ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਮੌਤ, ਇਨਸਾਫ ਲਈ ਪਰਿਵਾਰ ਨੇ ਲਾਇਆ ਧਰਨਾ

Malerkotla News

ਘਰੇਲੂ ਜ਼ਮੀਨੀ ਝਗੜੇ ਦੇ ਕੇਸ ’ਚ ਨਾਮਜ਼ਦ ਸੀ ਮ੍ਰਿਤਕ

  • ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਲਗਾਇਆ ਧਰਨਾ (Malerkotla News)
  • ਪਰਿਵਾਰ ਨੇ ਲਗਾਏ ਥਾਣਾ ਮੁਖੀ ’ਤੇ ਗੰਭੀਰ ਦੋਸ਼ 

(ਗੁਰਤੇਜ ਜੋਸੀ) ਮਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਧਨੋ ਵਿਖੇ ਦੋ ਸਕੇ ਪਰਿਵਾਰਾਂ ਵਿੱਚ ਚੱਲ ਰਹੇ ਜ਼ਮੀਨੀ ਝਗੜੇ ਦੇ ਮੱਦੇਨਜ਼ਰ ਥਾਣਾ ਸਦਰ ਸੰਦੌੜ (ਮਾਲੇਰਕੋਟਲਾ) (Malerkotla News) ਵਿਖੇ ਦਰਜ ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਇਕ ਵਿਅਕਤੀ ਦੀ ਪੁਲਿਸ ਵੱਲੋਂ ਦਬਕੇ ਮਾਰਨ ਪਿਛੋਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਉਪਰੰਤ ਮਾਮਲਾ ਉਦੋਂ ਵਿਘੜ ਗਿਆ ਜਦੋਂ ਮ੍ਰਿਤਕ ਦੇ ਵਾਰਸ਼ਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕਾਮਰੇਡ ਅਬਦੁਲ ਸਤਾਰ ਸਕੱਤਰ ਸੀਪੀਆਈ (ਐਮ) ਦ ਅਤੇ ਸੈਕੜੇ ਕਾਮਰੇਡਾ ਦੀ ਰਹਿਨੁਮਾਈ ਹੇਠ ਰੋਸ ਧਰਨਾ ਦੇ ਕੇ ਉਦੋਂ ਤੱਕ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਐਲਾਨ ਕਰ ਦਿਤਾ ਜਦੋਂ ਤੱਕ ਇਸ ਮੌਤ ਲਈ ਕਥਿਤ ਤੌਰ ‘ਤੇ ਜਿੰਮੇਵਾਰ ਥਾਣਾ ਮੁੱਖੀ ਅਤੇ ਜਾਂਚ ਅਧਿਕਾਰੀ ਖਿਲਾਫ ਮਾਮਲਾ ਦਰਜ ਕਰਕੇ ਦੋਵਾਂ ਨੂੰ ਤੁਰੰਤ ਮੁਅੱਤਲ ਨਹੀਂ ਕੀਤਾ ਜਾਂਦਾ।

ਕੀ ਹੈ ਮਾਮਲਾ (Malerkotla News)

ਜਾਣਕਾਰੀ ਮੁਤਾਬਿਕ ਧਨੋ ਪਿੰਡ ’ਚ ਇਕ ਜ਼ਮੀਨੀ ਝਗੜੇ ਦੌਰਾਨ ਮਨਪ੍ਰੀਤ ਸਿੰਘ ਪੁਤਰ ਸੁਖਦੇਵ ਚੰਦ ਦੀ ਸ਼ਿਕਾਇਤ ’ਤੇ ਮ੍ਰਿਤਕ ਚਰਨਜੀਤ ਰਾਏ, ਉਸ ਦੀ ਪਤਨੀ ਜਸਪਾਲ ਕੌਰ, ਪੁੱਤਰ ਅਵਤਾਰ ਸਿੰਘ ਅਤੇ ਨੂੰਹ ਰਜ਼ਨੀ ਸਮੇਤ ਸੱਤ ਵਿਅਕਤੀਆਂ ਖਿਲਾਫ ਥਾਣਾ ਸੰਦੌੜ ਵਿਖੇ 24 ਅਪ੍ਰੈਲ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਸੀ ਕਿ 21 ਅਪ੍ਰੈਲ ਨੂੰ ਰਾਤੀਂ ਕਰੀਬ ਸਵਾ 9 ਵਜੇ ਅਵਤਾਰ ਸਿੰਘ ਅਤੇ ਮਦਨ ਲਾਲ ਭਸੌੜ ਨੇ ਉਸ ਵੇਲੇ ਖੇਤ ਵਿਚ ਘੇਰ ਕੇ ਕੁੱਟ ਮਾਰ ਕੀਤੀ ਜਦੋਂ ਉਹ ਆਪਣੇ ਭਰਾ ਸਿਵ ਕੁਮਾਰ ਸਮੇਤ ਕੰਬਾਈਨ ਲੈ ਕੇ ਕਣਕ ਦੀ ਕਟਾਈ ਕਰਨ ਖੇਤ ਪਹੁੰਚੇ ਸਨ।

ਇਹ ਵੀ ਪੜ੍ਹੋ : ਪੁਲਿਸ ਵੱਲੋਂ ਦੋਹਰੇ ਕਤਲ ਕਾਂਡ ਦਾ ਮਾਮਲਾ ਸੁਲਝਾਇਆ, ਪੰਜ ਮੁਲਜ਼ਮ ਗ੍ਰਿਫਤਾਰ

ਮਨਪ੍ਰੀਤ ਸਿੰਘ ਮੁਤਾਬਿਕ ਜਦੋਂ ਉਹ ਕਣਕ ਦੀ ਕਟਾਈ ਕੀਤੇ ਬਗੈਰ ਹੀ ਘਰੇ ਪਰਤੇ ਤਾਂ ਦੂਜੀ ਧਿਰ ਵੱਲੋਂ ਫੋਨ ਕਰਕੇ ਬੁਲਾਏ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਦੇ ਘਰ ਉਪਰ ਹਮਲਾ ਕਰ ਦਿਤਾ ਅਤੇ ਕਥਿਤ ਤੌਰ ’ਤੇ ਘਰ ਅੰਦਰ ਪਿਆ ਫਰਿਜ਼,ਟੀ.ਵੀ. ਕੂਲਰ, ਬੈਡ ਆਦਿ ਤੋੜ ਦਿਤੇ ਅਤੇ ਅਲਮਾਰੀ ਦਾ ਲਾਕਰ ਤੋੜ ਕੇ ਸੋਨੇ ਚਾਂਦੀ ਦੇ ਗਹਿਿਣਾਂ ਸਮੇਤ ਇਕ ਲੱਖ ਰੁਪਏ ਵੀ ਕੱਢ ਲਏ ਗਏ। ਜਿਸ ਕਾਰਨ ਮ੍ਰਿਤਕ ਅਤੇ ਉਸ ਦੇ ਪਰਿਵਾਰ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਉਸ ਦਿਨ ਮੰਡੀ ਵਿੱਚ ਫਸਲ ਵੇਚਣ ਗਿਆ ਹੋਇਆ ਸੀ।

Malerkotla News

ਡੀ.ਐਸ.ਪੀ. ਮਲੇਰਕੋਟਲਾ ਕੁਲਦੀਪ ਸਿੰਘ ਵੱਲੋਂ ਪਰਿਵਾਰ ਨੂੰ ਦਿੱਤਾ ਭਰੋਸਾ

ਅੱਜ ਇਸ ਧਰਨੇ ਦਾ ਪਤਾ ਲੱਗਦਿਆ ਹੀ ਮੌਕੇ ’ਤੇ ਪਹੁੰਚੇ ਡੀ.ਐਸ.ਪੀ. ਮਲੇਰਕੋਟਲਾ ਕੁਲਦੀਪ ਸਿੰਘ ਵੱਲੋਂ ਦੋਵੇਂ ਪੁਲਿਸ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਦਾ ਭਰੋਸ਼ਾ ਦਿੱਤੇ ਜਾਣ ਪਿੱਛੋਂ ਪਰਿਵਾਰ ਧਰਨਾ ਖਤਮ ਕਰਕੇ ਲਾਸ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਚਰਨਜੀਤ ਰਾਏ ਪੁੱਤਰ ਸਾਹਿਬ ਚੰਦ ਵਾਸ਼ੀ ਪਿੰਡ ਧਨੋਂ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਚਰਨਜੀਤ ਰਾਏ ਦੇ ਬੇਟੇ ਅਵਤਾਰ ਸਿੰਘ ਨੇ ਸੰਦੌੜ ਪੁਲਿਸ ਵੱਲੋਂ ਉਨ੍ਹਾਂ ਦੇ ਪਰਿਵਾਰ ਉਪਰ ਦਬਕੇ ਮਾਰਨ ਅਤੇ ਉਨ੍ਹਾਂ ਦੀ ਖਰੀਦੀ ਜ਼ਮੀਨ ਉਪਰ ਦੂਜੀ ਧਿਰ ਦਾ ਕਥਿੱਤ ਧੱਕੇ ਨਾਲ ਕਬਜ਼ਾ ਕਰਵਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ, ਮਾਤਾ, ਪਤਨੀ ਅਤੇ ਹੋਰ ਰਿਸ਼ਤੇਦਾਰਾਂ ਖਿਲਾਫ ਕਥਿਤ ਝੂਠਾ ਮਾਮਲਾ ਦਰਜ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਜ਼ਮੀਨ ਮੁੱਲ਼ ਖਰੀਦੀ ਹੋਈ ਹੈ ਅਤੇ ਸਾਰੇ ਕਾਗਜ਼ਾਤ ਉਨ੍ਹਾਂ ਕੋਲ ਮੌਜੂਦ ਹਨ ਪ੍ਰੰਤੂ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਥਾਣਾ ਮੁਖੀ ਸੰਦੌੜ ਸਮੇਤ ਕੋਈ ਵੀ ਪੁਲਿਸ ਅਧਿਕਾਰੀ ਕਾਗਜ਼ ਦੇਖਣ ਲਈ ਵੀ ਤਿਆਰ ਨਹੀਂ ਹੈ। ਆਪਣੇ ਪਿਤਾ ਦੀ ਮੌਤ ਲਈ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਦੱਸਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਥਾਣਾ ਸੰਦੌੜ ਦੇ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਲਗਾਤਾਰ ਦਬਕੇ ਮਾਰ ਰਹੇ ਸਨ ਜਿਸ ਕਰਕੇ ਉਨ੍ਹਾਂ ਦੇ ਪਿਤਾ ਨੂੰ ਆਪਣੀ ਜਾਨ ਗੁਆਉਣੀ ਪਈ।

ਮਾਮਲੇ ਦੀ ਜਾਂਚ ਕਰਵਾਕੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਵਿਭਾਗੀ ਕਾਰਵਾਈ ਕਰਾਂਗੇ: ਡੀ.ਐਸ.ਪੀ.

ਮੌਕੇ ’ਤੇ ਮੌਜੂਦ ਡੀ.ਐਸ.ਪੀ. ਮਲੇਰਕੋਟਲਾ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਮਾਮਲੇ ਬਾਰੇ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ