ਸ਼ਹੀਦ ਪੁੱਤ ਨੂੰ ਪਿਤਾ ਵੱਲੋਂ ਕੀਤੇ ਸਲੂਟ ਨਾਲ ਨਮ ਹੋਈ ਹਰ ਅੱਖ

Amritpal Singh
ਮਾਨਸਾ : ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਸਲੂਟ ਕਰਦੇ ਹੋਏ ਪਿਤਾ ਗੁਰਦੀਪ ਸਿੰਘ। ਤਸਵੀਰ : ਸੱਚ ਕਹੂੰ ਨਿਊਜ਼

ਪੁੰਛ ਖੇਤਰ ’ਚ ਸ਼ਹੀਦ ਹੋਇਆ ਜ਼ਿਲ੍ਹਾ ਮਾਨਸਾ ਦਾ ਜਵਾਨ | Amritpal Singh

ਮਾਨਸਾ (ਸੁਖਜੀਤ ਮਾਨ)। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਅਗਨੀਵੀਰ ਅੰਮ੍ਰਿਤਪਾਲ ਸਿੰਘ (Amritpal Singh) ਪੁੱਤਰ ਗੁਰਦੀਪ ਸਿੰਘ, ਜਿਸਦੀ ਉਮਰ ਮਹਿਜ 19 ਸਾਲ ਸੀ, ਜੰਮੂ ਕਸ਼ਮੀਰ ਦੇ ਪੁੰਛ ਵਿੱਚ ਸ਼ਹੀਦ ਹੋ ਗਿਆ ਹੈ। ਸ਼ਹੀਦ ਦਾ ਪਿੰਡ ਕੋਟਲੀ ਕਲਾਂ ਵਿਖੇ ਅੱਜ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਟ੍ਰੇਨਿੰਗ ਤੋਂ ਬਾਅਦ ਕਰੀਬ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ ਕਸ਼ਮੀਰ ਡਿਊਟੀ ਤੇ ਗਿਆ ਸੀ।

ਸਸਕਾਰ ਲਈ ਸ਼ਹੀਦ ਦੀ ਅਰਥੀ ਲੈ ਕੇ ਆਉਂਦੇ ਹੋਏ ਪਰਿਵਾਰਕ ਮੈਂਬਰ। ਤਸਵੀਰ : ਸੱਚ ਕਹੂੰ ਨਿਊਜ਼

ਵੇਰਵਿਆਂ ਮੁਤਾਬਿਕ ਸ਼ਹੀਦ ਅੰਮ੍ਰਿਤਪਾਲ ਸਿੰਘ ਇੱਕ ਮੱਧ ਵਰਗੀ ਪਰਿਵਾਰ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਫੌਜ ’ਚ ਭਰਤੀ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਪਿਤਾ ਨਾਲ ਖੇਤੀਬਾੜੀ ’ਚ ਹੱਥ ਵਟਾਉਂਦਾ ਸੀ। ਘਰ ’ਚ ਦੁੱਖ ਸਾਂਝਾ ਕਰਨ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਅੰਮ੍ਰਿਤਪਾਲ ਪੁੱਜ ਕੇ ਸਾਊ ਸੀ। ਸ਼ਹੀਦ ਦਾ ਪਿਤਾ ਗੁਰਦੀਪ ਸਿੰਘ ਵੀ ਰੋਂਦਾ ਇਹੋ ਕਹਿੰਦਾ ਰਿਹਾ ਕਿ ‘ਮੇਰਾ ਪੁੱਤ ਦੁਨੀਆਂ ਤੋਂ ਚਲਾ ਗਿਆ ਪਰ ਕਦੇ ਕੋਈ ਗੁਨਾਮੀ ਨਹੀਂ ਖੱਟੀ’। ਅੰਮ੍ਰਿਤਪਾਲ ਸਿੰਘ ਨੂੰ ਕੰਬਾਇਨਾਂ ਅਤੇ ਟਰੈਕਟਰਾਂ ਦਾ ਕਾਫੀ ਸ਼ੌਂਕ ਸੀ। ਉਹ 10 ਦਸੰਬਰ 2022 ਨੂੰ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਤੇ ਲੰਘੀ 11 ਅਕਤੂਬਰ ਨੂੰ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਭੈਣ ਕੈਨੇਡਾ ਰਹਿੰਦੀ ਹੈ।

ਸ਼ਹੀਦ ਦੀ ਮ੍ਰਿਤਕ ਦੇਹ ਕੋਲ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ। ਤਸਵੀਰ : ਸੱਚ ਕਹੂੰ ਨਿਊਜ਼

ਇਹ ਵੀ ਪੜ੍ਹੋ : ਸਰਸਾ ’ਚ ਵੱਡੀ ਕਾਰਵਾਈ, ਮੈਡੀਕਲ ਸਟੋਰ ਕੀਤਾ ਸੀਲ

ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਹੋਣਾ ਸੀ ਤਾਂ ਅੰਮ੍ਰਿਤਪਾਲ ਨੇ ਵੀ ਛੁੱਟੀ ਕਟਾ ਰੱਖੀ ਸੀ। ਉਸਦੀ ਕੈਨੇਡਾ ਰਹਿੰਦੀ ਭੈਣ ਅਤੇ ਅੰਮ੍ਰਿਤਪਾਲ ਸਿੰਘ ਨੇ ਇਕੱਠਿਆਂ ਘਰ ਆਉਣਾ ਸੀ। ਭੈਣ ਨੇ ਵੀ ਇਕਲੌਤੇ ਭਰਾ ਅੰਮ੍ਰਿਤਪਾਲ ਸਿੰਘ ਦੇ ਵਿਆਹ ਮੌਕੇ ਸਿਰ ’ਤੇ ਸਿਹਰਾ ਸਜ਼ਾਉਂਦਿਆਂ ਖੁਸ਼ੀ ਦੇ ਗੀਤ ਪਾਉਣੇ ਸੀ ਪਰ ਅੱਜ ਸ਼ਹੀਦ ਭਰਾ ਦੀ ਮ੍ਰਿਤਕ ਦੇਹ ’ਤੇ ਸਿਹਰਾ ਸਜਾਉਣ ਮੌਕੇ ਉਸਦੇ ਹੰਝੂ ਰੋਕਿਆਂ ਵੀ ਨਹੀਂ ਰੁਕ ਰਹੇ ਸੀ। ਸ਼ਹੀਦ ਦੇ ਚਾਚਾ ਸੁਖਜੀਤ ਸਿੰਘ ਨੇ ਦੱਸਿਆ ਕਿ ਕਾਫੀ ਸਮੇਂ ਤੱਕ ਉਨ੍ਹਾਂ ਦੀ ਖੇਤੀ ਸੇਮ ਦੀ ਮਾਰ ਹੇਠ ਰਹੀ। ਹੁਣ ਪਰਿਵਾਰ ਨੂੰ ਦਿਨ ਠੀਕ ਹੋਣ ਦੀ ਆਸ ਬੱਝੀ ਸੀ ਤਾਂ ਇਹ ਭਾਣਾ ਵਰਤ ਗਿਆ।

ਸਰਕਾਰ ਨੂੰ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਉਨ੍ਹਾਂ ਦਾ ਇਕਲੌਤਾ ਸਹਾਰਾ ਸੀ। ਸਸਕਾਰ ਮੌਕੇ ਪਿਤਾ ਗੁਰਦੀਪ ਸਿੰਘ ਨੇ ਸ਼ਹੀਦ ਪੁੱਤ ਨੂੰ ਸਲੂਟ ਮਾਰਿਆ ਤਾਂ ਹਰ ਅੱਖ ਨਮ ਹੋ ਗਈ। ਸ਼ਹੀਦ ਦੇ ਸਸਕਾਰ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਪੁੱਜੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੀ ਤਰਫੋਂ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ।

ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ’ਤੇ ਰੀਥ ਭੇਟ ਕਰਦੇ ਸ਼ਰਧਾਂਜਲੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ। ਤਸਵੀਰ : ਸੱਚ ਕਹੂੰ ਨਿਊਜ਼

ਇਸ ਮੌਕੇ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਰੈਜੀਮੈਂਟ 10-ਜੇਕੇ ਰਾਈਫਲ ਦੇ ਜਵਾਨਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਅਤੇ ਸਾਬਕਾ ਫੌਜੀਆਂ ਨੇ ਰੀਥ ਭੇਟ ਕਰਕੇ ਸ਼ਹੀਦ ਨੂੰ ਸਲੂਟ ਕੀਤਾ। ਦੱਸਣਯੋਗ ਹੈ ਕਿ ਪਿੰਡ ਕੋਟਲੀ ਕਲਾਂ ਦੇ ਕਰੀਬ ਇੱਕ ਦਰਜ਼ਨ ਤੋਂ ਵੱਧ ਜਵਾਨ ਭਾਰਤੀ ਫੌਜ ਵਿੱਚ ਵੱਖ-ਵੱਖ ਥਾਵਾਂ ’ਤੇ ਡਿਊਟੀ ਕਰਕੇ ਦੇਸ ਸੇਵਾ ਕਰ ਰਹੇ ਹਨ। ਸਸਕਾਰ ਮੌਕੇ ਵੱਡੀ ਗਿਣਤੀ ਪਿੰਡ ਵਾਸੀ, ਨੇੜਲੇ ਪਿੰਡਾਂ ਦੇ ਲੋਕ, ਰਿਸ਼ਤੇਦਾਰ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਮੇਰਾ ਪੁੱਤ ਦੇਸ਼ ਦਾ ਪੁੱਤ ਸੀ : ਗੁਰਦੀਪ ਸਿੰਘ

ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਗੁਰਦੀਪ ਸਿੰਘ ਨੇ ਆਖਿਆ ਕਿ ਉਸਦਾ ਪੁੱਤ ਇਕੱਲਾ ਉਸਦਾ ਨਹੀਂ ਬਲਕਿ ਪੂਰੇ ਦੇਸ਼ ਦਾ ਪੁੱਤ ਸੀ ਕਿਉਂਕਿ ਉਸਨੇ ਦੇਸ਼ ਦੀ ਸੇਵਾ ਲਈ ਆਪਣਾ ਪੁੱਤ ਫੌਜ ’ਚ ਤੋਰਿਆ ਸੀ। ਪੁੱਤ ਦੇ ਵਿਛੋੜੇ ’ਚ ਹੰਝੂ ਨਾ ਸੰਭਾਲਦਿਆਂ ਗੁਰਦੀਪ ਸਿੰਘ ਨੇ ਆਖਿਆ ਕਿ ਉਸ ਨੂੰ ਆਪਣੇ ਸੋਨੇ ਵਰਗੇ ਪੁੱਤ ਤੋਂ ਬਹੁਤ ਆਸਾਂ ਸੀ ਪਰ ਮਾਲਕ ਨੂੰ ਕੁਝ ਹੋਰ ਹੀ ਮਨਜੂਰ ਸੀ।