ਘੱਗਰ ‘ਚ ਪਿਆ 45 ਫੁੱਟ ਚੌੜਾ ਪਾੜ, ਹਜ਼ਾਰਾਂ ਏਕੜ ਖੜ੍ਹੀਆਂ ਫਸਲਾਂ ਹੋਈਆਂ ਤਬਾਹ

45 Feet Wide Ditch, Ghaggar, Thousands of Acres, of Standing Crops, Destroyed

ਡੇਰਾ ਪ੍ਰੇਮੀਆਂ ਵੱਲੋਂ ਲੋਕਾਂ ਨਾਲ ਮਿਲ ਕੇ ਕੀਤੇ ਜਾ ਰਹੇ ਨੇ ਰਾਹਤ ਕਾਰਜ

ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ

ਮੂਣਕ ਲਾਗਲੇ ਪਿੰਡ ਫੂਲਦ ਵਿਖੇ ਘੱਗਰ ਦਰਿਆ ਵਿੱਚ 45 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਵਿੱਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ। ਪਾਣੀ ਮੂਣਕ ਸ਼ਹਿਰ ਤੱਕ ਪਹੁੰਚ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰੰਤੂ ਮਿਲੇ ਵੇਰਵਿਆਂ ਤੱਕ ਪਾੜ ਪੂਰਿਆ ਨਹੀਂ ਜਾ ਸਕਿਆ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਘੱਗਰ ਦਰਿਆ ਦਾ ਫੂਲਦ ਨੇੜੇ ਬਣਿਆ ਬੰਨ੍ਹ ਟੁੱਟ ਗਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਲੋਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਫੁਰਤੀ ਨਾਲ ਬੰਨ੍ਹ ਨੂੰ ਪੂਰਨ ਲਈ ਅਹੁੜ-ਪਹੁੜ ਕਰਨੇ ਸ਼ੁਰੂ ਕਰ ਦਿੱਤੇ।

ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਪਾੜ ਪੂਰਨ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਮੌਕੇ ਤੇ ਮੌਜ਼ੂਦ ਲੋਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦਾ ਦਾਅਵਾ ਕਰ ਰਿਹਾ ਸੀ ਕਿ ਜੇਕਰ ਸੰਭਾਵੀ ਹੜ੍ਹ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਪਰ ਅੱਜ ਪਾੜ ਪੂਰਨ ਸਮੇਂ ਲੋਕਾਂ ਨੂੰ ਨਾ ਹੀ ਜਾਲ ਨਾ ਹੀ ਖਾਲੀ ਥੈਲੇ ਮੁਹੱਈਆ ਕਰਵਾਏ ਗਏ।

ਮੌਕੇ ਤੇ ਮੌਜ਼ੂਦ ਲੋਕਾਂ ਨੇ ਕੁਝ ਦਰੱਖਤਾਂ ਨੂੰ ਵੱਢ ਕੇ ਪਾਏ ਪਾੜ ਵਿੱਚ ਸੁੱਟਿਆ ਪਰ ਪਾਣੀ ਦਾ ਵਹਾਅ ਫਿਰ ਵੀ ਘੱਟ ਨਾ ਹੋਇਆ ਅਤੇ ਪਾਣੀ ਤੇਜ਼ੀ ਨਾਲ ਮੂਣਕ ਸ਼ਹਿਰ ਤੱਕ ਪਹੁੰਚ ਗਿਆ। ਉੱਧਰ ਦੂਜੇ ਪਾਸੇ ਡੇਰਾ ਸੌਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਇਸ ਰਾਹਤ ਕਾਰਜਾਂ ਵਿੰਚ ਵੱਡੇ ਪੱਧਰ ‘ਤੇ ਸੇਵਾ ਕਾਰਜ ਆਰੰਭੇ ਹੋਏ ਹਨ। ਨਾਮ ਚਰਚਾ ਘਰ ਮੂਣਕ ਨੇੜੇ ਪ੍ਰੇਮੀਆਂ ਵੱਲੋਂ ਪਾੜ ਪੂਰਨ ਲਈ ਜਾਲ ਬਣਾਇਆ ਜਾ ਰਿਹਾ ਸੀ। ਦੂਜੇ ਪਾਸੇ ਐਨ.ਡੀ.ਆਰ. ਐਫ. ਦੀਆਂ ਟੀਮਾਂ ਵੱਲੋਂ ਵੀ ਆਪਣੇ ਕਾਰਜ ਆਰੰਭੇ ਸਨ ਪਰ ਉਨ੍ਹਾਂ ਨੂੰ ਵੀ ਹਾਲੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।