ਮੁੱਖ ਮੰਤਰੀ ਦਾ ਕਰਜ਼ਾ ਮੁਆਫ਼ੀ ਸਮਾਗਮ ਅੱਜ, ਜ਼ਿਲ੍ਹਾ ਪ੍ਰਸ਼ਾਸਨ ਸਮੇਤ ਉੱਚ ਅਧਿਕਾਰੀ ਹੋਏ ਪੱਬਾਂ ਭਾਰ

ChiefMinister, District, Administration, Including, Officials, Duty

ਕਮਰਸ਼ੀਅਲ ਬੈਂਕਾਂ ਨਾਲ ਜੁੜੇ ਇੱਕ ਲੱਖ ਤੋਂ ਵੱਧ ਕਿਸਾਨਾਂ ਦਾ ਹੋਵੇਗਾ 1771 ਕਰੋੜ ਦਾ ਕਰਜ਼ਾ ਮੁਆਫ਼

  • ਸਮਾਗਮ ਵਾਲੀ ਥਾਂ ਪੁਲਿਸ ਨੇ ਮੱਲੇ ਮੋਰਚੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫੀ ਸਮਾਗਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਬਾਂ ਭਾਰ ਹੋਇਆ ਪਿਆ ਹੈ। ਆਲਮ ਇਹ ਹੈ ਕਿ ਇਸ ਸਮਾਗਮ ਵਾਲੀ ਥਾਂ ਤੇ ਡੀਸੀ ਤੋਂ ਲੈ ਕੇ ਕੈਪਟਨ ਸਰਕਾਰ ਦੇ ਉੱਚ ਅਧਿਕਾਰੀ ਜੁਟੇ ਹੋਏ ਹਨ। ਇਸ ਸਮਾਗਮ ਵਾਲੀ ਥਾਂ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਅਤੇ ਆਪਣੀ ਪੂਰੀ ਤਾਕਤ ਝੌਕ ਦਿੱਤੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਸਰਹਿੰਦ ਰੋਡ ਤੇ ਪਿੰਡ ਬਾਰਨ ਨੇੜੇ ਸਥਿੱਤ ਓਮੈਕਸ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਚਾਰ ਦਿਨਾਂ ਤੋਂ ਇੱਥੇ ਪੰਡਾਲ ਤਿਆਰ ਕਰਨ ਲਈ ਟੈਂਟ ਵਾਲਿਆ ਵੱਲੋਂ ਆਪਣੀ ਪੂਰੀ ਤਾਕਤ ਝੋਕੀ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਰਾਹਤ ਸਕੀਮ ਦੇ ਅਗਲੇ ਪੜਾਅ ਅਧੀਨ ਸੂਬੇ ਦੇ ਕਮਰਸ਼ੀਅਲ ਬੈਂਕਾਂ ਨਾਲ ਜੁੜੇ 1 ਲੱਖ 9 ਹਜ਼ਾਰ 730 ਕਿਸਾਨਾਂ ਨੂੰ 1771 ਕਰੋੜ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕਰਨ ਦੀ ਸ਼ੁਰੂਆਤ 7 ਦਸੰਬਰ ਨੂੰ ਪਟਿਆਲਾ ਤੋਂ ਕੀਤੀ ਜਾ ਰਹੀ ਹੈ।

ਇਸ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਸ਼ਿਰਕਤ ਕਰਕੇ ਲਾਭਪਾਤਰੀ ਕਿਸਾਨਾਂ ਨੂੰ ਪ੍ਰਮਾਣ ਪੱਤਰ ਸੌਂਪਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਮੰਤਰੀ ਮੰਡਲ ਦੇ ਸੀਨੀਅਰ ਮੰਤਰੀ ਵੀ ਮੌਜੂਦ ਰਹਿਣਗੇ। ਅੱਜ ਜਦੋਂ ਇਸ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਤਾ ਇੱਥੇ ਪੁਲਿਸ ਹੀ ਪੁਲਿਸ ਦਿਖਾਈ ਦੇ ਰਹੀ ਸੀ। ਇੱਥੇ ਦੂਜਿਆ ਜ਼ਿਲਿਆ ਦੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਆਪਣੀਆਂ ਡਿਊਟੀਆਂ ਸੰਭਾਲੀਆਂ ਹੋਈਆਂ ਸਨ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸਮੇਤ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਖੁਦ ਇਸ ਸਮਾਗਮ ਲਈ ਮੋਰਚਾ ਸਭਾਲਿਆ ਹੋਇਆ ਸੀ।

ਇਨ੍ਹਾਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਮ ਛੋਹਾਂ ਦਾ ਜਾਇਜ਼ਾ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਾਹਨ ਸਿੰਘ ਪੰਨੂੰ, ਆਈ.ਜੀ. ਪਟਿਆਲਾ ਜੋਨ ਏ.ਐਸ. ਰਾਏ ਨੇ ਜਾਇਜਾ ਲਿਆ। ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਤਹਿਤ ਅਰੰਭੀ ਗਈ ਇਸ ਨਿਵੇਕਲੀ ਕਰਜਾ ਰਾਹਤ ਸਕੀਮ ਤਹਿਤ ਇਸ ਤੋਂ ਪਹਿਲਾਂ ਸਹਿਕਾਰੀ ਬੈਂਕਾਂ ਨਾਲ ਜੁੜੇ 3 ਲੱਖ 17 ਹਜ਼ਾਰ 939 ਕਿਸਾਨਾਂ ਦਾ ਕੁੱਲ 1815 ਕਰੋੜ ਰੁਪਏ ਦੇ ਕਰਜ਼ਾ ਮੁਆਫ਼ ਕੀਤਾ ਜਾ ਚੁੱਕਿਆ ਹੈ। 7 ਦਸੰਬਰ ਦੇ ਇਸ ਵਿਸ਼ਾਲ ਸਮਾਗਮ ਵਿੱਚ ਪਟਿਆਲਾ ਸਮੇਤ ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਲਾਭਪਾਤਰੀ ਕਿਸਾਨ ਸ਼ਮੂਲੀਅਤ ਕਰਨਗੇ।