ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਵਾਉਣ ਲਈ ਮਿੰਨੀ ਟਰਾਂਸਪੋਰਟ ਸੜਕਾਂ ’ਤੇ ਪੁੱਜੀ, ਅੱਠ ਘੰਟੇ ਦਿੱਤਾ ਧਰਨਾ

Jugadu Motorcycle
ਗੁਰਦਾਸਪੁਰ : ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਨਾ ਕੀਤੇ ਜਾਣ ਦੇ ਰੋਸ ਵਜੋਂ ਧਰਨਾ ਦਿੰਦੇ ਹੋਏ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ ਤੇ ਡਰਾਈਵਰ। ਤਸਵੀਰ : ਸਰਬਜੀਤ ਸਾਗਰ।

ਗ਼ੈਰਕਾਨੂੰਨੀ ਕਾਰੋਬਾਰ ਨੂੰ ਨੱਥ ਪਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਨਹੀਂ ਦਿਖਾ ਰਿਹਾ ਗੰਭੀਰਤਾ : ਪ੍ਰਧਾਨ ਰਾਜ ਕੁਮਾਰ (Jugadu Motorcycle )

(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਆਲ ਪੰਜਾਬ ਤੇ ਯੂਨਾਈਟੇਡ ਟਰੇਡ ਯੂਨੀਅਨ ਦੇ ਸੱਦੇ ’ਤੇ ਪਰਮਾਨੰਦ ਬਾਈਪਾਸ ਦੀਨਾਨਗਰ ਵਿਖੇ ਅੱਠ ਘੰਟੇ ਲਈ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਗ਼ੈਰਗਾਨੂੰਨੀ ਢੰਗ ਨਾਲ ਚੱਲ ਰਹੇ ਜੁਗਾੜੂ ਮੋਟਰਸਾਈਕਲ ਰੇਹੜੀਆਂ ਨੂੰ ਸਰਕਾਰ ਤੁਰੰਤ ਬੰਦ ਕਰਵਾਏ ਕਿਉਂਕਿ ਇਸ ਨੂੰ ਬੰਦ ਕਰਵਾਉਣ ਲਈ ਮਾਣਯੋਗ ਅਦਾਲਤ ਵੱਲੋਂ ਵੀ ਆਦੇਸ਼ ਜਾਰੀ ਹੋਏ ਹਨ, ਜਿਨਾਂ ਨੂੰ ਪੰਜਾਬ ਅੰਦਰ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। (Jugadu Motorcycle )

ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਨੇ ਕਿਹਾ ਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਨੁਮਾਇੰਦੇ ਹਰੇਕ ਗ਼ੈਰਕਾਨੂੰਨੀ ਕੰਮ ਨੂੰ ਬੰਦ ਕਰਵਾਉਣ ਦੇ ਦਾਅਵੇ ਕਰਦੇ ਹਨ ਅਤੇ ਦੂਜੇ ਪਾਸੇ ਪੁਲਿਸ ਤੇ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਜੁਗਾੜੂ ਮੋਟਰਸਾਈਕਲ ਰੇਹੜੇ ਸ਼ਰੇਆਮ ਟਰਾਂਸਪੋਰਟ ਸਿਸਟਮ ਨੂੰ ਅੰਗੂਠਾ ਦਿਖਾ ਕੇ ਕਾਰੋਬਾਰ ਕਰ ਰਹੇ ਹਨ। ਜਿਨਾਂ ਨੂੰ ਨੱਥ ਪਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਜ਼ਰਾ ਵੀ ਗੰਭੀਰ ਨਹੀਂ। ਉਨਾਂ ਕਿਹਾ ਕਿ ਅਸੀਂ ਸਰਕਾਰ ਦੇ ਨਿਯਮਾਂ ਮੁਤਾਬਕ ਹਜ਼ਾਰਾਂ ਰੁਪਏ ਟੈਕਸ ਅਦਾ ਕਰਦੇ ਹਾਂ ਜਦਕਿ ਇਹ ਜੁਗਾੜੂ ਮੋਟਰਸਾਈਕਲ ਰੇਹੜੇ ਬਿਨਾਂ ਕਿਸੇ ਪਰਮਿਸ਼ਨ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਿਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ।

ਇਹ ਵੀ ਪੜ੍ਹੋ : ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ

ਉਨਾਂ ਮੀਡੀਆ ਨੂੰ ਤਸਵੀਰਾਂ ਦਿਖਾਉਦਿਆਂ ਕਿਹਾ ਕਿ ਆਖ਼ਿਰ ਕਿਹੜੇ ਨਿਯਮਾਂ ਤਹਿਤ ਇਹ ਲੋਕ ਆਪਣੀਆਂ ਜੁਗਾੜੂ ਰੇਹੜੀਆਂ ’ਤੇ ਕੁਇੰਟਲਾਂ ਦੇ ਹਿਸਾਬ ਨਾਲ ਮਾਲ ਦੀ ਢੋਆ-ਢੁਆਈ ਕਰੀ ਜਾ ਰਹੇ ਹਨ। ਉਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਸਖ਼ਤੀ ਦਿਖਾਉਣ ਦੀ ਲੋੜ ਹੈ, ਨਹੀਂ ਤਾਂ ਉਹ ਅਗਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਕੇ ਸੜਕਾਂ ’ਤੇ ਉੱਤਰਣ ਲਈ ਮਜਬੂਰ ਹੋਣਗੇ। ਇਸ ਮੌਕੇ ਧਰਨਾ ਦੇਣ ਵਾਲਿਆਂ ’ਚ ਮੀਤ ਪ੍ਰਧਾਨ ਸੁਰਿੰਦਰ ਕਲੌਤਰਾ, ਖਜ਼ਾਨਚੀ ਰਛਪਾਲ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਕਾਟਲ, ਹਰਜਿੰਦਰ ਕੁਮਾਰ, ਲਖਵਿੰਦਰ ਸਿੰਘ, ਸੂਰਤ ਸਿੰਘ, ਗੋਸਾ, ਭਿੰਦਾ, ਬਲਜੀਤ ਸਿੰਘ, ਨਰਿੰਦਰ ਪਾਲ, ਵਿਸ਼ਾਲ ਜੋਗੀ ਅਤੇ ਸੁਰਿੰਦਰ ਕੁਮਾਰ ਤੋਂ ਇਲਾਵਾ ਹੋਰ ਡਰਾਈਵਰ ਸ਼ਾਮਲ ਸਨ।