ਟੋਨੀ ਬਾਤਿਸ਼ ਕਲਾ ਮੇਲੇ ‘ਚ ‘ਠੇਕੇ’ ਵਾਲੇ ਬੈਨਰ ਨੇ ਮੇਲੀਆਂ ਨੂੰ ਖਿੱਚਿਆ

Banquets, Banished, Fair, Tony Batsch, Art Fair

ਨੌਜਵਾਨਾਂ ਨੂੰ ਠੇਕਾ ਸ਼ਬਦ ਸੁਣਦਿਆਂ ਹੀ ਕਿਤਾਬਾਂ ਦੀ ਆਵੇ ਯਾਦ : ਲਵਪ੍ਰੀਤ ਸਿੰਘ

ਸੁਖਜੀਤ ਮਾਨ/ਬਠਿੰਡਾ। ਵੀਨਸ ਆਰਟ ਥੀਏਟਰ ਬਠਿੰਡਾ ਵੱਲੋਂ ਕਰਵਾਏ ਜਾ ਰਹੇ ਮੇਲੇ ‘ਚ ਵਿਦਿਆਰਥੀਆਂ ਨੇ ਚੰਗੇ ਰੰਗ ਬੰਨ੍ਹੇ ਹੋਏ ਹਨ ਵਿਦਿਆਰਥੀਆਂ ਤੋਂ ਇਲਾਵਾ ਆਮ ਸ਼ਹਿਰੀ ਵੀ ਅੱਜ ਪਹਿਲੇ ਹੀ ਦਿਨ ਇਸ ਮੇਲੇ ‘ਚ ਹੁੰਮਹੁੰਮਾ ਕੇ ਪੁੱਜੇ ਮੇਲੇ ‘ਚ ਪੁਸਤਕ ਪ੍ਰਦਰਸ਼ਨੀਆਂ ਤਾਂ ਕਾਫੀ ਪ੍ਰਕਾਸ਼ਨ ਸਮੂਹਾਂ ਵੱਲੋਂ ਲਾਈਆਂ ਗਈਆਂ ਨੇ ਪਰ ਖਿੱਚ ਦਾ ਕੇਂਦਰ ਠੇਕਾ ਕਿਤਾਬ ਦੇਸੀ/ਅੰਗਰੇਜੀ ਦੇ ਬੈਨਰ ਵਾਲੀ ਸਟਾਲ ਬਣੀ ਹੋਈ ਹੈ।

ਬਰਜਿੰਦਰਾ ਕਾਲਜ ਫਰੀਦਕੋਟ ਦੇ ਐਮਏ ਪੰਜਾਬੀ ਦੇ ਦੋ ਵਿਦਿਆਰਥੀਆਂ ਲਵਪ੍ਰੀਤ ਸਿੰਘ ਫੇਰੋਕੇ ਅਤੇ ਪ੍ਰਗਟ ਸਿੰਘ ਡੱਲੇਵਾਲਾ ਵੱਲੋਂ ਲਗਾਈ ਇਹ ਸਟਾਲ ਭਾਵੇਂ ਪੁਸਤਕ ਪ੍ਰਦਰਸ਼ਨੀ ਪੰਡਾਲ ਦੀ ਇੱਕ ਨੁੱਕਰ ‘ਚ ਹੈ ਪਰ ਵੱਧ ਭੀੜ  ‘ਕੱਠੀ ਕਰਨ ‘ਚ ਕਾਮਯਾਬ ਹੋ ਰਹੀ ਹੈ ਇਸ ਸਟਾਲ ਦੇ ਅੱਗੇ ਲੱਗਿਆ ਮੁੱਖ ਬੈਨਰ ਦਿਲਚਸਪ ਹੈ, ਜਿਸ ‘ਤੇ ਲਿਖਿਆ ਹੈ  ‘ਠੇਕਾ ਕਿਤਾਬ ਦੇਸੀ/ਅੰਗਰੇਜੀ’ ਇਸ ਤਰ੍ਹਾਂ ਦਾ ਬੈਨਰ ਲਗਾਉਣ ਸਬੰਧੀ ਪੁੱਛੇ ਜਾਣ ‘ਤੇ ਲਵਪ੍ਰੀਤ ਸਿੰਘ ਨੇ ਆਖਿਆ ਕਿ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਚਾਰੇ ਪਾਸਿਓਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ੇ ਬਹੁਤ ਜ਼ਿਆਦਾ ਕਰਦੇ ਹਨ, ਇਸ ਲਈ ਸਿਰਫ ਨਾਂਹ ਪੱਖੀ ਗੱਲ ਕਰਨ ਦੀ ਥਾਂ ਉਸਦਾ ਬਦਲ ਵੀ ਪੇਸ਼ ਕਰਨਾ ਚਾਹੀਦਾ ਹੈ ।

ਇਸ ਲਈ ਉਨ੍ਹਾਂ ਸੋਚਿਆ ਕਿ ਜੇਕਰ ਨੌਜਵਾਨਾਂ ਨੂੰ ਠੇਕੇ ‘ਤੇ ਜਾਣ ਦਾ ਜਾਂ ਨਸ਼ਾ ਕਰਨਾ ਹੀ ਪਸੰਦ ਹੈ ਤਾਂ ਨਸ਼ਾ ਗਿਆਨ ਦਾ ਕਿਉਂ ਨਹੀਂ ਹੋ ਸਕਦਾ ਉਨ੍ਹਾਂ ਆਖਿਆ ਕਿ ਅੱਜ ਲੋਕਾਂ ਦੇ ਦਿਮਾਗ ‘ਚ ਠੇਕਾ ਸ਼ਬਦ ਸੁਣਕੇ ਸ਼ਰਾਬ ਦੀ ਤਸਵੀਰ ਉੱਭਰ ਆਉਂਦੀ ਹੈ ਤਾਂ ਫਿਰ ਅਜਿਹਾ ਸੁਫਨਾ ਕਿਉਂ ਨਹੀਂ ਲੈ ਸਕਦੇ ਕਿ ਆਉਣ ਵਾਲੇ ਸਾਲਾਂ ‘ਚ ਜਦੋਂ ਪੰਜਾਬ ਦੇ ਲੋਕ ਠੇਕਾ ਸ਼ਬਦ ਸੁਣਨ ਤਾਂ ਨਾਲ ਦੀ ਨਾਲ ਹੀ ਉਨ੍ਹਾਂ ਦੇ ਦਿਮਾਗ ‘ਚ ਕਿਤਾਬ ਦੀ ਤਸਵੀਰ ਬਣ ਜਾਵੇ ਇਸ ਲਈ ਜੇਕਰ ਪੰਜਾਬ ਦੇ ਪਿੰਡ-ਪਿੰਡ ਸ਼ਰਾਬ ਦੇ ਠੇਕੇ ਹੋ ਸਕਦੇ ਨੇ ਤਾਂ ਫਿਰ ਕਿਤਾਬਾਂ ਦੇ ਕਿਉਂ ਨਹੀਂ ਹੋ ਸਕਦੇ ਇਸ ਲਈ ਇਸ ਮਿਸ਼ਨ ਨੂੰ ਲੈ ਕੇ ਉਹ ਪੰਜਾਬ ਦੇ ਪਿੰਡ-ਪਿੰਡ ਅਤੇ ਖੇਡ ਮੇਲਿਆਂ ਆਦਿ ਤੋਂ ਇਲਾਵਾ ਸਕੂਲਾਂ/ਕਾਲਜਾਂ ‘ਚ ਕਿਤਾਬਾਂ ਦਾ ਸੁਨੇਹਾ ਲੈ ਕੇ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਗਿਆਨ ਦੀ ਲੋਰ ਚੜ੍ਹਾਈ ਜਾ ਸਕੇ।

ਪੰਜਾਬ ‘ਚ ਅਜਿਹੇ ਠੇਕਿਆਂ ਦੀ ਮੁੱਖ ਲੋੜ : ਮਾਨ

ਪੰਜਾਬੀ ਕਹਾਣੀਕਾਰ ਤੇ ਸਮਾਜ ਸੇਵੀ ਭੁਪਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ‘ਚ ਅਜਿਹੇ ਠੇਕਿਆਂ ਦੀ ਮੁੱਖ ਲੋੜ ਹੈ ਉਨ੍ਹਾਂ ਆਖਿਆ ਕਿ ਲਵਪ੍ਰੀਤ ਸਿੰਘ ਅਤੇ ਪ੍ਰਗਟ ਸਿੰਘ ਉੱਦਮੀ ਨੌਜਵਾਨਾਂ ਨੇ ਪੰਜਾਬ ਦੇ ਲੋਕਾਂ ਦੀ ਉਸ ਸੋਚ ਨੂੰ ਬਦਲਣ ਦਾ ਮਿਸ਼ਨ ਆਰੰਭਿਆ ਹੈ, ਜਿਸ ‘ਚ ਲੋਕ ‘ਠੇਕਾ’ ਸ਼ਬਦ ਨੂੰ ਸਿਰਫ ਸ਼ਰਾਬ ਨਾਲ ਹੀ ਜੋੜਕੇ ਵੇਖਦੇ ਹਨ ਉਨ੍ਹਾਂ ਆਖਿਆ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਮਿਸ਼ਨ ਨੂੰ ਹੁਲਾਰਾ ਦਿੰਦਿਆਂ ਆਪਣੇ ਪਿੰਡਾਂ ‘ਚ ਸ਼ਰਾਬ ਦੇ ਠੇਕੇ ਬੰਦ ਕਰਵਾ ਕੇ ਕਿਤਾਬਾਂ ਦੇ ਠੇਕੇ ਖੁੱਲ੍ਹਵਾਏ ਜਾਣ ਤਾਂ ਜੋ ਲੋਕਾਂ ਨੂੰ ਗਿਆਨ ਹਾਸਲ ਹੋ ਸਕੇ ਅਤੇ ਨਸ਼ਿਆਂ ਕਾਰਨ ਬਰਬਾਦੀ ਦੇ ਰਾਹ ਪਏ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।