ਨਸ਼ੇ ‘ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਇਸ ਬਿਮਾਰੀ ਨੂੰ ਸਮਝਣਾ ਜ਼ਰੂਰੀ

Depth

ਨਸ਼ੇ ‘ਤੇ ਜਿੱਤ ਪਾਉਣ ਲਈ ਪਰਿਵਾਰ ਨੂੰ ਇਸ ਬਿਮਾਰੀ ਨੂੰ ਸਮਝਣਾ ਜ਼ਰੂਰੀ

ਨਸ਼ਾ ਇੱਕ ਅਜਿਹਾ ਸ਼ਬਦ ਹੈ, ਜੋ ਜਦੋਂ ਕੰਨਾਂ ਵਿੱਚ ਪੈਂਦਾ ਹੈ ਤਾਂ ਭਾਵੇਂ ਉਹ ਛੇ ਸਾਲ ਦਾ ਬੱਚਾ ਹੋਵੇ ਉਹ ਇਹੀ ਕਹੇਗਾ ਕਿ ਬੜੀ ਮਾੜੀ ਚੀਜ਼ ਹੈ ਜੇ ਇਹ ਧਾਰਨਾ ਇੱਕ ਛੋਟਾ ਬੱਚਾ ਸਮਾਜ ਤੋਂ ਸਿੱਖਦਾ ਹੈ ਜਾਂ ਪਰਿਵਾਰ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਫਿਰ ਕਿਵੇਂ ਇਹ ਧਾਰਨਾ ਉਮਰ ਦੇ ਨਾਲ ਪੱਕੀ ਹੋਣ ਦੀ ਬਜਾਏ ਕਮਜ਼ੋਰ ਪੈ ਜਾਂਦੀ ਹੈ ਤੇ ਕੀ ਕਾਰਨ ਬਣਦਾ ਹੈ ਕਿ ਛੋਟੀ ਉਮਰੇ ਬੱਚੇ ਇਸ ਦੇ ਸ਼ਿਕਾਰ ਹੋ ਜਾਂਦੇ ਹਨ ਨਸ਼ਾ ਦੁਨੀਆ ਦੀ ਇੱਕ ਇਕਲੌਤੀ ਸਭ ਤੋਂ ਚਲਾਕ ਬਿਮਾਰੀ ਹੈ, ਜੋ ਕਿ ਬੰਦਾ ਆਪ ਸਹੇੜਦਾ ਹੈ ਹਰ ਇਨਸਾਨ ਜੋ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੇ ਪਹਿਲੀ ਗੋਲੀ ਪਹਿਲਾ ਕੈਪਸੂਲ ਪਹਿਲਾ ਟੀਕਾ ਆਪਣੇ ਹੱਥ ਨਾਲ ਹੀ ਲਾਇਆ ਜਾਂ ਮੂੰਹ ਵਿੱਚ ਪਾਇਆ ਹੋਵੇਗਾ  ਇਸ ਲਈ ਅਸੀਂ ਕਸੂਰਵਾਰ ਹਾਂ, ਜਿਸ ਪਿੱਛੇ ਕਾਰਨ ਅੱਲ੍ਹੜ ਉਮਰੇ ਹਰ ਉਹ ਕੰਮ ਨੂੰ ਕਰਨ ਦਾ ਚੈਲੰਜ ਸਵੀਕਾਰ ਕਰਨਾ  ਜਿਸ ਤੋਂ ਰੋਕਿਆ ਜਾਵੇ ਜਾਂ ਸੁਸਾਇਟੀ ਭਾਵ ਯਾਰ-ਦੋਸਤ ਬਣਦੇ ਹਨ

ਹਾਂ, ਇੱਕ ਇਨਸਾਨ ਜਦੋਂ ਕਿਸੇ ਵੀ ਨਸ਼ੇ ਨੂੰ ਪਹਿਲੀ ਵਾਰ ਚੱਖਦਾ ਹੈ ਤਾਂ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਸਰੂਰ ਉਸ ਦਾ ਸਰੀਰ ਗਾਲ ਦੇਵੇਗਾ ਤੇ ਉਸ ਨੂੰ ਹਸਪਤਾਲਾਂ ਦੇ ਬੈਡਾਂ ਤੱਕ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹੁੰਚਾ ਦੇਵੇਗਾ ਨਸ਼ੇ ਦੀ ਬਿਮਾਰੀ ਵਿੱਚ ਫਸੇ ਆਦਮੀ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਰਿਵਾਰ ਦਾ ਹੁੰਦਾ ਹੈ ਇਸ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹ ਦਿਮਾਗ ਦੀ ਬਿਮਾਰੀ ਹੈ ਤੇ ਜਿਸ ਵਿੱਚ ਜਿਹੜਾ ਇਨਸਾਨ ਇਸ ਦੀ ਵਰਤੋਂ ਕਰ ਰਿਹਾ ਹੁੰਦਾ ਹੈ ਉਸ ਦਾ ਦਿਮਾਗ ਗੱਦਾਰ ਹੋ ਚੁੱਕਾ ਹੁੰਦਾ ਹੈ ਸ਼ੁਰੂਆਤੀ ਦੌਰ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਦੀ ਸਲਾਹ ਤੇ ਉਪਚਾਰ ਵੀ ਜ਼ਰੂਰੀ ਹੈ ਨਸ਼ੇ ਦਾ ਇੱਕੋ ਹੀ ਇਲਾਜ ਹੈ ਕਿ ਬਿਮਾਰ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰਕੇ ਕਿਸੇ ਹੋਰ ਨੂੰ ਆਪਣੇ-ਆਪ ਨੂੰ ਸਪੁਰਦ ਕਰ ਦੇਵੇ,

ਅਜਿਹੀਆਂ ਸਥਿਤੀਆਂ ਪੈਦਾ ਕਰਨੀਆਂ ਹੋਣਗੀਆਂ

ਪਰ ਇਹ ਇੰਨਾ ਸੌਖਾ ਨਹੀਂ ਹੈ ਕਿਉਂਕਿ ਸਪੁਰਦ ਕਰਨ ਵਾਲਾ ਇਸ ਸਥਿਤੀ ਵਿੱਚ ਇੰਨੇ ਵਿਵੇਕ ਦਾ ਮਾਲਕ ਨਹੀਂ ਹੁੰਦਾ ਕਿ ਉਹ ਇਹ ਸੋਚ ਸਕੇ ਕਿ ਕਿਸ ਨੂੰ ਸਪੁਰਦ ਕਰਨਾ ਹੈ ਇਸ ਹਾਲਤ ਵਿੱਚ ਪਰਿਵਾਰ ਨੂੰ ਅਜਿਹੀਆਂ ਸਥਿਤੀਆਂ ਪੈਦਾ ਕਰਨੀਆਂ ਹੋਣਗੀਆਂ ਕਿ ਉਹ ਉਨ੍ਹਾਂ ਨਾਲ ਆਪਣੇ-ਆਪ ਨੂੰ ਸਹਿਜ ਮਹਿਸੂਸ ਕਰੇ ਤੇ ਸਭ ਤੋਂ ਵੱਡੀ ਗੱਲ ਆਪਣੇ ਦਿਲ ਦੀਆਂ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰ ਸਕੇ ਇੱਥੇ ਪਰਿਵਾਰ ਨੂੰ ਸਮਝਣਾ ਪਵੇਗਾ ਕਿ ਅਸੀਂ ਉਸ ਦੀ ਕਿਸ ਤਰ੍ਹਾਂ ਮੱਦਦ ਕਰਨੀ ਹੈ, ਉਸ ਲਈ ਪਰਿਵਾਰ ਨੂੰ ਬਿਮਾਰੀ ਨੂੰ ਸਮਝਣਾ ਪਏਗਾ ਕਿ ਬਿਮਾਰੀ ਕਿੱਥੇ ਅਸਰ ਕਰਦੀ ਹੈ ਤੇ ਇਸ ਤੋਂ ਬਾਹਰ ਨਿੱਕਲਣ ਲਈ ਕੀ ਕਰਨਾ ਚਾਹੀਦਾ ਹੈ

ਅਸਲ ਵਿੱਚ ਬਿਮਾਰੀ ਨਸ਼ੇ ਦੀ ਨਹੀਂ ਹੈ ਤਲਬ ਦੀ ਹੈ ਇਸ ਤਲਬ ਨਾਲ ਲੜਨ ਦੇ ਤਰੀਕੇ ਸਿੱਖਣੇ ਜਰੂਰੀ ਹਨ ਪਰਿਵਾਰ ਨੂੰ ਵੀ ਤੇ ਪੀੜਤ ਨੂੰ ਵੀ ਪੀੜਤ ਨੇ ਸਿਰਫ ਇੰਨਾ ਕਰਨਾ ਹੈ ਕਿ ਉਹਨੇ ਆਪਣੇ-ਆਪ ਨੂੰ ਸਪੁਰਦ ਕਰਨਾ ਹੈ ਆਪਣੇ ਪਰਿਵਾਰ ਦੇ ਮੈਂਬਰ ਜਾਂ ਰਿਕਵਰਿੰਗ ਅਡਿਕਟ ਨੂੰ ਰਿਕਵਰਿੰਗ ਅਡਿਕਟ ਤੋਂ ਭਾਵ ਉਹ ਇਨਸਾਨ ਹੈ ਜੋ ਬਿਮਾਰੀ ਤੋਂ ਦੂਰੀ ਬਣਾ ਕੇ ਤਲਬ ਨਾਲ ਲੜਨ ਦੇ ਤਰੀਕੇ ਸਿੱਖ ਕੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ

ਪਰਿਵਾਰ ਵਿੱਚੋਂ ਇਹ ਮੈਂਬਰ ਉਸ ਦੀ ਪਤਨੀ ਜਾਂ  ਮਾਤਾ-ਪਿਤਾ ਹੋ ਸਕਦੇ ਹਨ ਇੱਥੇ ਇਹ ਗੱਲ ਰਿਕਵਰੀ ਦਾ ਨਿਚੋੜ ਹੈ ਕਿ ਕ੍ਰੇਵਿੰਗ ਜਾਂ ਤਲਬ ਆਉਣ ‘ਤੇ ਉਸ ਵਿੱਚੋਂ ਮਜ਼ਾ ਲੈਣ ਦੀ ਬਜਾਏ ਉਸ ਨੂੰ ਆਪਣੇ ਸਪੌਂਸਰ ਨਾਲ ਸ਼ੇਅਰ ਕਰੋ ਅਤੇ ਉਸ ਵੇਲੇ ਖਾਲੀ ਪੇਟ ਨਾ ਰਹੋ ਕੁਝ ਖਾ ਲਓ ਜੇ ਸ਼ੂਗਰ ਦੀ ਪ੍ਰੋਬਲਮ ਨਹੀਂ ਹੈ ਤਾਂ ਮਿੱਠਾ ਖਾਣਾ ਲਾਹੇਵੰਦ ਰਹੇਗਾ ਇਸ ਤੋਂ ਬਾਅਦ ਪਰਿਵਾਰ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਜਦੋਂ ਸਾਨੂੰ ਸਪੁਰਦ ਕਰਤਾ ਤੇ ਸਾਡਾ ਅੱਗੇ ਕੀ ਫਰਜ਼ ਹੈ?

ਬਿਮਾਰੀ ਦਾ ਅਸਲ ਇਲਾਜ

ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ ਅਸਲ ‘ਚ ਜਦੋਂ ਪਰਿਵਾਰ ਆਪਣੇ ਮਰੀਜ਼ ਨੂੰ ਹਸਪਤਾਲ ਲੈ ਕੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਗੁਲੂਕੋਜ਼ ਦੀ ਸ਼ੀਸ਼ੀ ਤੇ ਉਸ ਵਿੱਚ ਪਈਆਂ ਦਵਾਈਆਂ ਵੇਖ ਕੇ ਇੰਝ ਲੱਗਦਾ ਹੈ ਕਿ ਬੱਸ ਹੁਣ ਇਹ ਠੀਕ ਹੋ ਜਾਏਗਾ ਪਰ ਇਸ ਬਿਮਾਰੀ ਦਾ ਅਸਲ ਇਲਾਜ ਤਾਂ ਸ਼ੁਰੂ ਹੀ ਉਦੋਂ ਹੁੰਦਾ ਹੈ ਜਦੋਂ ਪੀੜਤ ਹਸਪਤਾਲ ਤੋਂ ਬਾਹਰ ਪੈਰ ਰੱਖਦਾ ਹੈ, ਪਰ ਉਸ ਸਮੇਂ ਘਰ ਵਾਲੇ ਇਹ ਸਮਝਦੇ ਹਨ ਕਿ ਨਹੀਂ, ਬੱਸ ਹੁਣ ਇਹ ਠੀਕ ਹੋ ਗਿਆ ਹੈ ਤੇ ਆਪਣੇ ਕੰਮ-ਕਾਰ ‘ਤੇ ਜਾ ਸਕਦਾ ਹੈ

ਇੱਥੇ ਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ, ਕਿਉਂਕਿ ਉਸ ਨੂੰ ਹਾਲੇ ਸਰੀਰਿਕ ਤੌਰ ‘ਤੇ ਹੀ ਤੰਦਰੁਸਤੀ ਮਿਲੀ ਹੁੰਦੀ ਹੈ ਦਿਮਾਗੀ ਤੌਰ ‘ਤੇ ਹਾਲੇ ਵੀ ਉਹ ਬਿਮਾਰ ਹੈ ਅਤੇ ਹਾਲੇ ਇੰਨਾ ਪੱਕਾ ਨਹੀਂ ਹੋਇਆ ਹੁੰਦਾ ਕਿ ਉਹ ਤਲਬ ਨਾਲ ਲੜ ਸਕੇ ਇਸ ਲਈ ਨਸ਼ੇ ਦੀ ਦੁਬਾਰਾ ਵਰਤੋਂ ਕਰਨ ਦੇ ਚਾਂਸ ਬਹੁਤ ਵਧ ਜਾਂਦੇ ਹਨ ਇਸ ਲਈ ਪਰਿਵਾਰ ਨੂੰ ਚਾਹੀਦੈ ਕਿ ਜਦੋਂ ਮਰੀਜ ਇਲਾਜ ਕਰਵਾ ਕੇ ਘਰੇ ਆਉਂਦਾ ਹੈ ਤਾਂ ਉਸ ਨੂੰ ਘੱਟੋ-ਘੱਟ ਦੋ ਤੋਂ ਤਿੰਨ ਮਹੀਨੇ ਘਰੇ ਰੱਖਿਆ ਜਾਵੇ, ਉਸ ਨੂੰ ਇਕੱਲੇ ਬਾਹਰ ਨਾ ਭੇਜਿਆ ਜਾਵੇ ਉਸ ਦੀ ਜੇਬ੍ਹ ਵਿੱਚ ਪੈਸੇ ਨਾ ਹੋਣ ਉਸ ਕੋਲ ਮੋਬਾਈਲ ਫੋਨ ਨਾ ਹੋਵੇ ਉਸ ਦੀ ਪੁਰਾਣੀ ਸਿਮ ਨਾ ਵਰਤੋਂ ਕੀਤੀ ਜਾਵੇ, ਪਰ ਇਹ ਤਾਂ ਹੀ ਪਰਿਵਾਰ ਲਈ ਮੁਮਕਿਨ ਹੈ ਜੇ ਪੀੜਤ ਆਵਣੇ-ਆਪ ਨੂੰ ਪਰਿਵਾਰ ਦੇ ਸਪੁਰਦ ਕਰ ਦੇਵੇ

ਜਿਸ ਲਈ ਉਸ ਨੂੰ ਮੀਟਿੰਗਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਅਗਲਾ ਪੜਾਅ ਸ਼ੁਰੂ ਹੁੰਦਾ ਹੈ, ਜੋ ਕਿ ਸਭ ਤੋਂ ਮਹੱਤਵਪੂਰਨ ਹੈ ਇਸ ਪੜਾਅ ਵਿੱਚ ਜਦੋਂ ਪੀੜਤ ਆਪਣੇ ਦਿਲ ਦੀ ਗੱਲ ਪਰਿਵਾਰ ਨਾਲ ਸਾਂਝੀ ਕਰਨੀ ਸ਼ੁਰੂ ਕਰਦਾ ਹੈ ਤਾਂ ਸਮਝੋ ਅਸੀਂ ਲਗਭਗ ਬਾਜ਼ੀ ਜਿੱਤ ਲਈ ਹੁਣ ਇੱਥੇ ਪਰਿਵਾਰ ਦਾ ਰੋਲ ਆਉਂਦਾ ਹੈ ਮੰਨ ਲਓ ਕਿ ਇੱਕ ਪੀੜਤ ਵਿਅਕਤੀ ਜੇ ਪਰਿਵਾਰ ਨੂੰ ਇਹ ਕਹਿੰਦਾ ਹੈ ਕਿ ਮੇਰਾ ਨਸ਼ੇ ਕਰਨ ਨੂੰ ਦਿਲ ਕਰਦਾ ਹੈ ਤਾਂ ਅੱਗੋਂ ਪਰਿਵਾਰ ਦਾ ਕੀ ਉੱਤਰ ਹੋਏਗਾ, ਤੁਸੀਂ ਸਾਰੇ ਇਹ ਹੀ ਕਹੋਗੇ ਕਿ ਤੂੰ ਅੱਗੇ ਇੰਨਾ ਨੁਕਸਾਨ ਕਰਤਾ ਸਾਡੀ ਥਾਂ-ਥਾਂ ਬੇਇੱਜ਼ਤੀ ਕਰਾ ਕੇ ਹਸਪਤਾਲਾਂ ‘ਚ ਰੋਲਿਆ, ਤੇਰਾ ਹਾਲੇ ਵੀ ਦਿਲ ਕਰਦਾ ਹੈ ਪਰ ਜਿਸ ਪਰਿਵਾਰ ਨੇ ਬਿਮਾਰੀ ਨੂੰ ਸਮਝਿਆ ਹੋਵੇਗਾ,

ਉਹ ਅਜਿਹਾ ਕਹਿਣ ‘ਤੇ ਆਪਣੇ ਪੀੜਤ ਨੂੰ ਸਗੋਂ ਹੌਂਸਲਾ ਦੇਵੇਗਾ ਕਿ ਇੱਕ ਕਮਜ਼ੋਰ ਆਦਮੀ ਉਨ੍ਹਾਂ ਤੋਂ ਮੱਦਦ ਮੰਗ ਰਿਹਾ ਹੈ ਜਿੱਥੋਂ ਤੱਕ ਤਲਬ ਦੀ ਗੱਲ ਹੈ, ਕਿਉਂਕਿ ਬਿਮਾਰੀ ਨਸ਼ੇ ਦੀ ਨਹੀਂ ਤਲਬ ਦੀ ਹੈ, ਤਲਬ ਸਾਰੀ ਉਮਰ ਹੀ ਆਉਣੀ ਹੈ ਤਲਬ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ, ਫਿਰ ਇੱਕ ਨਸ਼ੇ ਦਾ ਮਰੀਜ਼ ਕਿਵੇਂ ਠੀਕ ਹੋਵੇਗਾ, ਸਿਰਫ਼ ਇੱਕੋ ਹੀ ਉਸ ਦਾ ਹੱਲ ਹੈ, ਨਸ਼ੇ ਦੀ ਤਲਬ ਨਾਲ ਲੜਨ ਦੇ ਤਰੀਕੇ ਸਿੱਖਣੇ ਅਤੇ ਪਰਿਵਾਰ ਲਈ ਇੱਕੋ ਹੀ ਹੱਲ ਹੈ ਕਿ ਤਲਬ ਆਉਣ ‘ਤੇ ਅਸੀਂ ਉਸ ਨੂੰ ਕਿਵੇਂ ਸੰਭਾਲਣਾ ਹੈ ਸੋ ਦੋਸਤੋ ਨਸ਼ਾ ਕਰਨਾ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੈ ਪਰ ਨਸ਼ੇ ਤੋਂ ਦੂਰ ਰਹਿ ਕੇ ਇੱਕ ਵਧੀਆ ਜ਼ਿੰਦਗੀ ਜਿਉਣਾ ਉਸ ਤੋਂ ਕਿਤੇ ਸੌਖਾ ਸੋ ਸੈਂਕੜੇ ਹੱਥ ਤੁਹਾਡਾ ਹੱਥ ਫੜਨ ਅਤੇ ਇਸ ਬਿਮਾਰੀ ਤੋਂ ਬਾਹਰ ਕੱਢਣ ਲਈ ਤਿਆਰ ਬੈਠੇ ਹਨ, ਤੁਸੀਂ ਬੱਸ ਆਪਣਾ ਹੱਥ ਅੱਗੇ ਕਰਨਾ ਹੈ
ਲੈਕਚਰਾਰ
ਮੋ. 78374-00585
ਜਸਵਿੰਦਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।