ਔਰਤਾਂ ਨੂੰ ਬੱਸ ਕਿਰਾਏ ‘ਚ ਦਿੱਤੀ ਜਾਣ ਵਾਲੀ ਛੋਟ ਪੀਆਰਟੀਸੀ ‘ਤੇ ਪਵੇਗੀ ਭਾਰੂ

ਮੌਜੂਦਾ ਸਮੇਂ ਰੋਜਾਨਾ ਔਸਤਨ 1.32 ਕਰੋੜ ਰੁਪਏ ਕਮਾ ਰਹੀਆਂ ਨੇ ਪੀਆਰਟੀਸੀ ਦੀਆਂ ਬੱਸਾਂ

ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਤੋਂ ਬਾਅਦ ਆਮਦਨ ‘ਚ ਲੱਗੇਗਾ ਕੱਟ

ਪੀਆਰਟੀਸੀ ਅਧਿਕਾਰੀ ਅਜੇ ਕੁਝ ਵੀ ਬੋਲਣ ਤੋਂ ਕਰ ਰਹੇ ਨੇ ਇਨਕਾਰ

ਪਂਿਟਆਲਾ, (ਖੁਸ਼ਵੀਰ ਸਿੰਘ ਤੂਰ) । ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਵਿੱਚ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ 50 ਫੀਸਦੀ ਤੱਕ ਬੱਸ ਕਿਰਾਏ ‘ਤੇ 1 ਅਪਰੈਲ ਤੋਂ ਦਿੱਤੀ ਛੋਟ ਪੀਆਰਟੀਸੀ ‘ਤੇ ਭਾਰੂ ਪਵੇਗੀ। ਉਂਜ ਸਰਕਾਰ ਦੇ ਇਸ ਫੈਸਲੇ ਸਬੰਧੀ ਅਜੇ ਵੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ, ਪਰ ਦਬੀ ਜੁਬਾਨ ਨਾਲ ਪੀਆਰਟੀਸੀ ਦੀ ਆਮਦਨ ਘਟਣ ਦੀ ਗੱਲ ਜ਼ਰੂਰ ਆਖ ਰਹੇ ਹਨ। ਪੀਆਰਟੀਸੀ ਦੀ ਪੰਜਾਬ ਸਰਕਾਰ ਵੱਲ ਪਹਿਲਾਂ ਹੀ ਲਗਭਗ 200 ਕਰੋੜ ਰੁਪਏ ਦੀ ਸਬਸਿਡੀ ਪੈਡਿੰਗ ਖੜ੍ਹੀ ਹੈ।

ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੌਜੂਦਾ ਸਮੇਂ ਪੀਆਰਟੀਸੀ ਦੀ ਰੋਜ਼ਾਨਾ ਦੀ ਔਸਤਨ ਆਮਦਨ 1.32 ਕਰੋੜ ਦੇ ਕਰੀਬ ਚੱਲ ਰਹੀ ਹੈ। ਪੀਆਰਟੀਸੀ ਦੇ ਬੇੜੇ ਵਿੱਚ 1121 ਦੇ ਕਰੀਬ ਬੱਸਾਂ ਹਨ ਜੋ ਕਿ ਰੋਜ਼ਾਨਾਂ ਲੱਖਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਪੰਜਾਬ ਸਰਕਾਰ ਵੱਲੋਂ ਆਉਂਦੇ ਮਹੀਨੇ ਤੋਂ ਜੋ ਔਰਤਾਂ ਲਈ 50 ਫੀਸਦੀ ਕਿਰਾਏ ‘ਚ ਛੋਟ ਦਾ ਐਲਾਨ ਕੀਤਾ ਗਿਆ ਹੈ, ਇਸ ਨਾਲ ਪੀਆਰਟੀਸੀ ਦਾ ਗਣਿਤ ਜ਼ਰੂਰ ਵਿਗੜ ਸਕਦਾ ਹੈ।

ਜੇਕਰ ਦੇਖਿਆ ਜਾਵੇ ਤਾਂ ਮਰਦਾਂ ਦੇ ਮੁਕਾਬਲੇ ਜਿਆਦਾਤਰ ਪੀਆਰਟੀਸੀ ‘ਚ ਔਰਤਾਂ ਵੱਲੋਂ ਹੀ ਸਫ਼ਰ ਕੀਤਾ ਜਾਂਦਾ ਹੈ ਜਾਂ ਫਿਰ ਜਿਆਦਾਤਰ ਗਿਣਤੀ ਉਨ੍ਹਾਂ ਦੀ ਹੁੰਦੀ ਹੈ, ਜੋ ਕਿ ਰਿਆਇਤੀ ਦਰਾਂ ‘ਤੇ ਸਫ਼ਰ ਕਰਦੇ ਹਨ। ਇਨ੍ਹਾਂ ਵਿੱਚ ਵਿਦਿਆਰਥੀ, ਡੇਲੀ ਵੇਜ਼ਿਜ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ, ਜਿਨ੍ਹਾਂ ਦੀ ਸਬਸਿਡੀ ਦੀ ਰਕਮ ਪੰਜਾਬ ਸਰਕਾਰ ਵੱਲੋਂ ਹੀ ਅਦਾ ਕੀਤੀ ਜਾਂਦੀ ਹੈ।

ਪੰਜਾਬ ਸਰਕਾਰ ਦੀ ਆਰਥਿਕ ਹਾਲਤ ਪਹਿਲਾਂ ਹੀ ਡਾਵਾਂਡੋਲ ਦੌਰ ਵਿੱਚ ਚੱਲ ਰਹੀ ਹੈ ਅਤੇ ਮਸਾ ਆਪਣੇ ਪੈਰਾਂ ਸਿਰ ਆਈ ਪੀਆਰਟੀਸੀ ਨੂੰ ਸਰਕਾਰ ਦੇ ਇਸ ਫੈਸਲੇ ਨਾਲ ਵਿੱਤੀ ਝਟਕਾ ਜ਼ਰੂਰ ਪੁੱਜੇਗਾ। ਰਿਆਇਤੀ ਦਰਾਂ ਦੇ ਸਫ਼ਰ ਕਰਨ ਵਾਲੇ ਵੱਖ-ਵੱਖ ਕੈਟਾਗਰੀਆਂ ਦਾ ਹੀ ਸਰਕਾਰ ਵੱਲ 200 ਕਰੋੜ ਰੁਪਏ ਪੈਡਿੰਗ ਖੜ੍ਹਾ ਹੈ ਜੋ ਕਿ ਸਮੇਂ ਸਿਰ ਜਾਰੀ ਨਹੀਂ ਕੀਤਾ ਜਾ ਰਿਹਾ। ਪੀਆਰਟੀਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਇਹ ਸਬਸਿਡੀ ਦੀ ਰਕਮ ਸਰਕਾਰ ਵੱਲੋਂ ਆਪਣੇ ਵਿੱਤੀ ਹੱਥ ਮੁਤਾਬਿਕ ਸਾਲ ਜਾਂ ਡੇਢ ਸਾਲ ਬਾਅਦ ਜਾਰੀ ਹੁੰਦੀ ਹੈ।

ਆਰਟੀਸੀ ਵੱਲੋਂ ਆਪਣੇ ਪੈਨਸ਼ਨਰਾਂ ਦੇ ਬਕਾਏ ਆਦਿ  30-6-19 ਤੱਕ ਕਲੀਅਰ ਕੀਤੇ ਹੋਏ ਹਨ ਜਦਕਿ ਬਾਕੀ ਅਜੇ ਪੈਡਿੰਗ ਖੜ੍ਹੇ ਹਨ। ਪੀਆਰਟੀਸੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਮਿਲਣ ਨਾਲ ਆਮਦਨ ਵਿੱਚ ਕਮੀ ਤਾਂ ਜ਼ਰੂਰ ਆਵੇਗੀ, ਪਰ ਕਿੰਨੀ ਆਵੇਗੀ, ਉਹ ਅਜੇ ਇਸ ਬਾਰੇ ਕੁਝ ਨਹੀਂ ਦੱਸ ਸਕਦੇ। ਉਨ੍ਹਾਂ ਕਿਹਾ ਕਿ ਦਿਨ ਖੁੱਲ੍ਹਣ ਕਾਰਨ ਆਮਦਨ ਵਿੱਚ ਹੋਰ ਵਾਧਾ ਹੋਣਾ ਸੀ, ਪਰ ਔਰਤਾਂ ਨੂੰ ਸਹੂਲਤ ਦੇਣ ਨਾਲ ਇਸ ਵਾਧੇ ਵਿੱਚ ਕਮੀ ਜ਼ਰੂਰ ਆਵੇਗੀ।

ਪੀਆਰਟੀਸੀ ਆਪਣੇ ਪੈਰਾਂ ਸਿਰ: ਐਮਡੀ

ਪੀਆਰਟੀਸੀ ਦੇ ਐਮ.ਡੀ. ਗੁਰਲਵਲੀਨ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਔਰਤਾਂ ਲਈ ਫੈਸਲਾ ਕੀਤਾ ਗਿਆ ਹੈ, ਉਹ ਅਜੇ ਲਾਗੂ ਹੋਣਾ ਹੈ। ਉਨ੍ਹਾਂ ਕਿਹਾ ਕਿ ਪੀਆਰਟਸੀ ਨੂੰ ਇਸ ਦਾ ਕਿੰਨਾ ਫਾਇਦਾ ਜਾ ਨੁਕਸਾਨ ਹੋਵੇਗਾ, ਉਸ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਪੀਆਰਟੀਸੀ ਆਪਣੀ ਪੂਰੀ ਲੀਹ ‘ਤੇ ਹੈ ਅਤੇ ਸਰਕਾਰ ਵੱਲੋਂ ਹਰ ਮੱਦਦ ਕੀਤੀ ਜਾ ਰਹੀ ਹੈ।

ਦੇਖਿਓ ਕੈਪਟਨ ਸਾਹਿਬ ਕਿਤੇ ਅਪਰੈਲ ਫੂਲ ਹੀ ਹੋਜੇ!

ਇੱਧਰ 1 ਅਪਰੈਲ ਤੋਂ ਔਰਤਾਂ ਦੀ ਅੱਧੀ ਟਿਕਟ ਲਾਗੂ ਹੋਣ ਦੇ ਫੈਸਲੇ ਨੂੰ ਲੈ ਕੇ ਸ਼ੋਸਲ ਮੀਡੀਆ ‘ਤੇ ਕੈਪਟਨ ਸਰਕਾਰ ‘ਤੇ ਵਿਅੰਗ ਵੀ ਸ਼ੁਰੂ ਹੋ ਗਏ ਹਨ। ਸ਼ੋਸਲ ਮੀਡੀਆ ਤੇ ਜੋ ਪੋਸਟਾਂ ਵਾਇਰਲ ਹੋ ਰਹੀਆਂ ਹਨ, ਉਨ੍ਹਾਂ ਵਿੱਚ ਲਿਖਿਆ ਜਾ ਰਿਹਾ ਹੈ ਕਿ 1 ਅਪਰੈਲ ਦੀ ਤਾਰੀਖ ਵੀ ਅਜ਼ਬ ਹੈ, ਦੇਖਿਓ ਕੈਪਟਨ ਸਾਹਿਬ ਕਿਤੇ ਅਪਰੈਲ ਫੂਲ ਹੀ ਹੋਜੇ। ਸ਼ੋਸਲ ਮੀਡੀਆ ‘ਤੇ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦਿਆਂ ‘ਤੇ ਵੀ ਤੰਨਜ ਕਸੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।