Ludhiana News: ਲੁਧਿਆਣਾ ਦੀ ਪਟਾਕਾ ਮਾਰਕੀਟ ’ਚ ਹਮਲਾ, ਹਮਲਾਵਰਾਂ ਨੇ ਪਟਾਕਾ ਕਾਰੋਬਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ
ਪਸਤੌਲ ਨਾਲ ਗੋਲੀ ਨਾ ਚੱਲਣ ਕਾਰਨ ਹਮਲਾਵਰਾਂ ਨੇ ਕਾਰੋਬਾਰੀ ਨੂੰ ਬੁਰੀ ਤਰ੍ਹਾਂ ਕੁੱਟਿਆ, ਪਿਸਤੌਲ ਵੀ ਖੋਹ ਕੇ ਲੈ ਗਏ
ਲੁਧਿਆਣਾ (ਸੱਚ ਕਹੂੰ ਨਿਊਜ਼/ਏਜਸੰੀ)। ਲੁਧਿਆਣਾ ਦੀ ਦਾਣਾ ਮੰਡੀ ਸਥਿਤ ਪਟਾਕਾ ਮਾਰਕੀਟ ’ਚ ਦੇਰ ਰਾਤ ਕਰੀਬ 9 ਵਜੇ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਇੱਥੇ ਨਾਨਕ ਫਾਇਰਵਰਕਸ (ਦੁਕਾਨ ਨੰਬਰ 5) ਦੇ ਮਾਲਕ ਜਗਨਜੋਤ ਸਿੰਘ ਉਰਫ਼ ਜੈਪੀ ’ਤੇ 15 ਤੋਂ 20 ਅਣਪਛਾਤੇ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ’ਚ ਕਾਰੋਬਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਆਟੋ ਰਿਕਸ਼ਾ ਰਾਹੀਂ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ।
ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਜਗਨਜੋਤ ਸਿੰਘ ਆਪਣੀ ਦੁਕਾਨ ਬੰਦ ਕਰ ਰਹੇ ਸਨ ਤੇ ਇੱਕ ਕਰਮਚਾਰੀ ਨਾਲ ਹਿਸਾਬ-ਕਿਤਾਬ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਰਮਚਾਰੀ ’ਤੇ ਦੋਸ਼ ਲਾਇਆ ਕਿ ਉਹ ਪਿਛਲੇ ਦਿਨ ਇੱਕ ਗਾਹਕ ਤੋਂ ਪੈਸੇ ਲੈ ਕੇ ਗਿਆ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ, ਜੋ ਬਾਅਦ ਵਿੱਚ ਕੁੱਟਮਾਰ ਤੱਕ ਪਹੁੰਚ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉੱਥੋਂ ਲੰਘ ਰਹੇ ਇੱਕ ਗਾਹਕ ਨੇ ਕਰਮਚਾਰੀ ਦੀ ਕੁੱਟਮਾਰ ਹੁੰਦੀ ਵੇਖ ਕੇ ਦਖ਼ਲ ਦਿੱਤਾ ਤੇ ਜਗਨਜੋਤ ਸਿੰਘ ਨੂੰ ਪੁੱਛਿਆ ਕਿ ਉਹ ਲੜਕੇ ਨੂੰ ਕਿਉਂ ਕੁੱਟ ਰਹੇ ਹਨ। ਇਸ ’ਤੇ ਕਾਰੋਬਾਰੀ ਨੇ ਕਥਿਤ ਤੌਰ ’ਤੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦਾ ਕਰਮਚਾਰੀ ਹੈ ਤੇ ਦੂਜੇ ਵਿਅਕਤੀ ਨੂੰ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਗਾਲੀ-ਗਲੋਚ ਤੇ ਧੱਕਾ-ਮੁੱਕੀ ਸ਼ੁਰੂ ਹੋ ਗਈ।
ਇਸ ਤੋਂ ਬਾਅਦ ਰਾਹਗੀਰ ਨੇ ਆਪਣੇ 15 ਤੋਂ 20 ਸਾਥੀਆਂ ਨੂੰ ਮੌਕੇ ’ਤੇ ਬੁਲਾ ਲਿਆ। ਦੋਸ਼ ਹੈ ਕਿ ਹਥਿਆਰਾਂ ਨਾਲ ਲੈਸ ਹੋ ਕੇ ਆਏ ਹਮਲਾਵਰਾਂ ਨੇ ਜਗਨਜੋਤ ਸਿੰਘ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਘਸੀਟਿਆ ਗਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਆਪਣਾ ਬਚਾਅ ਕਰਨ ਲਈ ਕਾਰੋਬਾਰੀ ਨੇ ਆਪਣੀ ਪਸਤੌਲ ਕੱਢ ਕੇ ਹਮਲਾਵਰਾਂ ਵੱਲ ਤਾਣੀ, ਪਰ ਉਸ ਵਿੱਚੋਂ ਗੋਲੀ ਨਹੀਂ ਚੱਲੀ। ਇਸ ਦਾ ਫਾਇਦਾ ਚੁੱਕਦਿਆਂ ਹਮਲਾਵਰਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਾਂਦੇ ਸਮੇਂ ਪਸਤੌਲ ਵੀ ਖੋਹ ਕੇ ਲੈ ਗਏ। ਹਮਲੇ ਤੋਂ ਬਾਅਦ ਇਲਾਕੇ ’ਚ ਹਫੜਾ-ਦਫੜੀ ਮਚ ਗਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਕਾਰੋਬਾਰੀ ਨੂੰ ਆਟੋ ਰਿਕਸ਼ਾ ਰਾਹੀਂ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ’ਤੇ ਪੁਲਿਸ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਜਗਨਜੋਤ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ। ਘਟਨਾ ਸਥਾਨ ਦਾ ਮੁਆਇਨਾ ਕਰਨ ਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Cricket Australia: ਕ੍ਰਿਕੇਟ ਅਸਟਰੇਲੀਆ ਮੁਖੀ ਗ੍ਰੀਨਬਰਗ ਨੇ ਸੈਂਡਪੇਪਰ ਵਿਵਾਦ ਦੀ ਜਾਂਚ ਮੁੜ ਖੋਲ੍ਹਣ ਤੋਂ ਕੀਤਾ ਇਨਕਾਰ
Comments