ਨਾਟੋਕਰਨ ਦੇ ਰਾਹ ’ਤੇ ਵਧਦਾ ਯੂਰਪ

ਨਾਟੋਕਰਨ ਦੇ ਰਾਹ ’ਤੇ ਵਧਦਾ ਯੂਰਪ

ਪਿਛਲੇ ਦਿਨੀਂ ਸਪੇਨ ਦੀ ਰਾਜਧਾਨੀ ਮੈਡ੍ਰਿਡ ’ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਸਿਖਰ ਬੈਠਕ ਹੋਈ ਬੈਠਕ ’ਚ ਨਾਟੋ ਆਗੂਆਂ ਨੇ ਰੂਸ ਨੂੰ ਆਪਣੇ-ਆਪਣੇ ਦੇਸ਼ਾਂ ਦੀ ਸੁਰੱਖਿਆ ਲਈ ਪ੍ਰਤੱਖ ਖ਼ਤਰਾ ਦੱਸਦੇ ਹੋਏ ਅਗਲੇ ਦਹਾਕੇ ਲਈ ਬਲੂ ਪ੍ਰਿੰਟ ਜਾਰੀ ਕੀਤਾ ਹੈ ਇਸ ਵਿਚ ਚੀਨ ਦੀਆਂ ਫੌਜੀ ਇੱਛਾਵਾਂ, ਤਾਈਵਾਨ ਨਾਲ ਟਕਰਾਅ ਅਤੇ ਰੂਸ ਨਾਲ ਵਧਦੇ ਸਬੰਧਾਂ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ

ਇਹ ਪਹਿਲਾ ਮੌਕਾ ਹੈ, ਜਦੋਂ ਰੂਸ ਨੂੰ ਪ੍ਰਤੱਖ ਖ਼ਤਰਾ ਐਲਾਨ ਕਰਨ ਤੋਂ ਬਾਅਦ ਨਾਟੋ ਨੇ ਚੀਨ ਨੂੰ ਆਪਣੀ ਰਣਨੀਤਿਕ ਪਹਿਲ ’ਚ ਸ਼ਾਮਲ ਕੀਤਾ ਹੈ ਬੈਠਕ ਵਿਚ ਨਾਟੋ ਆਗੂਆਂ ਨੇ ਗਠਜੋੜ ਦੇ ਪੂਰਬੀ ਹਿੱਸੇ ’ਚ ਫੌਜੀ ਬਲ ਨੂੰ ਵਧਾਉਣ ਅਤੇ ਫ਼ਿਨਲੈਂਡ ਅਤੇ ਸਵੀਡਨ ਨੂੰ ਗਠਜੋੜ ’ਚ ਸ਼ਾਮਲ ਕੀਤੇ ਜਾਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਨਾਟੋ ਦੀ ਮੌਜੂਦਾ ਬੈਠਕ ਕਈ ਮਾਇਨਿਆਂ ’ਚ ਅਹਿਮ ਅਤੇ ਅਲਹਿਦਾ ਸੀ

ਬੈਠਕ ਦੀ ਅਹਿਮੀਅਤ ਦੀ ਪਹਿਲੀ ਵੱਡੀ ਵਜ੍ਹਾ ਤਾਂ ਇਹ ਰਹੀ ਕਿ ਨਾਟੋ ਕੋਲ ਸੱਤ ਦਹਾਕੇ ਦੇ ਇਤਿਹਾਸ ’ਚ ਪਹਿਲਾ ਮੌਕਾ ਸੀ ਜਦੋਂ ਸਿਖਰ ਬੈਠਕ ’ਚ ਚਾਰ ਇੰਡੋ-ਪੈਸੀਫ਼ਿਕ ਰਾਜਾਂ ਅਸਟਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰ ਮੁਖੀਆਂ ਅਤੇ ਸ਼ਾਸਨ ਮੁਖੀਆਂ ਨੇ ਹਿੱਸਾ ਲਿਆ ਹੈ ਦੂਜਾ, ਫਿਨਲੈਂਡ ਅਤੇ ਸਵੀਡਨ ਦੀ ਮੈਂਬਰਸ਼ਿਪ ਦੇ ਮੁੱਦੇ ’ਤੇ ਤੁਰਕੀ ਦਾ ਰਾਜ਼ੀ ਹੋਣਾ ਰੂਸ ਦੀ ਘੇਰਾਬੰਦੀ ’ਚ ਲੱਗੇ ਨਾਟੋ ਦੇਸ਼ਾਂ ਲਈ ਵੱਡੀ ਸਫ਼ਲਤਾ ਕਹੀ ਜਾ ਰਹੀ ਹੈ ਦੋਵੇਂ ਨਾਰਡਿਕ ਦੇਸ਼ ਨਾਟੋ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਨਾ ਸਿਰਫ਼ ਵਲਾਦੀਮੀਰ ਪੁਤਿਨ ਲਈ ਵੱਡਾ ਝਟਕਾ ਹੋਵੇਗਾ

ਸਗੋਂ ਰੂਸ ਨਾਲ ਲੱਗਣ ਵਾਲੀਆਂ ਨਾਟੋ ਦੀਆਂ ਹੱਦਾਂ (ਕਰੀਬ 1300 ਕਿ.ਮੀ.) ਦਾ ਵਿਸਥਾਰ ਹੋ ਜਾਵੇਗਾ ਪਹਿਲਾਂ ਤੁਰਕੀ ਫ਼ਿਨਲੈਂਡ ਅਤੇ ਸਵੀਡਨ ਨੂੰ ਨਾਟੋ ’ਚ ਸ਼ਾਮਲ ਕੀਤੇ ਜਾਣ ਦੇ ਮੁੱਦੇ ’ਤੇ ਸਹਿਮਤ ਨਹੀਂ ਸੀ ਨਾਟੋ ਦੀ ਮੈਂਬਰਸ਼ਿਪ ਦੇ ਸਵਾਲ ’ਤੇ ਫਿਨਲੈਂਡ ਅਤੇ ਸਵੀਡਨ ਦੋਵੇਂ ਹੁਣ ਤੱਕ ਸਹਿਮਤ ਨਹੀਂ ਸਨ ਪਰ ਯੂਕ੍ਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਨਾਰਡਿਕ ਦੇਸ਼ਾਂ ਨੇ ਆਪਣਾ ਇਰਾਦਾ ਬਦਲ ਦਿੱਤਾ ਅਤੇ ਨਾਟੋ ਦੇ ਸੁਰੱਖਿਆ ਕਵਚ ’ਚ ਸ਼ਾਮਲ ਹੋਣ ਲਈ ਸਹਿਮਤ ਹੋ ਗਏ ਤੀਜਾ, ਨਾਟੋ ਦੇ ਬਜਟ ਨੂੰ ਵਧਾਉਣ ਅਤੇ ਬਾਲਟਿਕ ਸਾਗਰ ਅਤੇ ਆਰਕਟਿਕ ਸਾਗਰ ’ਚ ਨਾਟੋ ਦੀ ਹਾਜ਼ਰੀ ਨੂੰ ਮਜ਼ਬੂਤ ਕੀਤੇ ਜਾਣ ’ਤੇ ਵੀ ਮੈਂਬਰ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ

ਜਿੱਥੇ ਰੋਮਾਨੀਆ ਤੋਂ ਲੈ ਕੇ ਬਾਲਟਿਕ ਦੇਸ਼ਾਂ ਤੱਕ ਦੇ ਦੇਸ਼ ਰੂਸ ਦੀਆਂ ਭਵਿੱਖ ਦੀਆਂ ਯੋਜਨਾਵਾਂ ਤੋਂ ਚਿੰਤਤ ਹਨ ਚੌਥਾ, ਜਿਸ ਤਰ੍ਹਾਂ ਨਾਟੋ ਨੇ ਰੂਸ ਦੇ ਨਾਲ-ਨਾਲ ਚੀਨ ਨੂੰ ਆਪਣੇ ਰਣਨੀਤਿਕ ਸਲਾਹ-ਮਸ਼ਵਿਰੇ ਦਾ ਹਿੱਸਾ ਬਣਾਇਆ ਹੈ, ਉਸ ਤੋਂ ਜਾਹਿਰ ਹੈ ਕਿ ਨਾਟੋ ਹੁਣ ਸਿਰਫ਼ ਅਮਰੀਕਾ ਅਤੇ ਯੂਰਪ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦਾ, ਸਗੋਂ ਇਹ ਪੂਰੇ ਵਿਸ਼ਵ ’ਚ ਦਖਲ ਰੱਖਣ ਦੀ ਇੱਛਾ ਰੱਖਦਾ ਹੈ ਹਾਲਾਂਕਿ, ਸਵੀਡਨ ਅਤੇ ਫਿਨਲੈਂਡ ਦੀ ਮੈਂਬਰਸ਼ਿਪ ਦੇ ਮੁੱਦੇ ’ਤੇ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋਵਾਂ ਨਾਰਡਿਕ ਦੇਸ਼ਾਂ ’ਚ ਨਾਟੋ ਫੌਜੀ ਭੇਜੇ ਜਾਂਦੇ ਹਨ, ਤਾਂ ਉਹ ਜਵਾਬੀ ਕਾਰਵਾਈ ਕਰਨਗੇ.

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੋਵੀਅਤ ਸੰਘ ਦੇ ਵਿਸਥਾਰ ਦੇ ਕਥਿਤ ਖਤਰੇ ਦੇ ਜਵਾਬ ’ਚ ਸੰਯੁਕਤ ਰਾਜ ਅਮਰੀਕਾ, ਕੈਨੇਡਾ ਅਤੇ ਕੁਝ ਪੱਛਮੀ ਯੂਰਪੀ ਦੇਸ਼ਾਂ ਨੇ 1949 ’ਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਗਠਨ ਕੀਤਾ ਸੀ ਸਥਾਪਨਾ ਸਮੇਂ ਇਸ ’ਚ 12 ਮੈਂਬਰ ਸਨ ਵਰਤਮਾਨ ’ਚ ਇਸ ’ਚ 30 ਮੈਂਬਰ ਦੇਸ਼ ਹਨ ਸੰਧੀ ਦੀ ਧਾਰਾ 10 ਅਨੁਸਾਰ ਕੋਈ ਵੀ ਯੂਰਪੀ ਦੇਸ਼, ਜੋ ਉੱਤਰੀ ਅਟਲਾਂਟਿਕ ਖੇਤਰ ਦੀ ਸੁਰੱਖਿਆ ’ਚ ਯੋਗਦਾਨ ਕਰ ਸਕਦਾ ਹੈ, ਗਠਜੋੜ ’ਚ ਸ਼ਾਮਲ ਹੋ ਸਕਦਾ ਹੈ

ਹਾਲਾਂਕਿ ਨਾਟੋ ’ਚ ਕਿਸੇ ਨਵੇਂ ਦੇਸ਼ ਦੇ ਸ਼ਾਮਲ ਹੋਣ ਲਈ ਹਰੇਕ ਮੈਂਬਰ ਰਾਜ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ 2008 ’ਚ ਗ੍ਰੀਸ ਨੇ ਮੈਸੇਡੋਨੀਆ ਦੇ ਨਾਟੋ ’ਚ ਸ਼ਾਮਲ ਹੋਣ ਦਾ ਵਿਰੋਧ ਕੀਤਾ ਸੀ ਕਿਉਂਕਿ ਉਸ ਨੂੰ ਮੈਸੇਡੋਨੀਆ ਨਾਂਅ ’ਤੇ ਇਤਰਾਜ਼ ਸੀ ਸਾਲ 2018 ’ਚ ਮੈਸੇਡੋਨੀਆ ਨੇ ਆਪਣਾ ਨਾਂਅ ਉੱਤਰੀ ਮੈਸੇਡੋਨੀਆ ਕਰ ਦਿੱਤਾ ਸੀ ਇਸ ਤੋਂ ਬਾਅਦ ਮਾਰਚ 2020 ’ਚ ਦੇਸ਼ ਨੂੰ ਅਧਿਕਾਰਕ ਤੌਰ ’ਤੇ ਇੱਕ ਮੈਂਬਰ ਦੇ ਰੂਪ ’ਚ ਸ਼ਾਮਲ ਕੀਤਾ ਗਿਆ

ਨਾਟੋ ਚਾਰਟਰ ਦੀ ਧਾਰਾ 5 ਇਸ ਫੌਜੀ ਗਠਜੋੜ ਦਾ ਮੁੱਖ ਆਧਾਰ ਹੈ ਇਹ ਸਾਮੂਹਿਕ ਰੱਖਿਆ ਦੇ ਸਿਧਾਂਤ ਦੀ ਗੱਲ ਕਰਦਾ ਹੈ ਇਹ ਨਾਟੋ ਦੇ ਮੈਂਬਰ ਦੇਸ਼ਾਂ ਨੂੰ ਇੱਕ-ਦੂਜੇ ਦੀ ਰੱਖਿਆ ਕਰਨ ਅਤੇ ਗਠਜੋੜ ਅੰਦਰ ਇੱਕਜੁਟਤਾ ਦੀ ਭਾਵਨਾ ਸਥਾਪਿਤ ਕਰਨ ਲਈ ਪਾਬੰਦ ਕਰਦਾ ਹੈ ਦੂਜੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਜੇਕਰ ਨਾਟੋ ਦੇ ਮੈਂਬਰ ਦੇਸ਼ ’ਤੇ ਗੈਰ-ਮੈਂਬਰ ਦੇਸ਼ ਵੱਲੋਂ ਹਮਲਾ ਕੀਤਾ ਜਾਂਦਾ ਹੈ, ਤਾਂ ਸਾਰੇ ਮੈਂਬਰ ਇਸ ਨੂੰ ਆਪਣੇ ’ਤੇ ਕੀਤਾ ਗਿਆ ਹਮਲਾ ਮੰਨਣਗੇ ਅਤੇ ਸਮੂਹਿਕ ਰੂਪ ’ਚ ਜਵਾਬ ਦੇਣਗੇ ਧਾਰਾ 5 ਯੂਕਰੇਨ ਵਰਗੇ ਗੈਰ-ਮੈਂਬਰ ਦੇਸ਼ ’ਤੇ ਲਾਗੂ ਨਹੀਂ ਹੁੰਦੀ ਹੈ

ਹਾਲਾਂਕਿ, 1992 ’ਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਯੂਰਪੀ ਦੋਸਤਾਂ ਵੱਲੋਂ ਬਣਾਏ ਗਏ ਇਸ ਫੌਜੀ ਗਠਜੋੜ ਦਾ ਮਹੱਤਵ ਘੱਟ ਹੋਣ ਲੱਗਾ ਸੀ ਜੰਗੀ ਮਾਮਲਿਆਂ ਦੇ ਜਾਣਕਾਰ ਇੱਥੋਂ ਤੱਕ ਕਹਿਣ ਲੱਗੇ ਸਨ ਕਿ ਜੇਕਰ ਆਉਣ ਵਾਲੇ ਸਮੇਂ ’ਚ ਨਾਟੋ ਯੂਰਪ ’ਚ ਕੋਈ ਵੱਡੀ ਭੂਮਿਕਾ ਨਹੀਂ ਨਿਭਾਉਂਦਾ ਹੈ, ਤਾਂ ਇਸ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ

ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਅਤੇ ਅਸਟਰੇਲੀਆ ਵੱਲੋਂ ਫਰਾਂਸ ਨਾਲ ਪਣਡੁੱਬੀਆਂ ਦੀ ਖਰੀਦ ਸਬੰਧੀ ਸਮਝੌਤੇ ਨੂੰ ਤੋੜ ਕੇ ਆੱਕਸ (ਅਮਰੀਕਾ-ਬ੍ਰਿਟੇਨ ਤੇ ਆਸਟਰੇਲੀਆ) ’ਚ ਸ਼ਾਮਲ ਹੋ ਜਾਣ ਤੋਂ ਬਾਅਦ ਇਸ ਦੇ ਮੈਂਬਰ ਦੇਸ਼ਾਂ ਵਿਚਕਾਰ ਰਿਸ਼ਤਿਆਂ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਸਾਲ 2014 ’ਚ ਰੂਸ ਵੱਲੋਂ ਕ੍ਰੀਮੀਆ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਹਾਲਾਤ ਬਦਲ ਗਏ ਹੁਣ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਿਸ ਤਰ੍ਹਾਂ ਯੂਕ੍ਰੇਨ ’ਤੇ ਹਮਲਾ ਕਰਕੇ ਅਮਰੀਕਾ ਅਤੇ ਯੂਰਪ ਨੂੰ ਚੁਣੌਤੀ ਦਿੱਤੀ ਹੈ, ਉਸ ਤੋਂ ਬਾਅਦ ਨਾਟੋ ਮੁੜ 1992 ਤੋਂ ਪਹਿਲਾਂ ਵਾਲੀ ਸਥਿਤੀ ’ਚ ਆ ਗਿਆ ਹੈ

ਬੈਠਕ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਯੂਰਪ ’ਚ ਅਮਰੀਕਾ ਦੀ ਫੌਜੀ ਹਾਜ਼ਰੀ ’ਚ ਭਾਰੀ ਵਾਧੇ ਦਾ ਐਲਾਨ ਕੀਤਾ ਜਿਸ ’ਚ ਪੋਲੈਂਡ ’ਚ ਇੱਕ ਸਥਾਈ ਅਮਰੀਕੀ ਬੇਸ, ਸਪੇਨ ’ਚ ਦੋ ਸਮੁੰਦਰੀ ਫੌਜੀ ਜੰਗੀ ਬੇਸ ਅਤੇ ਦੋ ਐਫ਼ 35 ਸਕੁਆਰਡਨ ਸ਼ਾਮਲ ਹਨ ਬਿਨਾਂ ਸ਼ੱਕ ਬਾਇਡੇਨ ਦੇ ਇਸ ਫੈਸਲੇ ਨਾਲ ਯੂਰਪ ’ਚ ਨਾਟੋ ਦੀ ਸ਼ਕਤੀ ’ਚ ਵਿਸਥਾਰ ਹੋਵੇਗਾ ਏਸ਼ੀਆ ’ਚ ਨਾਟੋ ਦੇ ਵਿਸਥਾਰ ਨਾਲ ਚਿੰਤਤ ਚੀਨ ਲਈ ਬਾਇਡੇਨ ਦਾ ਇਹ ਫੈਸਲਾ ਉਸ ਦੀਆਂ ਚਿੰਤਾਵਾਂ ਨੂੰ ਹੋਰ ਜਿਆਦਾ ਵਧਾਉਣ ਵਾਲਾ ਸਾਬਤ ਹੋਵੇਗਾ ਪਿਛਲੇ ਇੱਕ ਦਹਾਕੇ ਤੋਂ ਚੀਨ ਅਣਉਮੀਦੇ ਢੰਗ ਨਾਲ ਆਪਣੀਆਂ ਫੌਜਾਂ ਦਾ ਵਿਸਥਾਰ ਕਰ ਰਿਹਾ ਹੈ

ਇਸ ਵਿਚ ਪਰਮਾਣੂ ਹਥਿਆਰ, ਗੁਆਂਢੀਆਂ ਨੂੰ ਡਰਾਉਣਾ ਅਤੇ ਤਾਈਵਾਨ ਨੂੰ ਧਮਕੀ ਦੇਣ ਤੋਂ ਲੈ ਕੇ ਆਧੁਨਿਕ ਤਕਨੀਕ ਦੀ ਮੱਦਦ ਨਾਲ ਆਪਣੇ ਨਾਗਰਿਕਾਂ ਦੀ ਨਿਗਰਾਨੀ ਅਤੇ ਉਨ੍ਹਾਂ ਦਾ ਕੰਟਰੋਲ ਕਰਨਾ ਅਤੇ ਰੂਸ ਦੇ ਝੂਠ ਨੂੰ ਫੈਲਾਉਣਾ ਸ਼ਾਮਲ ਹਨ ਚੀਨ ਦਾ ਲਾਲਚ ਅਤੇ ਦਰਦ ਦੇਣ ਵਾਲੀਆਂ ਨੀਤੀਆਂ ਪੱਛਮੀ ਦੇਸ਼ਾਂ ਦੇ ਹਿੱਤਾਂ, ਸੁਰੱਖਿਆ ਅਤੇ ਮੁੱਲਾਂ ਲਈ ਚੁਣੌਤੀ ਬਣ ਗਈਆਂ ਹਨ ਇਹੀ ਵਜ੍ਹਾ ਹੈ ਕਿ ਮੌਜੂਦਾ ਬੈਠਕ ’ਚ ਨਾਟੋ ਦੇਸ਼ਾਂ ਨੇ ਰੂਸ ਦੇ ਨਾਲ-ਨਾਲ ਚੀਨ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ਦੀ ਗੱਲ ਕਹੀ ਹੈ ਨਾਟੋ ਦੇ ਇਸ ਫੈਸਲੇ ਤੋਂ ਬਾਅਦ ਯੂਰਪ ਦੀ ਸੁਰੱਖਿਆ ’ਚ ਦਹਾਕਿਆਂ ਤੋਂ ਬਾਅਦ ਵੱਡਾ ਬਦਲਾਅ ਹੋਣ ਜਾ ਰਿਹਾ ਹੈ

ਕੋਈ ਦੋ ਰਾਇ ਨਹੀਂ ਕਿ ਮੌਜੂਦਾ ਬੈਠਕ ’ਚ ਜਿਸ ਤਰ੍ਹਾਂ ਨਾਲ ਨਾਟੋ ਆਗੂਆਂ ਨੇ ਇਸ ਫੌਜੀ ਗਠਜੋੜ ਸਬੰਧੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ ਉਸ ਨਾਲ ਯੂਕਰੇਨ ’ਤੇ ਹਮਲੇ ਤੋਂ ਬਾਅਦ ਨਾਟੋ ਵੰਡ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਗਲਤਫਹਿਮੀ ਵੀ ਦੂਰ ਹੋ ਗਈ ਹੋਵੇਗੀ ਸੱਚ ਤਾਂ ਇਹ ਹੈ ਕਿ ਯੂਕਰੇਨ ’ਤੇ ਹਮਲੇ ਤੋਂ ਬਾਅਦ ਨਾਟੋ ਵੰਡੀ ਨਹੀਂ ਗਈ ਸਗੋਂ ਸਮੁੱਚਾ ਯੂਰਪ ਹੀ ਨਾਟੋਕਰਨ ਦੀ ਰਾਹ ’ਤੇ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ
ਡਾ. ਐਨ. ਕੇ. ਸੋਮਾਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ