ਜਲੰਧਰ ‘ਚ ਛੋਟੇ ਹਾਥੀ ਨੂੰ ਅੱਗ ਲਾ ਕੇ ਨੌਜਵਾਨ ਫਰਾਰ

Jalandhar News

(ਸੱਚ ਕਹੂੰ ਨਿਊਜ਼) ਜਲੰਧਰ। ਜ਼ਿਲ੍ਹਾ ਜਲੰਧਰ ’ਚ ਇੱਕ ਸ਼ਰਾਰਤੀ ਅਨਸਰ ਨੇ ਦੇਰ ਰਾਤ ਇੱਕ ਛੋਟੇ ਹਾਥੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਸ਼ਰਾਰਤੀ ਅਨੁਸਾਰ ਅੱਗ ਲਾਉਣ ਤੋਂ ਬਾਅਦ ਫਰਾਰ ਹੋ ਗਿਆ। ਇਹ ਘਟਨਾ ਸ਼ਹਿਰ ਦੇ ਕਾਲਾ ਸੰਘਾ ਰੋਡ ‘ਤੇ ਸਥਿਤ ਕੋਟ ਸਾਦਿਕ ‘ਚ ਵਾਪਰੀ। ਇਸ ਸਬੰਧੀ ਛੋਟੇ ਹਾਥੀ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਨੇ ਦੁਪਹਿਰ 1.30 ਤੋਂ 2.00 ਵਜੇ ਦਰਮਿਆਨ ਅੱਗ ਲਗਾ ਦਿੱਤੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਫੁਟੇਜ ‘ਚ ਅੱਗ ਲਗਾਉਣ ਵਾਲਾ ਵਿਅਕਤੀ ਦਿਖਾਈ ਦੇ ਰਿਹਾ ਹੈ। ਉਹ ਇਕੱਲਾ ਹੀ ਆਇਆ ਸੀ, ਉਸ ਨੇ ਸਭ ਤੋਂ ਪਹਿਲਾਂ ਗੱਡੀ ‘ਤੇ ਪੈਟਰੋਲ ਛਿਡ਼ਕਿਆ ਤੇ ਉਸ ਤੋਂ ਬਾਅਦ ਅੱਗ ਲਗਾ ਦਿੱਤੀ। ਅੱਗ ਲੱਗਣ ਸਾਰ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਗੱਡੀ ਸੜ ਕੇ ਸੁਆਹ ਹੋ ਗਈ। ਕੈਮਰੇ ‘ਚ ਵਿਅਕਤੀ ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੇ ਥਾਣਾ 5 ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਬੈਂਕ ਤੋਂ ਕਰਜ਼ਾ ਲੈ ਕੇ ਲਿਆ ਸੀ ਛੋਟਾ ਹਾਥੀ

ਇਸ ਮੌਕੇ ਪਰਮਜੀਤ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਛੋਟਾ ਹਾਥੀ ਲਿਆ ਸੀ। ਇਹ ਉਸ ਦੀ ਰੋਜ਼ੀ ਰੋਟੀ ਸੀ। ਇਸ ਦੇ ਸਹਾਰੇ ਹੀ ਉਹ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ। ਉਹ ਕੋਟ ਸਾਦਿਕ ਵਿੱਚ ਕਿਰਾਏ ’ਤੇ ਰਹਿੰਦਾ ਹੈ। ਉਸ ਦੇ 3 ਛੋਟੇ ਬੱਚੇ ਹਨ। ਇਹ ਗੱਡੀ ਉਸ ਦਾ ਘਰ ਚਲਾਉਂਦੀ ਸੀ ਪਰ ਸ਼ਰਾਰਤੀ ਅਨਸਰਾਂ ਨੇ ਉਸ ਦੀ ਰੋਜ਼ੀ ਰੋਟੀ ਖੋਹ ਲਈ ਹੈ। ਪਰਮਜੀਤ ਨੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ