾਂ ਦੁਆਰਾ ਨਿਰਾਦਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।