ਆਓ! ਜਾਣੀਏ ਇਤਿਹਾਸਕ ਜੋੜ ਮੇਲਾ ਗੁਰੂ ਕੀ ਢਾਬ ਦਾ ਇਤਿਹਾਸ

Historical, Addition, History, Guru Ki Jhab

15 ਤੋਂ 19 ਸਤੰਬਰ ਤੱਕ ਚੱਲਣ ਵਾਲੇ ਇਤਿਹਾਸਕ ਜੋੜ ਮੇਲੇ ‘ਤੇ ਵਿਸ਼ੇਸ਼

ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ। ਸਾਡਾ ਪੰਜਾਬ ਪੂਰੇ ਸੰਸਾਰ ਵਿੱਚ ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਵਜੋਂ ਪ੍ਰਸਿੱਧ ਹੈ, ਇੱਥੇ ਪੂਰਾ ਸਾਲ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਧਾਰਮਿਕ, ਸ਼ਹੀਦੀ, ਸੱਭਿਆਚਾਰਕ ਆਦਿ ਮੇਲੇ ਲੱਗਦੇ ਹੀ ਰਹਿੰਦੇ ਹਨ। ਇਹਨਾਂ ਵਿੱਚੋਂ ਜੈਤੋ, ਫਰੀਦਕੋਟ (ਮਾਲਵੇ) ਵਿਚ ਲੱਗਣ ਵਾਲੇ ਵੱਡੇ ਅਤੇ ਇਤਿਹਾਸਕ ਜੋੜ ਮੇਲਿਆਂ ਵਿਚ ਜੈਤੋ ਨੇੜੇ ਪਿੰਡ ਗੁਰੂ ਕੀ ਢਾਬ ਵਿਖੇ ਮਨਾਏ ਜਾਣ ਵਾਲੇ ਜੋੜ ਮੇਲੇ ਦੀ ਆਪਣੀ ਵਿਸ਼ੇਸ਼ ਧਾਰਮਿਕ, ਸਮਾਜਿਕ, ਇਤਿਹਾਸਕ ਅਤੇ ਰਾਜਨੀਤਕ ਮਹੱਤਤਾ ਹੈ। ਇਹ ਸਥਾਨ ਜੈਤੋ-ਕੋਟਕਪੂਰਾ ਸੜਕ ‘ਤੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਜਿਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ।

ਇਹ ਵੀ ਪੜ੍ਹੋ : ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

‘ਸੂਰਜ ਪ੍ਰਕਾਸ਼’ ਗਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ‘ਤੇ ਮੌਜੂਦ ਸ਼ਰੀਂਹ ਦੇ ਇੱਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇੱਕ ਵਿਅਕਤੀ ਨਿੱਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ‘ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਅੱਜ ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।

‘ ਏਨਾ ਕਹਿ ਕੇ ਉਹ ਵਿਅਕਤੀ ਉੱਥੋਂ ਚਲਿਆ ਗਿਆ। ਬਾਅਦ ਵਿਚ ਸਿੱਖ ਸੰਗਤ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ! ਇਹ ਸੁੰਦਰ ਸਰੂਪ ਵਾਲਾ ਵਿਅਕਤੀ ਕੌਣ ਸੀ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇੱਕ ਸ਼ਹੀਦ ਸੀ ਜੋ ਕਿਸੇ ਵਿਘਨ ਕਾਰਨ ਮੁਕਤੀ ਪ੍ਰਾਪਤ ਨਹੀਂ ਸੀ ਕਰ ਸਕਿਆ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ‘ਸੂਰਜ ਪ੍ਰਕਾਸ਼’ ਵਿਚ ਇਸ ਸਥਾਨ ਨੂੰ ‘ਦੋਦਾ ਤਾਲ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਤੀਰਥ ਅਸਥਾਨ ‘ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ।

ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ

ਇਸ ਇਤਿਹਾਸਕ ਸਥਾਨ ਉੱਪਰ ਸਿੱਖ ਸ਼ਰਧਾਲੂਆਂ ਵੱਲੋਂ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ। ਇੱਥੇ ਅੱਠ ਚੁੰਡਾ ਸਰੋਵਰ ਹੈ ਅਤੇ ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਇੱਥੇ ਇਸ਼ਨਾਨ ਕਰਨ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਇੱਥੇ ਮਨਾਇਆ ਜਾਣ ਵਾਲਾ ਜੋੜ ਮੇਲਾ ਹਰ ਸਾਲ 31 ਭਾਦੋਂ ਨੂੰ ਸ਼ੁਰੂ ਹੁੰਦਾ ਹੈ ਅਤੇ 3 ਅੱਸੂ ਨੂੰ ਪੂਰੇ ਸਿਖਰਾਂ ‘ਤੇ ਹੁੰਦਾ ਹੈ, ਜਦੋਂ ਹਜਾਰਾਂ ਦੀ ਗਿਣਤੀ ਵਿਚ ਦੂਰੋਂ-ਨੇੜਿਓਂ ਪਹੁੰਚੇ ਸ਼ਰਧਾਲੂ ਇੱਥੇ ਮੱਥਾ ਟੇਕਦੇ ਹਨ ਅਤੇ ਇਸ਼ਨਾਨ ਕਰਦੇ ਹਨ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ‘ਗੁਰੂ ਕੀ ਢਾਬ’ ਦਾ ਸਾਲਾਨਾ 5 ਦਿਨਾਂ ਜੋੜ ਮੇਲਾ ਇਸ ਸਾਲ ਵੀ 15 ਸਤੰਬਰ ਦਿਨ ਐਤਵਾਰ ਤੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਰਿਹਾ ਹੈ ਅਤੇ 19 ਸਤੰਬਰ ਤੱਕ ਚੱਲੇਗਾ।

ਇੱਥੇ ਦੀਵਾਨ ਸੱਜਦੇ ਹਨ ਅਤੇ ਢਾਡੀ ਜੱਥੇ ਸਿੱਖ ਇਤਿਹਾਸ ਦੀਆਂ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਦੇ ਹਨ। 3 ਅੱਸੂ ਨੂੰ ਇੱਥੇ ਕੀਤੀ ਜਾਂਦੀ ਰਾਜਸੀ ਕਾਨਫਰੰਸ ਵੀ ਇਸ ਮੇਲੇ ਦੀ ਰੌਣਕ, ਸ਼ਾਨ ਅਤੇ ਮਹੱਤਤਾ ਵਿਚ ਵਾਧਾ ਕਰਦੀ ਹੈ। ਮੇਲੇ ਦੌਰਾਨ ਪਿੰਡ ਵਾਸੀਆਂ ਵਿਚਲਾ ਚਾਅ ਅਤੇ ਉਨ੍ਹਾਂ ਦੀ ਪ੍ਰਾਹੁਣਚਾਰੀ ਵੇਖਣਯੋਗ ਹੁੰਦੀ ਹੈ। ਇਸ ਮੇਲੇ ਦੌਰਾਨ ਵੱਖ-ਵੱਖ ਖੇਡਾਂ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦੂਰ-ਨੇੜੇ ਦੇ ਪਿੰਡਾਂ ਤੋਂ ਬੱਚੇ, ਨੌਜਵਾਨ, ਬਜੁਰਗ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ, ਟਰੱਕਾਂ, ਬੱਸਾਂ, ਕਾਰਾਂ, ਮੋਟਰ ਸਾਈਕਲਾਂ ਆਦਿ ‘ਤੇ ਇਸ ਮੇਲੇ ਦਾ ਆਨੰਦ ਲੈਣ ਲਈ ਆਉਂਦੇ ਹਨ। ਇਸ ਮੇਲੇ ਦੀਆਂ ਤਿਆਰੀਆਂ ਮਹੀਨਾਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।