ਦੌਲਤ ਦੀ ਕੀਮਤ

ਦੌਲਤ ਦੀ ਕੀਮਤ

ਤਪਦੀ ਧੁੱਪ ਵਿੱਚ ਕੰਮ ਕਰਦੇ ਲੱਖਾ ਸਿੰਘ ਨੂੰ ਉਸ ਦੀ ਧੀ ਚੰਨੋ ਨੇ ਕਿਹਾ, ‘‘ਡੈਡੀ ਜੀ! ਗਰਮੀ ਬਹੁਤ ਹੈ, ਚੱਪਲ ਪਾ ਲਓ ਜਾਂ ਕੰਮ ਸ਼ਾਮ ਨੂੰ ਕਰ ਲੈਣਾ’’ ਲੱਖਾ ਸਿੰਘ ਨੇ ਹੱਸ ਕੇ ਜਵਾਬ ਦਿੱਤਾ, ‘‘ਪੁੱਤਰ ਦਿਨ-ਰਾਤ ਕੰਮ ਨਹੀਂ ਕਰਾਂਗਾ ਤਾਂ ਤੁਹਾਨੂੰ ਪੜ੍ਹਾਵਾਂਗਾ ਖਾਵਾਵਾਂਗਾ ਕਿੱਥੋਂ? ਨਾਲੇ ਇਹ ਗਰਮੀ ਮੈਨੂੰ ਕੀ ਕਹਿੰਦੀ ਹੈ?’’ ਇਹ ਦਿ੍ਰਸ਼ ਘੁੰਮਦਾ ਰਹਿੰਦਾ ਹੈ ਚੰਨੋ ਦੇ ਦਿਮਾਗ ਵਿੱਚ, ਚਾਹੇ ਉਹ ਜਵਾਨ ਹੋ ਗਈ ਸੀ।

ਲੱਖਾ ਸਿੰਘ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਤਿੰਨ ਬੱਚਿਆਂ ਨੂੰ ਪਾਲਿਆ-ਪੋਸਿਆ ਅਤੇ ਲਾਇਕ ਬਣਾਇਆ। ਬੱਚੇ ਚੰਗੀ ਕਮਾਈ ਕਰਨ ਲੱਗ ਪਏ। ਪਿਉ ਦਾ ਸੀਨਾ ਠਰ ਜਾਂਦਾ ਬੱਚਿਆਂ ਨੂੰ ਕੰਮ ਕਰਦੇ ਵੇਖ। ਦੋ ਕਮਰੇ ਦੇ ਮਕਾਨ ਵਿੱਚ ਰਹਿਣ ਵਾਲੇ, ਦਰਅਸਲ ਜੋ ਮਕਾਨ ਨਹੀਂ, ਘਰ ਸੀ, ਜਿਸ ਵਿੱਚ ਇੱਕ-ਦੂਜੇ ਪ੍ਰਤੀ ਪਿਆਰ, ਫਿਕਰ ਅਤੇ ਸਮਝ ਪਲਦੀ ਸੀ, ਬੱਚਿਆਂ ਨੇ ਹੁਣ ਵੱਡੇ-ਵੱਡੇ ਘਰ ਅਤੇ ਜਮੀਨ-ਜਾਇਦਾਦ ਬਣਾ ਲਈ। ਪਿਉ ਦਾ ਦਿਲ ਸਕੂਨ ਨਾਲ ਭਰਿਆ ਰਹਿੰਦਾ ਹੈ ਕਿ ਹਜ਼ਾਰਾਂ ਵਿੱਚ ਕਮਾਉਣ ਵਾਲੇ ਪਿਉ ਦੀ ਸੰਤਾਨ, ਜਿਨ੍ਹਾਂ ਨੂੰ ਉਸ ਨੇ ਆਪਣੇ ਖੂਨ ਅਤੇ ਪਸੀਨੇ ਨਾਲ ਪਾਲਿਆ, ਉਹ ਲੱਖਾਂ-ਕਰੋੜਾਂ ਜੋਗੀ ਹੋ ਗਈ ਹੈ। ਲੱਗਦਾ ਸੀ, ਬੁਢਾਪਾ ਬਹੁਤ ਸੁਖਾਲਾ ਗੁਜਰ ਜਾਊ।

ਪਰ ਅਜਿਹਾ ਕੁਝ ਵੀ ਨਾ ਹੋਇਆ, ਸਮਾਂ ਬੀਤਣ ’ਤੇ ਬੱਚੇ ਹੋਰ ਤਰੱਕੀ ਕਰਦੇ ਗਏ, ਪਰ ਅਫਸੋਸ ਉਹ ਭੁੱਲ ਗਏ ਕਿ ਅਸੀਂ ਕਿਵੇਂ ਬਣੇ ਹਾਂ, ਹਉਮੇ ਨੇ, ਕਿ ਮੈਂ ਬਣਾਇਆ, ਮੇਰਾ ਹੈ, ਮੈਂ ਕੀਤਾ ਚਾਰ-ਚੁਫੇਰੇ ਉਨ੍ਹਾਂ ਨੂੰ ਘੇਰਾ ਪਾ ਲਿਆ। ਭੁੱਲ ਗਏ ਕਿ ਜਨਮ ਦੇਣ ਵਾਲੇ ਮਾਪਿਆਂ ਦਾ ਸਾਡੇ ਵਰਤਮਾਨ ਪਿੱਛੇ ਕੀ ਹੱਥ ਹੈ? ਲੱਖਾ ਸਿੰਘ ਉਸੇ ਤਰੀਕੇ ਆਪਣੀ ਰੋਜੀ-ਰੋਟੀ ਦਾ ਕਦੀ ਕਿਵੇਂ ਕਦੀ ਕਿਵੇਂ ਜੁਗਾੜ ਕਰ ਹੀ ਲੈਂਦਾ ਸੀ। ਉਸਨੇ ਬੱਚਿਆਂ ਤੋਂ ਕਦੀ ਕੋਈ ਆਸ ਨਾ ਰੱਖੀ ਸਗੋਂ ਬੱਚਿਆਂ ਨੂੰ ਆਪਣੀ ਕਮਾਈ ਵਿੱਚੋਂ 100-200 ਦੇ ਆਉਂਦਾ।

ਇੱਕ ਦਿਨ ਲੱਖਾ ਸਿੰਘ ਆਪਣੀ ਪੁਰਾਣੀ ਜਿਹੀ ਸਾਈਕਲ ਉੱਤੇ ਆਪਣੇ ਕੰਮ ਨੂੰ ਜਾ ਰਿਹਾ ਸੀ ਕਿ ਕਿਸੇ ਨੇ ਵਿਅੰਗਮਈ ਢੰਗ ਨਾਲ ਪੁੱਛਿਆ, ‘‘ਲੱਖਾ ਸਿੰਘ! ਕੀ ਗੱਲ ਟੁੱਟੀ ਜਿਹੀ ਸਾਈਕਲ ਹੀ ਘਸੀਟੀ ਫਿਰਦਾ ਐਂ, ਬੱਚੇ ਤਾਂ ਤੇਰੇ ਵੱਡੀਆਂ-ਵੱਡੀਆਂ ਗੱਡੀਆਂ ’ਤੇ ਸਵਾਰ ਨੇ?’’
ਸਵਾਲਾਂ ਅਤੇ ਦਰਦ ਦਾ ਸੈਲਾਬ ਜਿਹਾ ਉਮੜ ਆਇਆ, ਇਹ ਸੁਣ ਕੇ ਲੱਖਾ ਸਿੰਘ ਦੇ ਅੰਦਰ, ਕੀ ਦੌਲਤ ਇਨਸਾਨ ਨੂੰ ਰਿਸ਼ਤੇ ਭੁਲਾ ਦਿੰਦੀ ਹੈ?

ਕੀ ਦੌਲਤ ਇਨਸਾਨ ਨੂੰ ਉਸ ਦਾ ਅਤੀਤ ਭੁਲਾ ਦਿੰਦੀ ਹੈ? ਕੀ ਦੌਲਤ ਖੂਨ ਦੇ ਰਿਸ਼ਤਿਆਂ ਤੋਂ ਉੱਚੀ ਹੈ? ਕੀ ਦੌਲਤ ਨਾਲ ਇੱਕ-ਦੂਜੇ ਦਾ ਦਰਦ ਨਜਰ ਆਉਣਾ ਬੰਦ ਹੋ ਜਾਂਦਾ ਹੈ? ਕੀ ਦੌਲਤ ਦੀ ਕੀਮਤ ਬੇਸ਼ਕੀਮਤੀ ਰਿਸ਼ਤੇ ਹਨ? ਜੇ ਇਨ੍ਹਾਂ ਸੁਆਲਾਂ ਦੇ ਜਵਾਬ ਹਾਂ ਹਨ, ਤਾਂ ਕੀ ਦੌਲਤ ਦਾ ਹੋਣਾ ਵਾਜ਼ਬ ਹੈ? ਕੀ ਮੈਂ ਦੌਲਤ ਦੀ ਬਹੁਤ ਵੱਡੀ ਕੀਮਤ ਚੁਕਾ ਰਿਹਾਂ ਹਾਂ? ਇਹ ਸੋਚਦਾ ਹੋਇਆ ਲੱਖਾ ਸਿੰਘ ਹਮੇਸ਼ਾ ਲਈ ਅੱਖਾਂ ਮੀਚ ਗਿਆ।
ਡਾ. ਰਮਨਦੀਪ ਕੌਰ,
ਪ੍ਰੋਫੈਸਰ ਅੰਗਰੇਜ਼ੀ ਭਾਸ਼ਾ,
ਸਰਕਾਰੀ ਬਿ੍ਰਜਿੰਦਰਾ ਕਾਲਜ, ਫਰੀਦਕੋਟ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ