ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗਰੂਪਾਂ ਦੇ 7 ਮੈਂਬਰ ਸਮਾਨ ਸਣੇ ਕਾਬੂ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗਰੂਪਾਂ ਦੇ 7 ਮੈਂਬਰ ਸਮਾਨ ਸਣੇ ਕਾਬੂ

ਸਮਾਣਾ, (ਸੁਨੀਲ ਚਾਵਲਾ)। ਸਮਾਣਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਗਰੁੱਪਾਂ ਦੇ 7 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਲੁੱਟਾਂ ਖੋਹਾਂ ਵਿਚ ਵਰਤੇ ਗਏ ਮੋਟਰਸਾਇਕਲ, ਰਾਡਾਂ, ਦਾਤਰ, ਲੁੱਟੇ ਗਏ ਮੋਬਾਇਲ ਫੋਨ, ਨਕਦੀ ਆਦਿ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਤੇ ਸੀਆਈਏ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਸਦਰ ਪੁਲਿਸ ਤੇ ਸੀਆਈਏ ਸਟਾਫ਼ ਦੀ ਟੀਮ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਲੁੱਟਾਂ-ਖੋਹਾਂ ਕਰਨ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਲਲੋਛੀ ਦੁਕਾਨ ਕਰਦੇ ਸਮਾਣਾ ਦੇ ਦੋ ਵਿਅਕਤੀਆਂ ਨੂੰ ਬੀਤੇ 13 ਮਾਰਚ ਨੂੰ ਦੁਕਾਨ ਬੰਦ ਕਰਕੇ ਸਮਾਣਾ ਵਾਪਿਸ ਆਉਂਦੇ ਸਮੇਂ ਰਸਤੇ ਵਿਚ ਇਨਾਂ ਲੁਟੇਰਿਆ ਨੇ ਉਨ੍ਹਾਂ ਦੀ ਮਾਰਕੁੱਟ ਕਰਕੇ ਉਨ੍ਹਾਂ ਪਾਸੋਂ 2 ਮੋਬਾਇਲ ਫੋਨ ਅਤੇ 50000 ਰੁਪਏ ਨਕਦੀ ਲੁੱਟ ਲਏ ਸਨ। ਪੁਲਿਸ ਨੇ ਇਸ ਮਾਮਲੇ ਵਿਚ ਮਨਜੀਤ ਸਿੰਘ ਅਤੇ ਉਸਦੇ ਦੋ ਭਤੀਜੇ ਅਲਮੋਲ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਨ੍ਹਾਂ ਪਾਸੋਂ ਲੁੱਟੇ ਹੋਏ ਮੋਬਾਇਲ, ਨਕਦੀ, ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ, ਰਾਡ ਆਦਿ ਬਰਾਮਦ ਕਰ ਲਏ ਹਨ। ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ।

ਦੂਜੇ ਮਾਮਲੇ ‘ਚ ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲ ਲੈ ਕੇ ਆ ਰਹੇ ਟਰਾਲੇ ਜੋ ਕਿ ਸਮਾਣਾ ਪਟਿਆਲਾ ਰੋਡ ‘ਤੇ ਰੇਡੀਏਂਟ ਫੈਕਟਰੀ ਕੋਲ ਪੰਚਰ ਹੋ ਗਿਆ ਸੀ ਦੇ ਡਰਾਇਵਰ ਦੀ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਉਸ ਪਾਸੋਂ ਮੋਬਾਇਲ ਫੋਨ ਤੇ ਨਕਦੀ ਲੁੱਟ ਵਾਲੇ 4 ਨੌਜਵਾਨਾਂ ਜੋ ਕਿ ਸਮਾਣਾ ਦੇ ਹੀ ਹਨ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚ ਰੋਹਿਤ ਕੁਮਾਰ, ਅਜੈ, ਗੁਰਪ੍ਰੀਤ ਸਿੰਘ ਅਤੇ ਸੋਨੂੰ ਸ਼ਾਮਲ ਹਨ। ਇਹ ਚਾਰੇ ਨੌਜਵਾਨ 18 ਤੋਂ 25 ਸਾਲ ਦੀ ਉਮਰ ਦੇ ਹਨ

ਜਿਨ੍ਹਾਂ ਪਾਸੋਂ ਪੁਲਿਸ ਨੇ ਦਾਤਰ, ਰਾਡ, ਮੋਬਾਇਲ ਫੋਨ, ਨਕਦੀ ਆਦਿ ਬਰਾਮਦ ਕਰ ਲਏ ਹਨ। ਇਨ੍ਹਾਂ ਮੁਲਜ਼ਮਾਂ ਨੇ ਦਾਤਰ ਨਾਲ ਡਰਾਇਵਰ ਦਾ ਹੱਥ ਵੱਢ ਦਿੱਤਾ ਸੀ। ਪੁਲਿਸ ਨੇ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਕੇ ਇਨਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੇ। ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਇਸ ਤੋਂ ਬਿਨਾਂ ਇਨ੍ਹਾਂ ਮੁਲਜ਼ਮਾਂ ਨੇ ਭਵਾਨੀਗੜ੍ਹ ਅਤੇ ਸਮਾਣਾ ਵਿਖੇ 2 ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਿਸ ਵਿਚ ਇਨਾਂ ਵੱਲੋਂ ਖੋਹੇ ਗਏ ਮੋਬਾਇਲ ਫੋਨ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਕੁੱਝ ਹੋਰ ਵਾਰਦਾਤਾਂ ਬਾਰੇ ਵੀ ਜਾਣਕਾਰੀ ਮਿਲਣ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ