ਕਿਸਾਨਾਂ ਦਾ ਜੀਵਨ ਅਤੇ ਖੇਤੀ

ਕਿਸਾਨਾਂ ਦਾ ਜੀਵਨ ਅਤੇ ਖੇਤੀ

ਭਾਰਤ ਵਿਚ ਸਭ ਤੋਂ ਜ਼ਿਆਦਾ ਪਿੰਡ ਹਨ ਅਤੇ ਪਿੰਡਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਕਿਸਾਨ ਹਨ, ਜੋ ਖੇਤੀਬਾੜੀ ਕਰਦੇ ਹਨ। ਇਸੇ ਲਈ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਇਹ ਉਹੀ ਕਿਸਾਨ ਹਨ, ਜੋ ਦਿਨ-ਰਾਤ ਖੇਤਾਂ ’ਚ ਮਿਹਨਤ ਕਰਕੇ ਦੇਸ਼ ਲਈ ਅੰਨ ਉਗਾਉਂਦੇ ਹਨ ਅਤੇ ਅੰਨਦਾਤਾ ਵਜੋਂ ਜਾਣੇ ਜਾਂਦੇ ਹਨ ਪਰ ਅੱਜ ਦੇ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਆਖਿਰ ਕਿਸਾਨ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਿਉਂ ਹੈ? ਇਹ ਇੱਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਬਹੁਤ ਚਿਰਾਂ ਤੋਂ ਲੱਭਿਆ ਜਾ ਰਿਹਾ ਹੈ। ਵੱਡੀਆਂ-ਵੱਡੀਆਂ ਰਿਪੋਰਟਾਂ ਆ ਚੁੱਕੀਆਂ ਹਨ, ਜਿਨ੍ਹਾਂ ’ਚੋਂ ਕਈ ਲਾਗੂ ਵੀ ਹੋਈਆਂ ਤਾਂ ਕਈ ਦਬਾ ਦਿੱਤੀਆਂ ਗਈਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਜੋ ਹੱਲ ਕੀਤੇ ਗਏ, ਉਨ੍ਹਾਂ ਦਾ ਅਜੇ ਤੱਕ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ।

ਮੁੱਖ ਸਵਾਲ ਇਹ ਹੈ ਕਿ ਕੀ ਅਸੀਂ ਕਿਸਾਨਾਂ ਦੀ ਸਮੱਸਿਆ ਦਾ ਸਹੀ ਹੱਲ ਨਹੀਂ ਲੱਭ ਸਕੇ ਜਾਂ ਲੱਭਣਾ ਹੀ ਨਹੀਂ ਚਾਹੁੰਦੇ। ਦੇਖਿਆ ਜਾਵੇ ਤਾਂ ਆਜ਼ਾਦ ਭਾਰਤ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਇੱਕ ਲੰਮਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਭਾਰਤ ਦੇ ਕਿਸਾਨਾਂ ਦੀ ਦਸ਼ਾ ’ਚ ਬਹੁਤ ਜ਼ਿਆਦਾ ਹੀ ਫਰਕ ਦਿਖਾਈ ਦਿੰਦਾ ਹੈ ਅਤੇ ਜਿਹੜੇ ਖੁਸ਼ਹਾਲ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਦੀ ਗਿਣਤੀ ਉਂਗਲਾਂ ’ਤੇ ਕੀਤੀ ਜਾ ਸਕਦੀ ਹੈ। ਵਧਦੀ ਆਬਾਦੀ, ਉਦਯੋਗਕੀਕਰਨ ਤੇ ਸ਼ਹਿਰੀਕਰਨ ਕਰਕੇ ਖੇਤੀ ਰਕਬੇ ’ਚ ਲਗਾਤਾਰ ਕਮੀ ਆਈ ਹੈ।

ਦੇਖਿਆ ਜਾਵੇ ਤਾਂ ਅੱਜ ਦੇਸ਼ ’ਚ ਕਿਸਾਨਾਂ ਦੀ ਗਿਣਤੀ ਘੱਟ ਹੈ ਤੇ ਖੇਤ ਮਜ਼ਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅੱਜ ਦਾ ਕਿਸਾਨ ਇੰਨਾ ਲਾਚਾਰ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿਵਾ ਸਕਦਾ। ਹਾਲਾਤ ਇਹ ਬਣ ਗਏ ਹਨ ਕਿ ਜੇ ਫਸਲ ਚੰਗੀ ਨਾ ਹੋਵੇ ਤਾਂ ਕਿਸਾਨ ਖ਼ੁਦਕੁਸ਼ੀ ਕਰ ਲੈਂਦਾ ਹੈ ਤੇ ਜੇ ਕਿਤੇ ਫਸਲ ਚੰਗੀ ਹੋ ਜਾਵੇ ਤਾਂ ਮੰਡੀ ’ਚ ਉਸ ਨੂੰ ਸਹੀ ਭਾਅ ਨਹੀਂ ਮਿਲਦਾ, ਜਿਸ ਭਾਅ ਦੀ ਉਮੀਦ ਰੱਖ ਕੇ ਉਹ ਫਸਲ ਪਾਲਦਾ ਹੈ। ਇਸ ਤੋਂ ਇਲਾਵਾ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਨੇ ਵੀ ਕਿਸਾਨਾਂ ਦੀ ਹਾਲਤ ਖਰਾਬ ਕੀਤੀ ਹੈ।

ਭਾਰਤੀ ਖੇਤੀਬਾੜੀ ਬਹੁਤ ਹੱਦ ਤੱਕ ਮਾਨਸੂਨ ’ਤੇ ਨਿਰਭਰ ਕਰਦੀ ਹੈ ਤੇ ਮਾਨਸੂਨ ਦੀ ਅਸਫਲਤਾ ਕਾਰਨ ਨਕਦੀ ਫਸਲਾਂ ਦਾ ਨਸ਼ਟ ਹੋਣਾ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਮੁੱਖ ਵਜ੍ਹਾ ਹੈ। ਭਾਰਤ ’ਚ ਹਰ ਸਾਲ 10,000 ਤੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀਆਂ ਕਰਦੇ ਆ ਰਹੇ ਹਨ। ਖੇਤੀਬਾੜੀ ਧੰਦਾ ਲਾਹੇਵੰਦ ਨਾ ਰਹਿਣ ਕਰ ਕੇ ਕਿਸਾਨ ਖੇਤੀ ਛੱਡ ਕੇ ਹੋਰ ਵੱਖ-ਵੱਖ ਧੰਦੇ ਅਪਣਾ ਰਹੇ ਹਨ। ਇਸ ਤੋਂ ਇਲਾਵਾ ਆਪਣੀਆਂ ਵੱਖ-ਵੱਖ ਮੰਗਾਂ ਲਈ ਕਿਸਾਨਾਂ ਨੂੰ ਆਏ ਦਿਨ ਅੰਦੋਲਨ ਛੇੜਨ ਲਈ ਸੜਕਾਂ ’ਤੇ ਆਉਣਾ ਪੈ ਰਿਹਾ ਹੈ। ਜਦੋਂ ਅੰਦੋਲਨ, ਰੋਸ-ਮੁਜ਼ਾਹਰੇ ਕਰਨ ਤੇ ਵੀ ਗੱਲ ਨਹੀਂ ਬਣਦੀ ਤਾਂ ਕਿਸਾਨ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਅਜਿਹਾ ਨਹੀਂ ਹੈ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਕਿਸਾਨਾਂ ਦੀ ਇਸ ਹਾਲਤ ਤੋਂ ਪ੍ਰੇਸ਼ਾਨ ਨਹੀਂ। ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਦੇ ਮੱਦੇਨਜ਼ਰ ਕਈ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਸੂਬੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਦੀ ਦਿਸ਼ਾ ਚ ਵੀ ਕਦਮ ਚੁੱਕ ਰਹੇ ਹਨ ਪਰ ਇਸ ਨੂੰ ਸਮੱਸਿਆ ਦਾ ਚਿਰਸਥਾਈ ਹੱਲ ਨਹੀਂ ਕਿਹਾ ਜਾ ਸਕਦਾ। ਕਿਸਾਨਾਂ ਦੀ ਸਮੱਸਿਆ ਦਾ ਇੱਕੋ-ਇੱਕ ਹੱਲ ਇਹ ਹੈ ਕਿ ਖੇਤੀ ਲਾਗਤ ’ਤੇ ਕੰਟਰੋਲ ਕੀਤਾ ਜਾਵੇ ਤੇ ਖੇਤੀ ਉਪਜ ਦੀਆਂ ਸਹੀ ਕੀਮਤਾਂ ਯਕੀਨੀ ਬਣਾਈਆਂ ਜਾਣ।

ਆਪਣੀ ਦਸ਼ਾ ਸੁਧਾਰਨ ਲਈ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਛੋਟੇ-ਛੋਟੇ ਧੰਦੇ ਵੀ ਅਪਣਾਉਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੀ ਆਮਦਨ ਦੇ ਸੋਮੇ ਵਧਣ ਅਤੇ ਉਨ੍ਹਾਂ ਨੂੰ ਆਰਥਿਕ ਔਕੜਾਂ ਤੋਂ ਛੁਟਕਾਰਾ ਮਿਲ ਸਕੇ। ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਪੰਜਾਬ ਭਾਰਤ ਦੇ ਅੰਨ ਭੰਡਾਰ ਵਿੱਚ ਸਭ ਤੋਂ ਜਿਆਦਾ ਹਿੱਸਾ ਪਾਉਂਦਾ ਹੈ ਇਹ ਪੰਜਾਬੀ ਕਿਸਾਨ ਹੀ ਹਨ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਉੱਪਰੋਂ ਸੰਘਣੇ ਜੰਗਲਾਂ ਨੂੰ ਸਾਫ ਕਰਕੇ ਉੱਥੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਤੇਜ਼ ਗਰਮੀ ਦੇ ਨਾਲ-ਨਾਲ ਹੱਢ ਚੀਰਵੀਂ ਠੰਢ ਵਿਚ ਵੀ ਦਿਨ ਤੇ ਰਾਤਾਂ ਨੂੰ ਵੀ ਜਾਗ ਕੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆਂ ਸਰਦੀਆਂ ਦੀ ਰੁੱਤ ’ਚ ਪੈਂਦੇ ਕੱਕਰ ਵਿੱਚ ਬਰਫ਼ ਵਰਗੇ ਠੰਢੇ ਪਾਣੀ ’ਚ ਨੰਗੇ ਪੈਰੀਂ ਨੱਕੇ ਮੋੜਨ ਵਾਲਾ ਪੰਜਾਬੀ ਕਿਸਾਨ ਅੱਜ ਜੇ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ, ਤਾਂ ਇਸ ਦੇ ਵੀ ਕਈ ਕਾਰਨ ਹਨ

ਵੱਡੇ ਕਿਸਾਨਾਂ ਦੀ ਦੇਖਾ-ਦੇਖੀ ਆਮ ਕਿਸਾਨ ਵੀ ਆਪਣੇ ਖਰਚੇ ਵਧਾ ਲੈਂਦਾ ਹੈ, ਇਹੀ ਖਰਚੇ ਹੀ ਫਿਰ ਕਿਸਾਨ ਲਈ ਜੀ ਦਾ ਜੰਜਾਲ ਬਣ ਜਾਂਦੇ ਹਨ ਇਸ ਤਰ੍ਹਾਂ ਸਾਰੀ ਉਮਰ ਹੀ ਕਿਸਾਨ ਦੀ ਕਰਜ਼ੇ ਦੇ ਜੰਜਾਲ ਵਿਚ ਫਸੇ ਦੀ ਲੰਘ ਜਾਂਦੀ ਹੈ ਪਰ ਕਰਜ਼ਾ ਨਹੀਂ ਮੁੱਕਦਾ ਕਿਸਾਨ ਦੀ ਜਿੰਦਗੀ ਮੁੱਕ ਜਾਂਦੀ ਹੈ ਪਰ ਸ਼ਾਹਾਂ, ਸਰਕਾਰ ਤੇ ਸੁਸਾਇਟੀਆਂ ਦਾ ਕਰਜ਼ਾ ਨਹੀਂ ਮੁੱਕਦਾ ਇਸ ਤਰ੍ਹਾਂ ਖੇਤਾਂ ਦੇ ਮਾਲਕ ਕਿਸਾਨ ਜ਼ਮੀਨ ਵੇਚਣ ਲਈ ਮਜਬੂਰ ਹੋ ਜਾਂਦੇ ਹਨ ਵੱਡੀ ਗਿਣਤੀ ਕਿਸਾਨ ਜ਼ਮੀਨ ਵੇਚੇ ਜਾਂ ਗਹਿਣੇ ਹੋਣ ਕਰਕੇ ਖੇਤੀ ਦੀ ਥਾਂ ਹੋਰ ਕੰਮ ਕਰਨ ਲਈ ਮਜਬੂਰ ਹੋ ਗਏ ਹਨ

ਕੋਈ ਦਿਨ ਹੀ ਜਾਂਦਾ ਹੈ ਜਿਸ ਦਿਨ ਪੰਜਾਬ ਦੇ ਕਿਸੇ ਪਿੰਡ ਜਾਂ ਕਸਬੇ ਵਿਚੋਂ ਕਿਸਾਨ ਜਾਂ ਮਜ਼ਦੂਰ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਨਾ ਆਉਂਦੀ ਹੋਵੇ ਖੇਤਾਂ ਦੇ ਪੁੱਤ ਹੁਣ ਖੇਤਾਂ ਵਿੱਚ ਹੀ ਖੁਦਕੁਸ਼ੀ ਕਰਨ ਨੂੰ ਕਿਉਂ ਮਜ਼ਬੂਰ ਹੋ ਰਹੇ ਹਨ? ਇਸ ਤਰ੍ਹਾਂ ਦੇ ਕਈ ਸਵਾਲ ਹਰ ਇੱਕ ਦਿਮਾਗ ਵਿੱਚ ਘੁੰਮਦੇ ਹਨ ਕੁੱਝ ਵਿਦਵਾਨਾਂ ਦਾ ਕਹਿਣੈ ਕਿ ਕਿਸਾਨਾਂ ਦੀ ਆਰਥਿਕ ਹਾਲਤ ’ਚ ਨਿਘਾਰ ਲਈ ਸਰਕਾਰ ਜਿੰਮੇਵਾਰ ਹੈ, ਫਸਲਾਂ ਦਾ ਸਹੀ ਭਾਅ ਨਹੀਂ ਮਿਲਦਾ ਤੇ ਜੋ ਪੈਸੇ ਮਿਲਦੇ ਨੇ, ਉਹ ਪਿਛਲਾ ਕਰਜ਼ਾ ਲਾਹੁਣ ਵਿਚ ਹੀ ਖਤਮ ਹੋ ਜਾਂਦੇ ਨੇ

ਪੰਜਾਬ ’ਚ ਬਾਰਾਂ ਹਜ਼ਾਰ ਤੋਂ ਵੱਧ ਪਿੰਡ ਹਨ ਤੇ ਇਨ੍ਹਾਂ ਪਿੰਡਾਂ ’ਚ ਪਹਿਲਾਂ ਆਪਸੀ ਦੂਰੀ ਕਾਫੀ ਜ਼ਿਆਦਾ ਸੀ, ਹੁਣ ਇਹ ਘਟ ਗਈ ਹੈ ਇਸਦਾ ਕਾਰਨ ਪਿੰਡਾਂ ਦੀ ਆਬਾਦੀ ਵਧਦੀ-ਵਧਦੀ ਹੁਣ ਖੇਤਾਂ ਤੱਕ ਵੀ ਪਹੁੰਚ ਗਈ ਹੈ ਇੱਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਪਰ ਹਰ ਸਾਲ ਹੀ ਖਾਦ ਤੇ ਹੋਰ ਖੇਤੀ ਨਾਲ ਸਬੰਧਿਤ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਹਨ

ਕਦੇ ਸੋਕਾ ਪੈ ਜਾਂਦਾ ਹੈ ਤੇ ਕਦੇ ਹੜ੍ਹ ਆ ਜਾਂਦਾ ਹੈ ਜਦੋਂ ਹੜ੍ਹ ਵਿਚ ਫਸਲ ਰੁੜ੍ਹ ਜਾਵੇ ਜਾਂ ਸੋਕੇ ਕਾਰਨ ਸੁੱਕ ਜਾਵੇ, ਸ਼ਾਹ ਦਾ ਕਰਜਾ ਹੋਰ ਵਧ ਜਾਵੇ, ਬੈਂਕ ਵਾਲੇ ਕਿਸ਼ਤਾਂ ’ਤੇ ਲਏ ਟਰੈਕਟਰ ਨੂੰ ਕਿਸ਼ਤਾਂ ਨਾ ਭਰਨ ਕਰਕੇ ਲੈ ਜਾਣ ਜਾਂ ਘਰਾਂ ਦੀ ਕੁਰਕੀ ਕਰਨ ਦੀ ਧਮਕੀ ਦੇਣ, ਲੱਖਾਂ ਰੁਪਏ ਲਾ ਕੇ ਮੈਰਿਜ ਪੈਲੇਸਾਂ ਵਿਚ ਵਿਆਹ ਕਰਨ ਦੇ ਬਾਵਜੂਦ ਧੀ ਸਹੁਰੇ ਸੁਖੀ ਨਾ ਹੋਵੇ, ਪੁੱਤ ਕੰਮ ਕਰਨ ਦੀ ਥਾਂ ਨਸ਼ੇੜੀ ਹੋਵੇ ਤਾਂ ਫਿਰ ਅਜਿਹਾ ਕਿਸਾਨ ਖੁਦਕਸ਼ੀ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਜਿਹੜੇ ਕਿਸਾਨਾਂ ਨੇ ਪੰਜਾਬ ਦੀ ਧਰਤੀ ਉੱਪਰ ਚਿੱਟਾ ਤੇ ਹਰਾ ਇਨਕਲਾਬ ਲਿਆਂਦਾ, ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਲਈ ਫੋਕੀ ਸ਼ੁਹਰਤਬਾਜੀ ਵਾਲੇ ਬਿਆਨ ਦੇਣ ਦੀ ਥਾਂ ਠੋਸ ਰੂਪ ਵਿਚ ਕਾਰਵਾਈ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਸਰਕਾਰ ਨੂੰ ਖਰਾਬ ਹੋਈਆਂ

ਫਸਲਾਂ ਦੇ ਯੋਗ ਮੁਆਵਜ਼ੇ ਦੇ ਨਾਲ ਹੀ ਕਿਸਾਨਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕਾਂ ਦੇ ਬੱਚਿਆਂ ਲਈ ਵੀ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਨੇ ਚਾਹੀਦੇ ਹਨ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਤਾਂ ਕਿ ਕੁਦਰਤੀ ਆਫਤਾਂ ਸਮੇਂ ਜੇ ਫਸਲ ਖਰਾਬ ਹੋ ਜਾਵੇ ਤਾਂ ਸਰਕਾਰ ਦੀ ਸਹਾਇਤਾ ਉਡੀਕਣ ਦੀ ਥਾਂ ਦੂਜੇ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੇ ਘਰਾਂ ਦਾ ਖਰਚ ਤਾਂ ਚੱਲ ਸਕੇ ਇਸ ਤਰ੍ਹਾਂ ਕਿਸਾਨਾਂ ਲਈ ਰੁਜ਼ਗਾਰ ਦੇ ਹੋਰ ਵਸੀਲੇ ਪੈਦਾ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਉਹ ਖੁਦਕੁਸ਼ੀ ਵਰਗੇ ਰਾਹ ਅਪਨਾਉਣ ਤੋਂ ਗੁਰੇਜ਼ ਕਰਨਗੇ

ਕਿਸਾਨਾਂ ਨੂੰ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਕਰਜ਼ੇ ਦੀ ਲੋੜ ਪੈਂਦੀ ਹੈ ਖੇਤੀ ਹੇਠ ਰਕਬਾ ਘੱਟ ਹੋ ਜਾਣ ਅਤੇ ਕਰਜ਼ਿਆਂ ਦਾ ਬੋਝ ਵਧਣ ਕਰਕੇ ਕਿਸਾਨਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾ ਸਿਰਫ਼ ਪੰਜਾਬ ਬਲਕਿ ਸਾਰੇ ਭਾਰਤ ਦੀ ਖੇਤੀ ਅਤੇ ਕਿਸਾਨ ਗੰਭੀਰ ਸੰਕਟ ਵਿੱਚ ਫਸੇ ਹੋਏ ਹਨ ਅਤੇ ਤਰਾਸਦੀ ਇਹ ਹੈ ਕਿ ਇਹ ਸੰਕਟ ਘਟਣ ਦੀ ਬਜਾਏ ਵਧ ਰਿਹਾ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਦੌਰਾਨ ਦੇਸ਼ ਭਰ ਵਿੱਚ ਲੱਖਾਂ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਸ ਤੋਂ ਇਲਾਵਾ ਲੱਖਾਂ ਕਿਸਾਨ ਖੇਤੀ ’ਚੋਂ ਬਾਹਰ ਜਾ ਚੁੱਕੇ ਹਨ ਤੇ ਹੋਰ ਲੱਖਾਂ ਬਾਹਰ ਜਾਣ ਦੀ ਤਾਕ ’ਚ ਹਨ। ਵੱਡੀ ਗਿਣਤੀ ’ਚ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਵਿੱਚ ਨਹੀਂ ਰੱਖਣਾ ਚਾਹੁੰਦੇ। ਉੱਪਰੋਂ ਨਵੇਂ ਖੇਤੀ ਕਾਨੂੰਨਾਂ ਨੇ ਜੋ ਸਥਿਤੀ ਪੈਦਾ ਕੀਤੀ ਹੈ ਉਹ ਵੀ ਖੇਤੀ ਲਈ ਬਹੁਤ ਲਾਹੇਵੰਦ ਨਹੀਂ ਕਹੀ ਜਾ ਸਕਦੀ
ਗੰਢੂਆਂ, ਸੰਗਰੂਰ

ਰਾਜਿੰਦਰ ਰਾਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.