ਪੰਜਵੀਂ ਤੋਂ ਬਾਅਦ ਅੱਠਵੀਂ ’ਚ ਵੀ ਛਾਈਆਂ ਮਾਨਸਾ ਦੀਆਂ ਜਾਈਆਂ, ਮੁੱਖ ਮੰਤਰੀ ਨੇ ਵਧਾਈ ਦਿੰਦਿਆਂ ਸਨਮਾਨ ਰਾਸ਼ੀ ਦਾ ਕੀਤਾ ਐਲਾਨ

ਪੰਜਾਬ ਭਰ ’ਚੋਂ ਪਹਿਲੇ ਦੋ ਸਥਾਨਾਂ ’ਤੇ ਆਈਆਂ ਬੁਢਲਾਡਾ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ

ਮਾਨਸਾ (ਸੁਖਜੀਤ ਮਾਨ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ (Punjab Board Result) ’ਚੋਂ ਪੰਜਾਬ ਭਰ ’ਚੋਂ ਪਹਿਲੇ ਤਿੰਨ ਸਥਾਨ ਧੀਆਂ ਨੇ ਮੱਲੇ ਹਨ। ਪੰਜਵੀਂ ਜਮਾਤ ਦੇ ਨਤੀਜ਼ੇ ਵਾਂਗ ਪਹਿਲੇ ਦੋ ਸਥਾਨਾਂ ’ਤੇ ਜ਼ਿਲ੍ਹਾ ਮਾਨਸਾ ਦੇ ਇੱਕੋ ਸਰਕਾਰੀ ਸਕੂਲ ’ਚ ਪੜ੍ਹਦੀਆਂ ਧੀਆਂ ਆਈਆਂ ਹਨ। ਧੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨੇ ਜ਼ਿਲ੍ਹਾ ਮਾਨਸਾ ਦਾ ਨਾਂਅ ਚਮਕਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।

ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਟਵੀਟ ਕੀਤਾ। ਉਨ੍ਹਾਂ ਟਵੀਟ ਦੌਰਾਨ ਅੱਵਲ ਆਈਆਂ ਵਿਦਿਆਰਥਣਾਂ ਨੂੰ 51000-51000 ਰੁਪਏ ਦੀ ਸਨਮਾਨ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।

ਵੇਰਵਿਆਂ ਮੁਤਾਬਿਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ’ਚੋਂ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਪੰਜਾਬ ’ਚੋਂ ਪਹਿਲੇ ਅਤੇ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਰਹੀ ਹੈ। ਇਹ ਦੋਵੇਂ ਵਿਦਿਆਰਥਣਾਂ ਬੁਢਲਾਡਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਨਾਲ ਸਬੰਧਿਤ ਹਨ। ਦੋਵਾਂ ਵਿਦਿਆਰਥਣਾਂ ਨੇ ਬੋਰਡ ਦੀ ਇਸ ਪ੍ਰੀਖਿਆ ’ਚੋਂ 600 ’ਚੋਂ 600 ਅੰਕ ਹਾਸਿਲ ਕੀਤੇ ਹਨ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ’ਤੇ ਬੁਢਲਾਡਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਵਿਦਿਆਰਥਣਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਪਾਸ ਫੀਸਦੀ ’ਚ ਮਾਨਸਾ 16ਵੇਂ ਸਥਾਨ ’ਤੇ

ਸਿੱਖਿਆ ਬੋਰਡ ਵੱਲੋਂ ਜ਼ਿਲ੍ਹਿਆਂ ਮੁਤਾਬਿਕ ਜੋ ਪਾਸ ਫੀਸਦੀ ਐਲਾਨੀ ਗਈ ਹੈ ਉਸ ’ਚ ਜ਼ਿਲ੍ਹਾ ਮਾਨਸਾ 97.62 ਪਾਸ ਫੀਸਦੀ ਨਾਲ 16ਵੇਂ ਸਥਾਨ ’ਤੇ ਆਇਆ ਹੈ। ਪਹਿਲੇ ਸਥਾਨ ’ਤੇ ਜ਼ਿਲ੍ਹਾ ਪਠਾਨਕੋਟ 99.33 ਫੀਸਦੀ, ਦੂਜੇ ’ਤੇ ਕਪੂਰਥਲਾ 99.10 ਫੀਸਦੀ, ਤੀਜੇ ’ਤੇ ਗੁਰਦਾਸਪੁਰ 99.08 ਫੀਸਦੀ, ਚੌਥੇ ’ਤੇ ਫਿਰੋਜ਼ਪੁਰ 98.91 ਫੀਸਦੀ, ਪੰਜਵੇਂ ’ਤੇ ਅੰਮਿ੍ਰਤਸਰ 98.88 ਫੀਸਦੀ, ਛੇਵੇਂ ’ਤੇ ਰੂਪ ਨਗਰ 98.68 ਫੀਸਦੀ, ਸੱਤਵੇਂ ’ਤੇ ਫਰੀਦਕੋਟ 98.59 ਫੀਸਦੀ, ਅੱਠਵੇਂ ’ਤੇ ਤਰਨਤਾਰਨ 98.59 ਫੀਸਦੀ, ਨੌਵੇਂ ’ਤੇ ਮਲੇਰਕੋਟਲਾ 98.53 ਫੀਸਦੀ ਅਤੇ ਦਸਵੇਂ ’ਤੇ ਸ਼ਹੀਦ ਭਗਤ ਸਿੰਘ ਨਗਰ 98.44 ਫੀਸਦੀ ਰਿਹਾ ਹੈ।

ਪਾਸ ਫੀਸਦੀ ’ਚ ਕੁੜੀਆਂ ਦੀ ਚੜ੍ਹਤ

ਅੱਠਵੀਂ ਜਮਾਤ ਦੀ ਪ੍ਰੀਖਿਆ ’ਚ ਕੁੱਲ 2 ਲੱਖ 98 ਹਜ਼ਾਰ 127 ਵਿਦਿਆਰਥੀ ਬੈਠੇ ਸੀ, ਜਿੰਨ੍ਹਾਂ ’ਚੋਂ 2 ਲੱਖ 92 ਹਜ਼ਾਰ 206 (98.01 ਫੀਸਦੀ) ਪਾਸ ਹੋਏ ਹਨ। ਪੰਜਾਬ ਭਰ ’ਚੋਂ ਮੁੰਡੇ-ਕੁੜੀਆਂ ਦੀ ਪਾਸ ਫੀਸਦੀ ’ਤੇ ਨਜ਼ਰ ਮਾਰੀਏ ਤਾਂ ਇਸ ’ਚੋਂ ਕੁੜੀਆਂ ਨੇ ਬਾਜੀ ਮਾਰੀ ਹੈ। 1 ਲੱਖ 41 ਹਜ਼ਾਰ 630 ਕੁੜੀਆਂ ’ਚੋਂ 1 ਲੱਖ 39 ਹਜ਼ਾਰ 767 ਕੁੜੀਆਂ (98.68 ਫੀਸਦੀ) ਪਾਸ ਹੋਈਆਂ ਹਨ। ਇਸ ਤੋਂ ਇਲਾਵਾ 1 ਲੱਖ 56 ਹਜ਼ਾਰ 491 ਮੁੰਡਿਆਂ ’ਚੋਂ 1 ਲੱਖ 52 ਹਜ਼ਾਰ 433 (97.41 ਫੀਸਦੀ) ਪਾਸ ਹੋਏ ਹਨ। 6 ਥਰਡ ਜੈਂਡਰ ਨੇ ਵੀ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ ਜੋ ਸਾਰੇ ਪਾਸ ਹੋ ਗਏ।

ਡਾਕਟਰ ਬਣਨਾ ਚਾਹੁੰਦੀਆਂ ਨੇ ਦੋਵੇਂ ਵਿਦਿਆਰਥਣਾਂ | Punjab Board Result

ਪੰਜਾਬ ਭਰ ’ਚੋਂ ਪਹਿਲੇ ਤੇ ਦੂਜੇ ਸਥਾਨ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਮਜ਼ਦੂਰ ਪਰਿਵਾਰਾਂ ’ਚੋਂ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਬੁਢਲਾਡਾ ਸਮੇਤ ਸਮੁੱਚੇ ਜ਼ਿਲ੍ਹੇ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਆਪਣੀ ਇਸ ਪ੍ਰਾਪਤੀ ਤੋਂ ਬਾਅਦ ਵਿਦਿਆਰਥਣਾਂ ਨੇ ਦੱਸਿਆ ਕਿ ਉਹ ਦੋਵੇਂ ਉੱਚ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਹਨ। ਇਸ ਮੌਕੇ ਦੋਵਾਂ ਬੱਚੀਆਂ ਦੇ ਪਰਿਵਾਰਾਂ ਨੂੰ ਵਧਾਈ ਦੇਣ ਪੁੱਜੇ ਪ੍ਰਿੰਸੀਪਲ ਮੁਕੇਸ਼ ਕੁਮਾਰ, ਲੈਕਚਰਾਰ ਹਰਪ੍ਰੀਤ ਸਿੰਘ, ਬਿਮਲ ਕੁਮਾਰ ਅਤੇ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਦੇ ਪੁੱਤਰ ਰਾਜਪਾਲ ਸਿੰਘ ਤੇ ਹੋਰਨਾਂ ਵੱਲੋਂ ਬੁੱਕੇ ਭੇਂਟ ਕਰਕੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।