ਹਥਿਆਰ ਬੰਦ ਲੁਟੇਰਿਆਂ ਨੇ ਫੈਕਟਰੀ ਮਾਲਕ ਤੋਂ ਲੁੱਟੇ 9.50 ਲੱਖ
(ਰਘਬੀਰ ਸਿੰਘ) ਲੁਧਿਆਣਾ। ਇੱਥੋਂ ਦੀ ਆਰਕੇ ਰੋਡ ’ਤੇ ਸਥਿੱਤ ਹੌਜ਼ਰੀ ਫੈਕਟਰੀ ਦੇ ਬਾਹਰ 6 ਹਥਿਆਰਬੰਦ ਲੁਟੇਰਿਆਂ ਨੇ ਫੈਕਟਰੀ ਮਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ 9.50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਬੈਗ ਵਿੱਚ 9.50 ਲੱਖ ਰੁਪਏ ਦੇ ਨਾਲ-ਨਾਲ ਦੋ ਐਪਲ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਵੀ ਲੈ ਗਏ। ਹਮਲੇ ਵਿੱਚ ਜ਼ਖਮੀ ਹੋਏ ਹੌਜ਼ਰੀ ਮਾਲਕ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸੀਨੀਅਰ ਪੁਲਿਸ ਅਧਿਕਾਰੀ ਪੁਲਿਸ ਬਲਾਂ ਨਾਲ ਮੌਕੇ ’ਤੇ ਪਹੁੰਚ ਗਏ। ਪੁਲਿਸ ਦੇ ਹੱਥ ਲੁੱਟ ਦੀ ਸੀਸੀਟੀਵੀ ਫੁਟੇਜ ਲੱਗ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਪੁਲਿਸ ਦੀ ਗਿ੍ਰਫਤ ਵਿੱਚ ਹੋਣਗੇ।
ਅਗਰ ਨਗਰ ਵਾਸੀ ਅਤੇ ਪੀੜਤ ਰਾਧਾ ਮੋਹਨ ਥਾਪਰ ਨੇ ਦੱਸਿਆ ਕਿ ਉਨ੍ਹਾਂ ਦੀ ਹੌਜ਼ਰੀ ਫੈਕਟਰੀ ਆਰ ਕੇ ਰੋਡ ’ਤੇ ਨਾਹਰ ਹੌਜ਼ਰੀ ਦੇ ਬਿਲਕੁਲ ਸਾਹਮਣੇ ਹੈ। ਹਰ ਮਹੀਨੇ ਦੀ 10 ਤਰੀਕ ਨੂੰ ਉਹ ਆਪਣੇ ਮਜ਼ਦੂਰਾਂ ਨੂੰ ਤਨਖਾਹ ਵੰਡਦਾ ਹੈ। ਅੱਜ ਵੀ ਉਹ ਤਨਖਾਹ ਵੰਡਣ ਲਈ ਆਪਣੇ ਬੈਗ ਵਿੱਚ ਨਕਦੀ ਲੈ ਕੇ ਗਿਆ ਸੀ। ਜਿਵੇਂ ਹੀ ਕਾਰ ਫੈਕਟਰੀ ਦੇ ਗੇਟ ’ਤੇ ਰੁਕੀ ਤਾਂ ਅੰਦਰੋਂ ਆਏ ਨੇਪਾਲੀ ਨੌਕਰ ਨੇ ਆਪਣਾ ਬਾਕੀ ਸਾਮਾਨ ਬਾਹਰ ਕੱਢ ਲਿਆ। ਜਦੋਂਕਿ ਨਕਦੀ ਵਾਲਾ ਬੈਗ ਰਾਧਾ ਮੋਹਨ ਥਾਪਰ ਦੇ ਹੱਥ ਵਿੱਚ ਸੀ। ਉਸ ਸਮੇਂ ਡਰਾਈਵਰ ਆਪਣੀ ਸੀਟ ’ਤੇ ਸੀ। ਰਾਧਾ ਮੋਹਨ ਫੈਕਟਰੀ ਦੇ ਗੇਟ ਨੇੜੇ ਪਹੁੰਚ ਗਿਆ।
ਉਸੇ ਸਮੇਂ ਲੁਕੇ ਹੋਏ ਲੁਟੇਰਿਆਂ ਨੇ ਉਸ ’ਤੇ ਲੋਹੇ ਦੀਆਂ ਰਾਡਾਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਦੀ ਛਾਤੀ ਅਤੇ ਗਰਦਨ ’ਤੇ ਸੱਟਾਂ ਲੱਗੀਆਂ ਹਨ। ਇੱਕ ਲੁਟੇਰੇ ਨੇ ਉਸਦੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ, ਜਿਸ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਫਰਾਰ ਹੋ ਗਏ। ਨਜਦੀਕੀ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪਿਛਲੇ 15 ਮਿੰਟਾਂ ਤੋਂ ਉਥੇ ਖੜ੍ਹੇ ਫੈਕਟਰੀ ਮਾਲਕ ਦੀ ਉਡੀਕ ਕਰ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਆ ਕੇ ਰੁਕੀ ਤਾਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ