ਡਿਗਰੀਆਂ ’ਤੇ ਵਿਵਾਦ ਅਤੇ ਗਿਆਨ ਦੀ ਮਹਿਮਾ

Knowledge

ਅਕਸਰ ਤਰਕ ਹੰਕਾਰ ਨੂੰ ਜਨਮ ਦਿੰਦਾ ਹੈ, ਜੋ ਅਪਰਿਪੱਕ ਗਿਆਨ (Knowledge) ’ਤੇ ਆਧਾਰਿਤ ਹੁੰਦਾ ਹੈ। ਸਾਡੇ ਦੇਸ਼ ’ਚ ਸਰਟੀਫਿਕੇਟ ਅਤੇ ਡਿਗਰੀ ਆਧਾਰਿਤ ਸਿੱਖਿਆ ਇਹੀ ਕਰ ਰਹੀ ਹੈ। ਭਾਰਤ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ, ਪਰ ਸਕੂਲੀ ਸਿੱਖਿਆ, ਕੁਸ਼ਲ-ਅਕੁਸ਼ਲ ਦੀਆਂ ਭਰਿਭਾਸ਼ਾਵਾਂ ਨਾਲ ਗਿਆਨ ਨੂੰ ਰੇਖਾਂਕਿਤ ਕੀਤੇ ਜਾਣ ਕਾਰਨ ਮਹਿਜ਼ ਕਾਗਜ਼ੀ ਕੰਮ ਨਾਲ ਜੁੜੇ ਡਿਗਰੀਧਾਰੀ ਨੂੰ ਹੀ ਗਿਆਨ ਦਾ ਅਧਿਕਾਰੀ ਮੰਨ ਲਿਆ ਹੈ। ਜਦੋਂਕਿ ਪਰੰਪਰਾ ਅਤੇ ਕੰਮ ਪ੍ਰਤੀ ਸਮੱਰਪਣ ਦੇ ਬਲਬੂਤੇ ਕੌਸ਼ਲ-ਮੁਹਾਰਤ ਹਾਸਲ ਕਰ ਲੈਣ ਵਾਲੇ ਸਿਆਸੀ ਆਗੂ, ਸਮਾਜਸੇਵੀ, ਫ਼ਿਲਮ, ਟੀ.ਵੀ. ਅਤੇ ਲੋਕ-ਕਲਾਕਾਰ, ਸ਼ਿਲਪਕਾਰ, ਵਪਾਰੀ ਅਤੇ ਕਿਸਾਨ ਨੂੰ ਅਨਪੜ੍ਹ ਅਤੇ ਅਗਿਆਨੀ ਮੰਨਿਆ ਜਾਂਦਾ ਹੈ। ਡਿਗਰੀ ਬਨਾਮ ਯੋਗਤਾ ਵਰਗੇ ਵਿਵਾਦਪੂਰਨ ਮੁੱਦੇ ਨਾਲ ਜੁੜੇ ਅਜਿਹੇ ਮਾਮਲੇ ਹਾਲ ਹੀ ’ਚ ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਦਰਭ ’ਚ ਸਾਹਮਣੇ ਆਏ ਹਨ।

ਫਰਜੀ ਯੂਨੀਵਰਸਿਟੀਆਂ

ਇਸ ਸਮੇਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 23 ਫਰਜੀ ਯੂਨੀਵਰਸਿਟੀਆਂ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਹੈ। ਕੀ ਅਸੀਂ ਇਨ੍ਹਾਂ ਸੰਸਥਾਵਾਂ ਤੋਂ ਉਮੀਦ ਰੱਖ ਸਕਦੇ ਹਾਂ ਕਿ ਉਨ੍ਹਾਂ ਦਾ ਡਿਗਰੀ ਵੰਡਣ ਦਾ ਆਧਾਰ ਯੋਗਤਾ ਰਿਹਾ ਹੋਵੇਗਾ। ਜਿਨ੍ਹਾਂ ਕੇਂਦਰੀ ਯੂਨੀਵਰਸਿਟੀਆਂ ਨੂੰ ਉੱਤਮ ਸਿੱਖਿਆ ਦੇਣ ਲਈ ਖੜ੍ਹਾ ਕੀਤਾ ਗਿਆ ਸੀ, ਉਨ੍ਹਾਂ ’ਚ ਬੀਤੇ ਪੰਜ ਸਾਲਾਂ ਅੰਦਰ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਪੱਛੜਾ ਵਰਗ ਦੇ 19 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਵਿਚਾਲਿਓਂ ਹੀ ਸੰਸਥਾਨ ਛੱਡ ਗਏ। ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਹਾਲ ਹੀ ’ਚ ਰਾਜ ਸਭਾ ’ਚ ਇਹ ਜਾਣਕਾਰੀ ਦਿੱਤੀ ਹੈ। ਜਿਸ ਦੇਸ਼ ’ਚ ੳੱੁਚ ਸਿੱਖਿਆ ਦੇ ਅਜਿਹੇ ਬਦਤਰ ਹਾਲਾਤ ਹੋਣ, ਉੱਥੋਂ ਦੇ ਸੱਤਾ ਦੇ ਸੂਤਰਧਾਰ ਉਨ੍ਹਾਂ ਲੋਕਾਂ ਦੀਆਂ ਡਿਗਰੀਆਂ ’ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ, ਜੋ ਦੇਸ਼-ਦੁਨੀਆ ’ਚ ਆਪਣੀ ਮਹਾਨਤਾ ਦੇ ਮੁਕਾਮ ਸਥਾਪਤ ਕਰ ਚੁੱਕੇ ਹਨ। ਇਸ ਨੂੰ ਉੱਚ ਡਿਗਰੀਧਾਰੀਆਂ ਦੀ ਸੋਚ ਦੀ ਬਿਡੰਬਨਾ ਹੀ ਕਿਹਾ ਜਾਵੇਗਾ।

ਚੁੱਕਿਆ ਗਿਆ ਸਵਾਲ

ਸਫਲ ਟੀ. ਵੀ. ਕਲਾਕਾਰ ਅਤੇ ਸਿਆਸੀ ਆਗੂ ਸਮਿ੍ਰਤੀ ਇਰਾਨੀ ਦੇ ਸੰਦਰਭ ’ਚ ਵੀ ਇਸ ਸਵਾਲ ਨੇ ਉਸ ਸਮੇਂ ਤੂਲ ਫੜਿਆ ਸੀ, ਜਦੋਂ ਸਿਰਫ਼ ਬਾਰ੍ਹਵੀਂ ਜਮਾਤ ਹੋਣ ਦੇ ਬਾਵਜ਼ੂਦ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸਿੱਖਿਆ ਦੀਆਂ ਸਾਰੀਆਂ ਸੰਭਾਵਨਾਵਾਂ ਨਾਲ ਸਬੰਧਿਤ ਮਨੁੱਖੀ ਵਸੀਲੇ ਵਿਕਾਸ ਮੰਤਰੀ ਬਣਾ ਦਿੱਤਾ ਸੀ। ਉੱਚ ਸਿੱਖਿਆ ਸਬੰਧੀ ਸਾਰੇ ਭਾਰਤੀ ਤਕਨੀਕੀ ਸੰਸਥਾਨ ਇਸ ਮੰਤਰਾਲੇ ਦੇ ਅਧੀਨ ਹਨ। ਇਸ ਲਈ ਸਵਾਲ ਉਠਾਇਆ ਗਿਆ ਸੀ ਕਿ ਜੋ ਵਿਅਕਤੀ ਖੁਦ ਇੰਟਰ ਤੱਕ ਪੜ੍ਹਿਆ ਹੈ, ਉਹ ਸਿੱਖਿਆ ਦੇ ਉੱਚੇ ਮਾਪਦੰਡਾਂ ਨੂੰ ਕਿਵੇਂ ਸਮਝੇਗਾ। ਇਸ ਸੋਚ ’ਚ ਡਿਗਰੀ ਆਧਾਰਿਤ ਮਾਨਸਿਕਤਾ ਰਹੀ ਸੀ। ਆਧੁਨਿਕ ਅਤੇ ਅੰਗਰੇਜ਼ੀ ਸਿੱਖਿਆ ਦੀ ਇਸ ਦੇਣ ਨੇ ਸਾਡੇ ਦਿਮਾਗ ਦੇ ਦਾਇਰੇ ਨੂੰ ਸੌੜਾ ਕੀਤਾ ਹੈ।

ਸਵਾਲਾਂ ’ਤੇ ਗਰਮਾਇਆ ਮੁੱਦਾ

ਇਸ ਤੋਂ ਉੱਭਰੇ ਬਿਨਾ ਕਲਪਨਾਸ਼ੀਲ ਪ੍ਰਤਿਭਾਵਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਅਨੁਸਾਰ ਸਥਾਨ ਮਿਲਣਾ ਮੁਸ਼ਕਲ ਹੈ। ਹੁਣ ਇਹ ਮੁੱਦਾ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਨ੍ਹਾ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਰਿੰਦਰ ਮੋਦੀ ਦੀ ਡਿਗਰੀ ’ਤੇ ਉਠਾਏ ਸਵਾਲਾਂ ’ਤੇ ਗਰਮਾਇਆ ਹੋਇਆ ਹੈ। ਸਿੰਨ੍ਹਾ ਨੇ ਆਈਟੀਐਮ ਗਵਾਲੀਅਰ ’ਚ ਡਾ. ਰਾਮਮਨੋਹਰ ਲੋਹੀਆ ਯਾਦਗਾਰ ਪ੍ਰੋਗਰਾਮ ’ਚ ਭਾਸ਼ਣ ਦੌਰਾਨ ਬਿਨਾ ਵਜ੍ਹਾ ਮਹਾਤਮਾ ਗਾਂਧੀ ਦੀ ਸਿੱਖਿਆ ਯੋਗਤਾ ’ਤੇ ਗੱਲ ਕਰਦਿਆਂ ਕਿਹਾ ਕਿ ‘ਉਨ੍ਹਾਂ ਕੋਲ ਇੱਕ ਵੀ ਯੂਨੀਵਰਸਿਟੀ ਦੀ ਡਿਗਰੀ ਨਹੀਂ ਸੀ। ਉਨ੍ਹਾਂ ਕੋਲ ਸਿਰਫ਼ ਹਾਈ ਸਕੂਲ ਦਾ ਡਿਪਲੋਮਾ ਸੀ। ਉਨ੍ਹਾਂ ਨੇ ਵਕਾਲਤ ਕਰਨ ਲਈ ਕੁਆਲੀਫਾਈ ਕੀਤਾ ਸੀ, ਕੋਈ ਕਾਨੂੰਨੀ ਡਿਗਰੀ ਉਨ੍ਹਾਂ ਕੋਲ ਨਹੀਂ ਸੀ।’ ਹਾਲਾਂਕਿ ਦੇਸ਼ ਅਤੇ ਦੁਨੀਆ ਨੇ ਉਨ੍ਹਾਂ ਦਾ ਲੋਹਾ ਕਿਸੇ ਕਥਿਤ ਡਿਗਰੀ ਨਾਲ ਨਹੀਂ ਅਜ਼ਾਦੀ ਦੇ ਸੰਘਰਸ਼ ਅਤੇ ਸੱਚ ਅਤੇ ਅਹਿੰਸਾ ਦੇ ਸਿਧਾਂਤ ਨਾਲ ਮੰਨਿਆ।

ਗਣਪਤੀ ਭੱਟ ਦੀ ਚਰਚਾ | Knowledge

ਇਸ ਸਿਧਾਂਤ ਦੇ ਆਦਰਸ਼ ਕਿਸੇ ਪਾਠਕ੍ਰਮ ਦੀ ਕਿਤਾਬ ’ਚੋਂ ਨਹੀਂ, ਸਗੋਂ ਭਾਰਤੀ ਦਰਸ਼ਨ ਦੇ ਮੂਲ ਤੋਂ ਉਨ੍ਹਾਂ ਨੇ ਧਾਰਨ ਕੀਤੇ ਸਨ। ‘ਗੀਤਾ’ ਉਨ੍ਹਾਂ ਦੀ ਪ੍ਰੇਰਨਾ ਦਾ ਮੁੱਖ ਆਧਾਰ ਰਹੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਮੰਗਲੁਰੂ ਦੇ ਕਿਸਾਨ ਗਣਪਤੀ ਭੱਟ ਨੇ ਨਾਰੀਅਲ ਅਤੇ ਸੁਪਾਰੀ ਦੇ ਰੁੱਖਾਂ ’ਤੇ ਚੜ੍ਹਨ ਵਾਲੀ ਮੋਟਰ ਸਾਈਕਲ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਤਰ੍ਹਾਂ ਦੁਆਰਿਕਾ ਪ੍ਰਸ਼ਾਦ ਚੌਰਸੀਆ ਨਾਂਅ ਦੇ ਇੱਕ ਨੌਜਵਾਨ ਨੇ ਪਾਣੀ ’ਤੇ ਚੱਲਣ ਲਈ ਜੁੱਤੇ ਬਣਾਏ ਹਨ।

ਉੱਤਰ ਪ੍ਰਦੇਸ਼ ਦੇ ਇਸ ਨੌਜਵਾਨ ਦੀ ਇਸ ਖੋਜ ਦੇ ਪਿੱਛੇ ਕਹਾਣੀ ਸੀ ਕਿ ਉਸ ਨੇ ਸੁਣਿਆ ਸੀ, ਸਾਧੂ-ਸੰਤ ਸਾਧਨਾ ਤੋਂ ਬਾਅਦ ਪਾਣੀ ’ਤੇ ਚੱਲ ਸਕਦੇ ਹਨ। ਇੱਥੋਂ ਹੀ ਉਹ ਆਪਣੀ ਕਲਪਨਾ ਨੂੰ ਖੰਭ ਲਾ ਕੇ ਇੱਕ ਅਜਿਹੇ ਜੁੱਤੇ ਬਣਾਉਣ ’ਚ ਜੁਟ ਗਿਆ, ਜੋ ਪਾਣੀ ’ਤੇ ਚੱਲ ਸਕਣ। ਇਸ ਤਕਨੀਕ ਨੂੰ ਇਜ਼ਾਦ ਕਰਨ ’ਚ ਉਹ ਸਫ਼ਲ ਵੀ ਹੋਇਆ ਤੇ ਪਾਣੀ ’ਤੇ ਚੱਲਣ ਵਾਲੇ ਇੱਕ ਜੋੜੀ ਜੁੱਤਿਆਂ ਦੀ ਖੋਜ ਕਰ ਲਈ। ਇਨ੍ਹਾਂ ਦੋਵਾਂ ਖੋਜਾਂ ਨੂੰ ‘ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ’ ਨੇ ਮਾਨਤਾ ਵੀ ਦਿੱਤੀ ਹੈ। ਇਸ ਅਦਾਰੇ ਦੇ ਪ੍ਰੋਫੈਸਰ ਅਨਿਲ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੇਸ਼ ’ਚ ਮੌਜੂਦ ਅਜਿਹੇ ਲੋਕਾਂ ਨੂੰ ਭਾਲ ਰਹੇ ਹਨ, ਜੋ ਘੱਟ ਮੁੱਲ ਦੇ ਜ਼ਿਆਦਾ ਉਪਯੋਗੀ ਉਪਕਰਨ ਬਣਾਉਣ ’ਚ ਮਾਹਿਰ ਹਨ।

ਕੀਤੀਆਂ ਗਈਆਂ ਖੋਜਾਂ | Knowledge

ਇਸ ਅਨੋਖੀ ਖੋਜ ਯਾਤਰਾ ਦੇ ਜ਼ਰੀਏ ਇਹ ਟੀਮ ਦੇਸ਼ ਭਰ ’ਚ 25 ਹਜ਼ਾਰ ਅਜਿਹੀਆਂ ਖੋਜਾਂ ਭਾਲ ਚੁੱਕੇ ਹਨ, ਜੋ ਗਰੀਬ ਲੋਕਾਂ ਦੀ ਮੱਦਦ ਲਈ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਫੋਬਰਸ ਪੱਤਿ੍ਰਕਾ ਵੀ ਅਜਿਹੇ 7 ਭਾਰਤੀਆਂ ਦੀ ਸੂਚੀ ਜਾਰੀ ਕਰ ਚੁੱਕੀ ਹੈ, ਜਿਨ੍ਹਾਂ ਨੇ ਪੇਂਡੂ ਪਿੱਠਭੂਮੀ ਤੇ ਮਾਮੂਲੀ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਜਿਹੀਆਂ ਨਵੀਆਂ ਤਕਨੀਕਾਂ ਈਜਾਦ ਕੀਤੀਆਂ ਹਨ, ਜੋ ਸਮੁੱਚੇ ਦੇਸ਼ ’ਚ ਲੋਕਾਂ ਦੇ ਜੀਵਨ ’ਚ ਆਰਥਿਕ ਪੱਧਰ ’ਤੇ ਕ੍ਰਾਂਤੀਕਾਰੀ ਬਦਲਾਅ ਲਿਆ ਰਹੀਆਂ ਹਨ। ਪਰ ਡਿਗਰੀ ਨੂੰ ਗਿਆਨ ਦਾ ਆਧਾਰ ਮੰਨਣ ਵਾਲੀਆਂ ਸਾਡੀਆਂ ਸਰਕਾਰਾਂ ਅਜਿਹੀਆਂ ਜਕੜਬੰਦੀ ’ਚ ਰਹੀਆਂ ਹਨ ਕਿ ਉਹ ਇਨ੍ਹਾਂ ਅਨੋਖੀਆਂ ਖੋਜਾਂ ਨੂੰ ਖੋਜ ਹੀ ਨਹੀਂ ਮੰਨਦੀਆਂ, ਕਿਉਂਕਿ ਇਨ੍ਹਾਂ ਲੋਕਾਂ ਨੇ ਅਕਾਦਮਿਕ ਅਰਥਾਤ ਡਿਗਰੀਧਾਰੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੈ।

ਡਿਗਰੀ ਹੀ ਯੋਗਤਾ ਦੀ ਗਰੰਟੀ | Knowledge

ਡਿਗਰੀ ਹੀ ਯੋਗਤਾ ਦੀ ਗਾਰੰਟੀ ਹੋਵੇ, ਇਹ ਗਿਆਨ ਨੂੰ ਮਾਪਣ ਦਾ ਪੈਮਾਨਾ ਹੀ ਗਲਤ ਹੈ। ਦੇਸ਼ ’ਚ ਅਜਿਹੇ ਬਹੁਤ ਸਾਰੇ ਪੀਐਚਡੀ ਅਤੇ ਡੀ ਲਿਟ ਹਨ, ਜੋ ਪ੍ਰਾਇਮਰੀ-ਮਿਡਲ ਸਕੂਲਾਂ ’ਚ ਪੜ੍ਹਾ ਰਹੇ ਹਨ। ਸਰਕਾਰੀ ਨੌਕਰੀ ਲੈਣ ’ਚ ਨਾਕਾਮ ਰਹੇ, ਅਜਿਹੇ ਵੀ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੇ ਕੋਚਿੰਗ ਸੰਸਥਾਵਾਂ ਖੋਲ੍ਹ ਕੇ ਲੱਖਾਂ ਡਾਕਟਰ ਅਤੇ ਇੰਜੀਨੀਅਰ ਬਣਾ ਦਿੱਤੇ। ਦੂਜੇ ਪਾਸੇ ਸਾਡੇ ਇੱਥੇ ਉੱਚ ਤਕਨੀਕੀ ਸਿੱਖਿਆ ਦੇ ਅਜਿਹੇ ਵੀ ਸੰਸਥਾਨ ਹਨ, ਜੋ ਬਤੌਰ ਲੱਖਾਂ ਰੁਪਏ ਕੈਪੀਟੇਸ਼ਨ ਫੀਸ, ਭਾਵ ਅਨਿਯਮਿਤ ਦਾਖ਼ਲਾ ਫੀਸ ਲੈ ਕੇ ਹਰ ਸਾਲ ਹਜ਼ਾਰਾਂ ਡਾਕਟਰ ਇੰਜੀਨੀਅਰ ਬਣਾਉਣ ’ਚ ਲੱਗੇ ਹਨ। ਇਨ੍ਹਾਂ ਦੀ ਯੋਗਤਾ ਨੂੰ ਕਿਸ ਪੈਮਾਨੇ ਨਾਲ ਨਾਪਿਆ ਜਾਵੇ।

ਮੱਧ ਪ੍ਰਦੇਸ਼ ’ਚ ਵੱਡੇ ਪੈਮਾਨੇ ’ਤੇ ਕਾਰੋਬਾਰੀ ਪ੍ਰੀਖਿਆ ਮੰਡਲ (ਵਿਆਪਮ) ਦਾ ਘਪਲਾ ਸਾਹਮਣੇ ਆਇਆ ਹੈ। ਇਸ ਜ਼ਰੀਏ ਨਾਲ ਹਜ਼ਾਰਾਂ ਲੋਕ ਰਿਸ਼ਵਤ ਦੇ ਦਮ ’ਤੇ ਡਾਕਟਰ, ਇੰਜੀਨੀਅਰ ਅਤੇ ਪੁਲਿਸ ਇੰਸਪੈਕਟਰ ਬਣ ਗਏ। ਇਸ ਘਪਲੇ ’ਚ ਭਾਰਤੀ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾ ਦੇ ਉੱਚ ਅਧਿਕਾਰੀ ਅਤੇ ਉਨ੍ਹਾਂ ਦੀਆਂ ਔਲਾਦਾਂ ’ਤੇ ਵੀ ਮਾਮਲੇ ਦਰਜ ਹੋਏ ਹਨ। ਇਨ੍ਹਾਂ ’ਚ ਕਈ ਤਾਂ ਅਜਿਹੇ ਹਨ ਜੋ ਡਿਗਰੀਆਂ ਲੈ ਕੇ ਸਰਕਾਰੀ ਨੌਕਰੀ ’ਚ ਵੀ ਆ ਗਏ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਮ ਨੇ ਰਿਲੀਜ਼ ਹੁੰਦੇ ਹੀ ਤੋੜ ਰਿਕਾਰਡ

ਰਿਸ਼ਵਤ ਦੇ ਦਮ ’ਤੇ ਹਾਸਲ ਇਸ ਯੋਗਤਾ ਨੂੰ ਕਿਸ ਕਸੌਟੀ ’ਤੇ ਪਰਖਿਆ ਜਾਵੇ। ਇਹ ਤੈਅ ਹੈ, ਸੱਤਾ ਤੰਤਰ ਨਾਲ ਜੁੜੇ ਲੋਕਾਂ ਲਈ ਅਸਲ ਯੋਗਤਾ ਨੂੰ ਨਕਾਰਨ ਦੇ ਉਪਾਅ ਹਮੇਸ਼ਾ ਹੁੰਦੇ ਰਹੇ ਹਨ। ਡਿਗਰੀਧਾਰੀ ਸਿੱਖਿਆ ਦੀ ਸਾਜ਼ਿਸ ਇਸ ਲਈ ਵੀ ਰਚੀ ਗਈ, ਜਿਸ ਨਾਲ ਪਰੰਪਰਾ ਤੋਂ ਗਿਆਨ ਹਾਸਲ ਕਰਨ ਵਾਲੇ ਲੋਕ ਸਰਕਾਰੀ ਨੌਕਰੀਆਂ ਤੋਂ ਵਾਂਝੇ ਬਣੇ ਰਹਿਣ। ਅੱਜ ਫ਼ਿਲਮ ਅਤੇ ਟੀ. ਵੀ. ਨਾਲ ਜੁੜੇ ਜਿਆਦਾਤਰ ਕਲਾਕਾਰਾਂ ਦੀ ਸਿੱਖਿਆ ਯੋਗਤਾ ਘੱਟ ਹੈ, ਪਰ ਕਲਾਕਾਰ ਬਹੁਤ ਵਧੀਆ ਹਨ। ਜੇਕਰ ਫ਼ਿਲਮ ’ਚ ਅਦਾਕਾਰੀ ਨੂੰ ਅਕਾਦਮਿਕ ਸਿੱਖਿਆ ਦੀ ਮਜ਼ਬੂਰੀ ਨਾਲ ਜੋੜ ਦਿੱਤਾ ਜਾਵੇ ਤਾਂ ਸਿਨੇਮਾ ਜਗਤ ’ਚੋਂ ਕਲਾ ਤਾਂ ਉਂਜ ਹੀ ਅਲੋਪ ਹੋ ਜਾਵੇਗੀ, ਜਿਵੇਂ ਸਿੱਖਿਆ ’ਚੋਂ ਗੁਣਵੱਤਾ ਅਲੋਪ ਹੋ ਗਈ ਹੈ। ਸਾਡੇ ਪ੍ਰਸਿੱਧ ਗਾਇਕ ਅਤੇ ਖਿਡਾਰੀ ਵੀ ਉੱਚ ਡਿਗਰੀ ਧਾਰਕ ਨਹੀਂ ਹਨ।

ਮੌਲਿਕ ਕਲਪਨਾਸ਼ੀਲਤਾ ਨੂੰ ਖੁੰਢੀ ਕਰਨ ਦਾ ਕੰਮ | Knowledge

ਦਰਅਸਲ ਆਧੁਨਿਕ ਸਿੱਖਿਆ ਅਤੇ ਸਿੱਖਿਆ ’ਚ ਅੰਗਰੇਜ਼ੀ ਮੀਡੀਅਮ ਨੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਮੌਲਿਕ ਕਲਪਨਾਸ਼ੀਲਤਾ ਨੂੰ ਖੁੰਢੀ ਕਰਨ ਦਾ ਕੰਮ ਕੀਤਾ ਹੈ। ਮਾਈਕ੍ਰੋਸਾਫਟ ਕੰਪਨੀ ਦੇ ਮਾਲਕ ਅਤੇ ਦੁਨੀਆ ਦੇ ਧਨਾਢ ਬਿੱਲ ਗੇਟਸ ਗਣਿਤ ’ਚ ਬੇਹੱਦ ਕਮਜ਼ੋਰ ਸਨ ਅਤੇ ਇਸ ਵਿਸ਼ੇ ’ਚ ਮੁਹਾਰਤ ਹਾਸਲ ਕਰਨ ਦੀ ਬਜਾਇ ਗੈਰਾਜ ’ਚ ਇਕੱਲੇ ਬੈਠ ਕੇ ਕੁਝ ਨਵਾਂ ਸੋਚਿਆ ਕਰਦੇ ਸਨ। ਉਦੋਂ ਉਨ੍ਹਾਂ ਕੋਲ ਕੰਪਿਊਟਰ ਨਹੀਂ ਸੀ, ਪਰ ਵਿਲੱਖਣ ਸੋਚ ਸੀ, ਜਿਸ ਨੇ ਕੰਪਿਊਟਰ ਦੇ ਬਨਾਉਟੀ ਬੁੱਧੀ ਦੇ ਰੂਪ ’ਚ ਮਾਈਕ੍ਰੋਸਾਫਟ ਨੂੰ ਜਨਮ ਦਿੱਤਾ। ਜੇਕਰ ਬਿੱਲ ਗਣਿਤ ’ਚ ਉੱਚ ਸਿੱਖਿਆ ਹਾਸਲ ਕਰਨ ’ਚ ਆਪਣੀ ਪ੍ਰਤਿਭਾ ਨੂੰ ਖਪਾ ਦਿੰਦੇ ਤਾਂ ਸਾਫਟਵੇਅਰ ਦੀ ਕਲਪਨਾ ਮੁਸ਼ਕਲ ਸੀ।

ਜਾਹਿਰ ਹੈ, ਸੰਕਲਪ ਦੇ ਧਨੀ ਅਤੇ ਪੱਛਮੀ ਲੋਕ ਰਸਮੀ ਸਿੱਖਿਆ ਤੋਂ ਬਿਨਾਂ ਵੀ ਆਪਣੀ ਯੋਗਤਾ ਸਾਬਤ ਕਰ ਸਕਦੇ ਹਨ। ਡਿਗਰੀ ਪੜ੍ਹਾਈ-ਲਿਖਾਈ ਨਿਰਧਾਰਿਤ ਸਟਰੀਮ ਦਾ ਸਬੂਤ ਜ਼ਰੂਰ ਹੁੰਦੀ ਹੈ, ਪਰ ਉਹ ਵਿਅਕਤੀ ਦੀ ਸਮੁੱਚੀ ਪ੍ਰਤਿਭਾ, ਅੰਤਰਦਿ੍ਰਸ਼ਟੀ ਅਤੇ ਬਹੁ-ਮੁਕਾਮੀ ਯੋਗਤਾ ਦਾ ਪੈਮਾਨਾ ਨਹੀਂ ਹੋ ਸਕਦੀ। ਇਸ ਲਈ ਮਹਾਤਮਾ ਗਾਂਧੀ ਅਤੇ ਨਰਿੰਦਰ ਮੋਦੀ ਦੀ ਡਿਗਰੀ ਅਧਾਰਿਤ ਯੋਗਤਾ ’ਤੇ ਸਵਾਲ ਉਠਾਉਣ ਵਾਲੇ ਵੱਡੇ ਡਿਗਰੀਧਾਰੀ ਆਪਣੀ ਯੋਗਤਾ ਦੇ ਸਿਰਫ਼ ਦਮਗਜੇ ਮਾਰ ਰਹੇ ਹਨ। ਘੱਟ ਪੜ੍ਹੇ-ਲਿਖੇ ਹੋਣ ਦੇ ਨਾਤੇ ਜਨਮਜਾਤ ਪ੍ਰਤਿਭਾ ਨੂੰ ਨਕਾਰਨਾ ਅਸਲ ਯੋਗਤਾ ਦੇ ਅਨਾਦਰ ਤੋਂ ਇਲਾਵਾ ਕੁਝ ਨਹੀਂ ਹੈ।

ਪ੍ਰਮੋਦ ਭਾਰਗਵ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ