ਆਓ! ਜਾਣੀਏ ਕੀ ਹੁੰਦੈੈ ਅਟੇਰਨ

ਆਓ! ਜਾਣੀਏ ਕੀ ਹੁੰਦੈੈ ਅਟੇਰਨ

ਪੁਰਾਤਨ ਸੱਭਿਆਚਾਰ ਬਹੁਤ ਹੀ ਵਧੀਆ ਹੁੰਦਾ ਸੀ ਜੋ ਕਿ ਹੁਣ ਅਲੋਪ ਹੋ ਰਿਹਾ ਹੈ। ਪੁਰਾਤਨ ਸੱਭਿਆਚਾਰ ਦੀਆਂ ਪੁਰਾਣੀਆਂ ਚੀਜਾਂ ਬਹੁਤ ਹੀ ਸੋਹਣੀਆਂ ਤੇ ਦਿਲ ਨੂੰ ਟੁੰਬ ਲੈਣ ਵਾਲੀਆਂ ਹੁੰਦੀਆਂ ਸਨ ਅਟੇਰਨ ਇੱਕ ਅਜਿਹੀ ਹੀ ਚੀਜ਼ ਸੀ, ਜੋ ਪੁਰਾਣੇ ਸਮਿਆਂ ’ਚ ਪੰਜਾਬ ਦੇ ਹਰ ਘਰ ਵਿੱਚ ਹੁੰਦੀ ਸੀ। ਪਰ ਹੁਣ ਮਸ਼ੀਨੀ ਦੌਰ ਵਿੱਚ ਇਹ ਚੀਜ਼ ਅਲੋਪ ਹੋ ਗਈ ਹੈ। ਕਿਸੇ ਟਾਵੇਂ-ਟਾਵੇਂ ਦੇ ਘਰ ਹੀ ਦੇਖਣ ਨੂੰ ਮਿਲਦਾ ਹੈ ਅਟੇਰਨ। ਮੈਂ ਇਹ ਅਟੇਰਨ ਖੁਦ ਆਪ ਅੱਖੀਂ ਦੇਖਿਆ ਹੈ ਜਦੋਂ ਮੇਰੇ ਦਾਦੀ ਜੀ ਸੂਤ ਨੂੰ ਅਟੇਰਦੇ ਸਨ ਮੈਨੂੰ ਚਾਅ ਚੜ੍ਹ ਜਾਂਦਾ ਸੀ ਜਦੋਂ ਦਾਦੀ ਜੀ ਅਟੇਰਨ ਨਾਲ ਸੂਤ ਦੇ ਗੋਲਿਆਂ ਨੂੰ ਅੱਟੀਆਂ ਵਿੱਚ ਤਬਦੀਲ ਕਰ ਦਿੰਦੇ ਸਨ।

ਅਟੇਰਨ ਇੱਕ ਡਮਰੂ ਨੁਮਾ ਸ਼ਕਲ ਦਾ ਹੁੰਦਾ ਹੈ। ਗਲੋਟਿਆਂ ਦੇ ਸੂਤ ਨੂੰ ਅਟੇਰ ਕੇ ਅੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਇੱਕ ਸੰਦ ਹੁੰਦਾ ਹੈ। ਅਟੇਰਨ ਆਮ ਤੌਰ ’ਤੇ ਲੱਕੜ ਦਾ ਬਣਿਆ ਹੁੰਦਾ ਹੈ। ਇਸ ਅਟੇਰਨ ਨੂੰ ਅਟੇਰਨ ਵਾਲਾ ਵਿਅਕਤੀ ਖੱਬੇ ਹੱਥ ਵਿੱਚ ਫੜਦਾ ਹੈ ਤੇ ਗਲੋਟੇ ਦੀ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਿਪਕਾ ਕੇ ਸੂਤ ਨੂੰ ਦੋ ਜਾਂ ਤਿੰਨ ਧਾਗੇ ਜੋੜ ਕੇ ਦੋ ਲੜਾ, ਤਿੰਨ ਲੜਾ ਆਦਿ ਜਰੂਰਤ ਅਨੁਸਾਰ ਆਠੇ ਦੀ ਸ਼ਕਲ ਵਿੱਚ ਇਸ ਉੱਤੇ ਵਲ਼ੀ ਜਾਂਦਾ ਹੈ। ਅਟੇਰਨ ਉੱਤੋਂ ਲੱਥੇ ਇਸ ਗੁੱਛੇ ਨੂੰ ਅੱਟੀ ਕਿਹਾ ਜਾਂਦਾ ਹੈ।

ਅਟੇਰਨ ਦਾ ਕੰਮ ਆਮ ਤੌਰ ’ਤੇ ਔਰਤਾਂ ਕਰਦੀਆਂ ਹਨ। ਚਰਖੇ ’ਤੇ ਸੁਆਣੀਆਂ ਲੰਮੇ-ਲੰਮੇ ਤੰਦ ਪਾਉਂਦੀਆਂ ਗਲੋਟੇ ਲਾਹੁੰਦੀਆਂ। ਇਨ੍ਹਾਂ ਗਲੋਟਿਆਂ ਨੂੰ ਕੋਲ ਬੈਠੀ ਕੋਈ ਬਜ਼ੁਰਗ ਔਰਤ ਅਟੇਰਨ ਨਾਲ ਅਟੇਰਦੀ ਰਹਿੰਦੀ। ਅਟੇਰਨ ਉਹ ਸੰਦ ਹੈ ਜਿਸ ਨਾਲ ਸੂਤ ਦੇ ਗੋਲਿਆਂ ਨੂੰ ਅੱਟੀਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਅਟੇਰਨ ਦਾ ਸ਼ਾਬਦਿਕ ਅਰਥ ਹੁੰਦਾ ਹੈ ਅੱਟਨ ਵਾਲਾ ਯੰਤਰ ਭਾਵ ਘੁੰਮਣ ਵਾਲਾ ਯੰਤਰ।

ਸੁਆਣੀਆਂ ਅਟੇਰੇ ਹੋਏ ਸੂਤ ਨੂੰ ਆਪਣੇ ਮਨ-ਪਸੰਦ ਦਾ ਰੰਗ ਦੇ ਕੇ ਰੰਗਦੀਆਂ ਜਿਸ ਤੋਂ ਦਰੀਆਂ, ਖੇਸ, ਟੋਟੇ, ਫੁਲਕਾਰੀਆਂ ਤੇ ਮੰਜੇ ਲਈ ਵਾਣ ਤਿਆਰ ਕੀਤਾ ਜਾਂਦਾ ਸੀ। ਪੰਜਾਬ ਦੇ ਪੁਰਾਣੇ ਲੋਕ ਆਪਣੇ ਕੱਪੜੇ ਵੀ ਸੂਤ ਤੋਂ ਘਰੇ ਬਣਾਏ ਖੱਦਰ ਨੂੰ ਰੰਗ ਕੇ ਹੀ ਸਿਲਾਈ ਕਰਕੇ ਪਾਉਂਦੇ ਸਨ। ਤਾਣੀ ਨਾਲ ਖੇਸ, ਖੇਸੀਆਂ ਤੇ ਗਦੇਲੇ ਬੁਣੇ ਜਾਂਦੇ ਹਨ। ਅਟੇਰਨ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕੱਤੀ ਹੋਈ ਰੂੰ ਦੇ ਗਲੋਟਿਆਂ ਨੂੰ ਅਟੇਰਨ ਨਾਲ ਅਟੇਰਿਆ ਜਾਂਦਾ ਹੈ, ਭਾਵ ਉਸ ਦੇ ਲੱਛੇ ਬਣਾ ਲਏ ਜਾਂਦੇ ਹਨ। ਫਿਰ ਉਨ੍ਹਾਂ ਦੀ ਰੰਗਾਈ ਕੀਤੀ ਜਾਂਦੀ ਹੈ ਅਤੇ ਇਸ ਰੰਗੇ ਹੋਏ ਸੂਤ ਨੂੰ ਫਿਰ ਤਾਣੀ ਬੁਣਨ ਲਈ ਵਰਤਿਆ ਜਾਂਦਾ ਹੈ।

ਸੂਤ ਅਟੇਰਨ ਦੀ ਕਿਰਿਆ ਵਿਚ ਸੂਤ ਨੂੰ ਘੁਮਾ ਕੇ (ਅਟੇਰ ਕੇ) ਅਟੇਰਨ ’ਤੇ ਚੜ੍ਹਾਇਆ ਜਾਂਦਾ ਹੈ। ਅਟੇਰਨ ਦੀ ਕਿਰਿਆ ਦੇ ਨਤੀਜੇ ਵਜੋਂ ਸੂਤ ਦੀ ਅੱਟੀ ਸਾਹਮਣੇ ਆਉਂਦੀ ਹੈ। ਸਾਰਾ ਦਿਨ ਸੁਆਣੀਆਂ ਕੰਮ ਵਿੱਚ ਰੁੱਝੀਆਂ ਰਹਿੰਦੀਆਂ ਸਨ। ਪਰ ਅੱਜ ਇਹ ਸ਼ੌਂਕ, ਇਹ ਕੰਮ ਬਿਲਕੁਲ ਖਤਮ ਹੁੰਦੇ ਜਾ ਰਹੇ ਹਨ। ਆਓ! ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਕਿ ਇਹ ਪੁਰਾਤਨ ਚੀਜਾਂ ਨੂੰ ਸੰਭਾਲ ਕੇ ਰੱਖ ਸਕੀਏ ਤਾਂ ਜੋ ਆਉਣ ਵਾਲੇ ਸਮੇਂ ਲਈ ਪੁਰਾਣੇ ਸੱਭਿਆਚਾਰ ਦੀ ਤਸਵੀਰ ਨੂੰ ਜਿੰਦਾ ਰੱਖ ਸਕੀਏ ।
ਗਗਨਦੀਪ ਧਾਲੀਵਾਲ, ਝਲੂਰ, ਬਰਨਾਲਾ
ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.