ਜ਼ਿਮਨੀ ਚੋਣ ਜਲੰਧਰ : ਕਾਂਗਰਸ ਨੂੰ ਆਪਣਾ ਗੜ ਬਚਾਉਣ ਲਈ ਲੜਣਾ ਪਵੇਗਾ ਵੱਡਾ ਘੋਲ

Elections

ਸਰਕਾਰ ਆਪਣੀਆਂ ਪ੍ਰਾਪਤੀਆਂ ਰੱਖੇਗੀ ਵੋਟਰਾਂ ਅੱਗੇ | Jalander News

  • ਵਿਰੋਧੀ ਅਮਨ ਤੇ ਕਾਨੂੰਨ ਮੁੱਦੇ ਤੇ ਸਰਕਾਰ ਨੂੰ ਘੇਰਨਗੇ
  • 15 ਵਾਰ ਕਾਂਗਰਸ, 2 ਵਾਰ ਜਨਤਾ ਦਲ ਤੇ 2 ਵਾਰ ਅਕਾਲੀ ਦਲ ਦੇ ਖਾਤੇ ’ਚ ਰਹੀ ਹੈ ਜਲੰਧਰ ਸੀਟ
  • ਵੇਰਕਾ, ਬਾਘਾ, ਅਵਿਨਾਸ਼ ਸਮੇਤ ਦਰਜ਼ਨ ਤੋਂ ਵੱਧ ਆਗੂ ਟਿਕਟ ਦੇ ਦਾਅਵੇਦਾਰ

ਸੰਗਰੂਰ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ:-

ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਹਲਕਾ ਜਲੰਧਰ (Jalander News) ਦੀ ਸੀਟ ਲਈ ਚੋਣ ਦਾ ਐਲਾਨ ਹੋ ਗਿਆ ਹੈ। 10 ਮਈ ਨੂੰ ਚੋਣ ਤੇ 13 ਮਈ ਨੂੰ ਨਤੀਜੇ ਦਾ ਐਲਾਨ ਹੋਵੇਗਾ ਇਸ ਜ਼ਿਮਨੀ ਚੋਣ ਕਾਰਨ ਜਲੰਧਰ ਹੁਣ ਪੰਜਾਬ ਦੀ ਸਿਆਸਤ ਦਾ ਕੇਂਦਰੀ ਧੁਰਾ ਬਣਨ ਜਾ ਰਿਹਾ ਹੈ। ਕਾਂਗਰਸ ਦੇ ਦਬਦਬੇ ਵਾਲੀ ਇਸ ਲੋਕ ਸਭਾ ਸੀਟ ਲਈ ਕਾਂਗਰਸ ਵੱਲੋਂ ਪਹਿਲਾਂ ਤੋਂ ਹੀ ਚੌਧਰੀ ਸੰਤੋਖ ਸਿੰਘ ਦੀ ਪਤਨੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ ਤੇ ਬਾਕੀ ਪਾਰਟੀਆਂ ਵੱਲੋਂ ਹਾਲੇ ਉਮੀਦਵਾਰ ਐਲਾਨਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ 14 ਜਨਵਰੀ 2023 ਨੂੰ ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਵੱਲੋਂ ਕੱਢੀ ਗਈ ਭਾਰਤ ਜੋੜੋ ਯਾਤਰਾ ਦੌਰਾਨ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਹ ਚੋਣ ਕਾਂਗਰਸ ਦੀ ਆਪਣੀ ਵਜ਼ੂਦ ਦੀ ਲੜਾਈ ਹੋਵੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਇੱਥੋਂ ਜਿੱਤ ਹਾਸਲ ਕਰਨਾ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਆਪ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਹਾਰ ਦਾ ਵੱਡਾ ਝਟਕਾ ਲੱਗ ਚੁੱਕਿਆ ਹੈ।

ਇਤਿਹਾਸ | Jalander News

ਕਾਂਗਰਸ ਨੂੰ ਆਪਣਾ ਗੜ ਬਚਾਉਣ ਲਈ ਵੱਡਾ ਘੋਲ ਕਰਨਾ ਪਵੇਗਾ ਕਿਉਂਕਿ ਭਾਜਪਾ ਵੱਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਵੱਡੇ ਵੱਡੇ ਝਟਕੇ ਦਿੱਤੇ ਗਏ ਹਨ ਅਤੇ ਦੁਆਬੇ ਦੇ ਵੱਡੇ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ। ਕਾਂਗਰਸ ਪਾਰਟੀ ਦੇ ਇਕਜੁਟ ਹੋ ਕੇ ਲੜਨ ਵਿੱਚ ਵੱਡੀ ਚੁਣੌਤੀ ਪੇਸ਼ ਹੋਵੇਗੀ ਜੇਕਰ ਦੁਆਬੇ ਦੇ ਸਭ ਤੋਂ ਇਸ ਅਹਿਮ ਹਲਕੇ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਹਮੇਸ਼ਾ ਇਸ ਹਲਕੇ ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਮੁੱਖ ਟੱਕਰ ਰਹੀ ਹੈ ਪਰ 2022 ਦੀਆਂ ਵਿਧਾਨ ਸਭਾ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਸ ਲੋਕ ਸਭਾ ਹਲਕੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 4 ਤੇ ਜਿੱਤ ਹਾਸਲ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ, ਕਾਂਗਰਸ ਦੇ ਹੱਥ ਸਿਰਫ਼ ਪੰਜ ਵਿਧਾਨ ਸਭਾ ਹਲਕੇ ਹੀ ਆਏ ਸਨ।

ਜੇਕਰ ਮੌਜ਼ੂਦਾ ਚੋਣ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਪਾਰਟੀਆਂ ਸੂਬੇ ਵਿੱਚ ਅਮਨ ਤੇ ਕਾਨੂੰਨ ਮੁੱਦੇ ਤੇ ਆਪ ਸਰਕਾਰ ਨੂੰ ਘੇਰਨਗੀਆਂ ਅਤੇ ਵੱਖਵਾਦੀ ਆਗੂ ਅੰਮਿ੍ਰਤਪਾਲ ਸਿੰਘ ਦੀਆਂ ਕਾਰਵਾਈਆਂ ਨੂੰ ਇਸ ਚੋਣ ਵਿੱਚ ਗਿਣਵਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ। ਦੂਜੇ ਪਾਸੇ ਸਰਕਾਰ ਵੱਲੋਂ ਪਹਿਲੇ ਸਾਲ ਵਿੱਚ ਕਰਵਾਏ ਗਏ ਕੰਮਾਂ, ਭਿ੍ਰਸ਼ਟਾਚਾਰ ਵਿਰੋਧੀ ਕਾਰਵਾਈਆਂ ਨੂੰ ਆਪਣਾ ਅਹਿਮ ਚੋਣ ਹਥਿਆਰ ਬਣਾ ਕੇ ਚੋਣ ਮੈਦਾਨ ਵਿੱਚ ਨਿੱਤਰੇਗੀ।

ਲੋਕ ਸਭਾ ਚੋਣਾਂ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਆਜਾਦੀ ਤੋਂ ਬਾਅਦ 1952 ਤੋਂ 2019 ਤੱਕ ਹੋਈਆਂ ਜਲੰਧਰ ਲੋਕ ਸਭਾ ਹਲਕੇ ਦੀਆਂ ਚੋਣਾਂ ਵਿੱਚ ਜ਼ਿਆਦਾਤਰ ਕਾਂਗਰਸ ਪਾਰਟੀ ਦਾ ਹੀ ਦਬਦਬਾ ਰਿਹਾ ਹੈ। ਕਾਂਗਰਸ ਨੇ 15 ਵਾਰ ਇਸ ਸੀਟ ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਜਨਤਾ ਦਲ ਵੱਲੋਂ 2 ਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਿਰਫ਼ 2 ਵਾਰ ਹੀ ਇਸ ਸੀਟ ਤੇ ਜਿੱਤ ਹਾਸਲ ਕੀਤੀ ਸੀ ਜਲੰਧਰ ਲੋਕ ਸਭਾ ਹਲਕੇ ਦੀ ਖ਼ਾਸ ਗੱਲ ਇਹ ਵੀ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਬਾਬੂ ਇੰਦਰ ਕੁਮਾਰ ਗੁਜਰਾਲ ਇਸ ਹਲਕੇ ਤੋਂ ਹੀ ਜਨਤਾ ਦਲ ਦੀ ਟਿਕਟ ਤੋਂ ਦੋ ਵਾਰ ਚੋਣ ਜਿੱਤੇ ਸਨ।

ਸਾਰੀਆਂ ਪਾਰਟੀਆਂ ਦੇ ਦਲਿਤ ਆਗੂਆਂ ਦਾਅਵੇਦਾਰਾਂ ਵਿੱਚ | Jalander News

ਜਲੰਧਰ ਲੋਕ ਸਭਾ ਅਨੁਸੂਚਿਤ ਭਾਈਚਾਰੇ ਲਈ ਰਿਜ਼ਰਵ ਕੀਤਾ ਗਿਆ ਹੈ। ਜਿਸ ਕਾਰਨ ਵੱਖ ਵੱਖ ਪਾਰਟੀਆਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਆਗੂਆਂ ਦੀ ਲੰਬੀ ਕਤਾਰ ਹੋ ਗਈ ਹੈ ਕਾਂਗਰਸ ਵੱਲੋਂ ਸੰਤੋਖ ਸਿੰਘ ਚੌਧਰੀ ਦੇ ਪਤਨੀ ਕਰਮਜੀਤ ਕੌਰ ਚੌੌਧਰੀ ਨੂੰ ਪਹਿਲਾਂ ਹੀ ਉਮੀਦਵਾਰ ਐਲਾਨਿਆ ਗਿਆ ਹੈ।

ਭਾਜਪਾ ਵੱਲੋਂ ਟਿਕਟ ਦੇ ਦਾਅਵੇ ਦਾਰਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਰਹੇ ਰਾਜੇਸ਼ ਬਾਘਾ, ਸਾਬਕਾ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਵੀ ਭਾਜਪਾ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹਨ ਸ਼੍ਰੋਮਣੀ ਅਕਾਲੀ ਦਲ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਕਿਸੇ ਆਗੂ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

Jalandar News

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।