ਬਿਟਕੋਇਨ ਕੀ ਹੈ?

ਬਿਟਕੋਇਨ ਕੀ ਹੈ?

ਬਿਟਕੋਇਨ ਇੱਕ ਡਿਜ਼ੀਟਲ ਮੁਦਰਾ ਹੈ ਜਿਸ ਨੂੰ ਇੱਕ ਕੰਪਿਊਟਰ ਪ੍ਰੋਗਰਾਮਰ ਜਾਂ ਕੰਪਿਊਟਰ ਪ੍ਰੋਗਰਾਮਰਾਂ ਦੇ ਸਮੂਹ, ਜਿਨ੍ਹਾਂ ਨੂੰ ਸਤੋਸ਼ੋ ਨਾਕੋਮੋਟੋ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਨੇ 2008 ਦੇ ਵਿੱਚ ਖੋਜਿਆ ਅਤੇ 2009 ਵਿੱਚ ਇਸਦਾ ਚਲਨ ਸ਼ੁਰੂ ਹੋਇਆ। ਬਿਟਕੋਇਨ ਮੁਦਰਾ ਕਿਸੇ ਬੈਂਕ ਵੱਲੋਂ ਪ੍ਰਮਾਣਿਤ ਮੁਦਰਾ ਨਹੀਂ ਹੈ। ਬਿਟਕੋਇਨ ਮੁਦਰਾ ਦੀ ਵਰਤੋਂ ਚੀਜਾਂ ਖਰੀਦਣ ਅਤੇ ਸੇਵਾਵਾਂ ਦਾ ਭੁਗਤਾਨ ਕਰਨ ਲਈ ਕੀਤੀ ਜਾਂਦੀ ਹੈ। ਬਿਟਕੋਇਨ ਇੱਕ ਵਿਕੇਂਦਰੀਕਿ੍ਰਤ ਮੁਦਰਾ ਹੈ ਜੋ ਬਿਨਾਂ ਕਿਸੇ ਵਿਚੋਲੇ ਦੇ ਇੱਕ ਯੂਜ਼ਰ ਤੋਂ ਦੂਜੇ ਯੂਜ਼ਰ ਦੇ ਕੋਲ ਪੀਅਰ-ਟੂ-ਪੀਅਰ ਨੈੱਟਵਰਕ ’ਤੇ ਪੁੱਜਦੀ ਹੈ।

ਬਿਟਕੋਇਨ ਕਿਵੇਂ ਕੰਮ ਕਰਦਾ ਹੈ?

ਬਿਟਕੋਇਨ ਮੁਦਰਾ ਜਨਤਕ ਕੀਅ ਕਿ੍ਰਪਟੋਗ੍ਰਾਫੀ ਦੇ ਸਿਧਾਂਤ ’ਤੇ ਕੰਮ ਕਰਦੀ ਹੈ ਇਸ ਵਿੱਚ ਹਰ ਯੂਜ਼ਰ ਕੋਲ ਇੱਕ ਜਨਤਕ ਕੀਅ, ਜਿਸ ਨੂੰ ਸਭ ਦੇਖ ਸਕਦੇ ਹਨ ਅਤੇ ਇੱਕ ਨਿੱਜੀ ਕੀਅ ਹੁੰਦੀ ਹੈ, ਜੋ ਸਿਰਫ ਯੂਜ਼ਰ ਕੋਲ ਹੁੰਦੀ ਹੈ ਅਤੇ ਉਸਦੇ ਕੰਪਿਊਟਰਾਂ ਵਿੱਚ ਸਟੋਰ ਹੁੰਦੀ ਹੈ। ਲੈਣ-ਦੇਣ ਕਰਨ ਲਈ ਬਿਟਕੋਇਨ ਪ੍ਰਾਪਤ ਕਰਨ ਵਾਲੇ ਯੂਜ਼ਰ ਆਪਣੀ ਜਨਤਕ ਕੀਅ ਬਿਟਕੋਇਨ ਤਬਦੀਲ ਕਰਨ ਵਾਲੇ ਯੂਜ਼ਰ ਨੂੰ ਭੇਜਦੇ ਹਨ ਤੇ ਉਹ ਸਿੱਕੇ ਦੇ ਨਿਸ਼ਾਨ ਨੂੰ ਆਪਣੀਆਂ ਨਿੱਜੀ ਕੀਅ ਨਾਲ ਤਬਦੀਲ ਕਰਦੇ ਹਨ ਅਤੇ ਲੈਣ-ਦੇਣ ਨੂੰ ਬਿਟਕੋਇਨ ਨੈੱਟਵਰਕ ’ਤੇ ਸੰਚਾਰਿਤ ਕਰਦੇ ਹਨ

ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਕਿ ਬਿਟਕੋਇਨ ਇੱਕ ਤੋਂ ਜ਼ਿਆਦਾ ਵਾਰ ਇੱਕ ਸਮੇਂ ’ਤੇ ਖਰਚ ਨਾ ਹੋਵੇ। ਹਰ ਇੱਕ ਲੈਣ-ਦੇਣ ਦਾ ਰਿਕਾਰਡ ਲੈਜ਼ਰ ਫਾਈਲ ਦੇ ਵਿੱਚ ਰੱਖਿਆ ਜਾਂਦਾ ਹੈ ਜੋ ਹਰ ਨੈੱਟਵਰਕ ਨੋਡ ’ਤੇ ਮੌਜੂਦ ਹੁੰਦੀ ਹੈ। ਯੂਜ਼ਰ ਦੀ ਪਹਿਚਾਣ ਗੁਪਤ ਹੁੰਦੀ ਹੈ ਪਰ ਸਭ ਇਹ ਦੇਖ ਸਕਦੇ ਹਨ ਕਿ ਕਿੰਨੇ ਬਿਟਕੋਇਨ ਤਬਦੀਲ ਕੀਤੇ ਗਏ ਸਨ। ਲੈਣ-ਦੇਣ ਨੂੰ ਸਮੂਹਾਂ ਦੇ ਵਿੱਚ ਜੋੜਿਆ ਜਾਂਦਾ ਹੈ ਜਿਸ ਨੂੰ ਬਲਾਕ ਕਹਿੰਦੇ ਹਨ ਅਤੇ ਬਲਾਕਾਂ ਦੇ ਸੰਗਠਨ ਨੂੰ ਬਲਾਕਚੈਨ ਕਹਿੰਦੇ ਹਨ। ਬਲਾਕ ਨੂੰ ਗਣਿਤ ਦੀ ਪ੍ਰਕਿਰਿਆ ਦੀ ਵਰਤੋਂ ਕਰਕੇ ਚੈਨ ਦੇ ਵਿੱਚ ਜੋੜਿਆ ਜਾਂਦਾ ਹੈ ਜਿਸ ਕਾਰਨ ਵਿਅਕਤੀਗਤ ਯੂਜ਼ਰ ਵੱਲੋਂ ਬਲਾਕਚੈਨ ਨੂੰ ਹਾਈਜੈਕ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਬਿਟਕੋਇਨ ਦੇ ਗੁਣ:

1. ਬਿਟਕੋਇਨ ਸਾਨੂੰ ਭੁਗਤਾਨ ਕਰਨ ਦੀ ਆਜਾਦੀ ਪ੍ਰਦਾਨ ਕਰਦਾ ਹੈ। ਇਸ ਨਾਲ ਅਸੀਂ ਵਿਸ਼ਵ ਦੀ ਕਿਸੇ ਵੀ ਥਾਂ ਤੋਂ ਕਿਤੇ ਵੀ ਪੈਸੇ ਭੇਜ ਅਤੇ ਮੰਗਵਾ ਸਕਦੇ ਹਾਂ।

2. ਬਿਟਕੋਇਨ ਵਿੱਚ ਲੈਣ-ਦੇਣ ਗੁਪਤ ਅਤੇ ਨਿੱਜੀ ਹੁੰਦਾ ਹੈ ਨਾ ਇਸਨੂੰ ਟਰੈਕ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸਦੀ ਪਹਿਚਾਣ ਕੀਤੀ ਜਾ ਸਕਦੀ ਹੈ।

3. ਬਿਟਕੋਇਨ ਯੂਜ਼ਰ ਨੂੰ ਉਸਦੇ ਲੈਣ-ਦੇਣ ’ਤੇ ਨਿਯੰਤਰਣ ਪ੍ਰਦਾਨ ਕਰਦਾ ਹੈ ਵਪਾਰੀ ਉਪਭੋਗਤਾ ਦੀ ਮਰਜ਼ੀ ਤੋਂ ਬਿਨਾ ਉਸ ਕੋਲੋਂ ਵਾਧੂ ਖਰਚੇ ਨਹੀਂ ਵਸੂਲ ਸਕਦਾ।

4. ਬਿਟਕੋਇਨ ਰਾਹੀਂ ਯੂਜ਼ਰ ਨੂੰ ਲੈਣ-ਦੇਣ ਛੇਤੀ ਪੂਰਾ ਕਰਨ ਲਈ ਡਿਜ਼ੀਟਲ ਬਟੂਏ ਦੇ ਮੁਕਾਬਲੇ ਘੱਟ ਫੀਸ ਦੇਣੀ ਪੈਂਦੀ ਹੈ।

5. ਬਿਟਕੋਇਨ ਰਾਹੀਂ ਭੁਗਤਾਨ ਬੈਂਕ ਰਾਹੀਂ ਭੁਗਤਾਨ ਦੇ ਮੁਕਾਬਲੇ ਛੇਤੀ ਹੁੰਦਾ ਹੈ।

6. ਸਰਕਾਰ ਨੋਟਾਂ ਨੂੰ ਵਾਪਸ ਲੈ ਕੇ ਉਹਨਾਂ ਦੀ ਥਾਂ ਨਵੇਂ ਨੋਟ ਚਲਾ ਸਕਦੀ ਹੈ ਪਰ ਸਰਕਾਰ ਬਿਟਕੋਇਨ ਨੂੰ ਵਾਪਿਸ ਨਹੀਂ ਲੈ ਸਕਦੀ।

7. ਬਿਟਕੋਇਨ ਮਹਿੰਗਾਈ ਪੈਦਾ ਨਹੀਂ ਕਰਦਾ ਕਿਉਂਕਿ ਜਿੰਨੇ ਬਿਟਕੋਇਨ ਹੁੰਦੇ ਹਨ ਉਨ੍ਹਾਂ ਦੀ ਜਾਣਕਾਰੀ ਸਭ ਨੂੰ ਹੁੰਦੀ ਹੈ ਅਤੇ ਸਾਰੇ ਬਿਟਕੋਇਨਾਂ ਦੇ ਪਰਿਪੱਕ ਹੋਣ ਤੋਂ ਬਾਅਦ ਉਹਨਾਂ ਦੀ ਗਿਣਤੀ ਨਹੀਂ ਵਧ ਸਕਦੀ।

8. ਕੋਈ ਵੀ ਵਿਅਕਤੀ ਕੰਪਿਊਟਰ ’ਤੇ ਬਿਟਕੋਇਨ ਮਾਈਨਿੰਗ ਵਿਧੀ ਰਾਹੀਂ ਬਿਟਕੋਇਨ ਤਿਆਰ ਕਰ ਸਕਦਾ ਹੈ।

ਬਿਟਕੋਇਨ ਦੇ ਔਗੁਣ:

1. ਬਿਟਕੋਇਨ ਬਾਰੇ ਸਭ ਨੂੰ ਪਤਾ ਨਾ ਹੋਣ ਕਾਰਨ ਬਹੁਤ ਸਾਰੇ ਵਪਾਰਕ ਸੰਸਥਾਨ ਬਿਟਕੋਇਨ ਰਾਹੀਂ ਭੁਗਤਾਨ ਨਹੀਂ ਮੰਨਦੇ।

2. ਬਿਟਕੋਇਨ ਦੀਆਂ ਕੀਮਤਾਂ ਅਸਥਿਰ ਹੁੰਦੀਆਂ ਹਨ ਅਤੇ ਇਹ ਘਟਦੀਆਂ ਤੇ ਵਧਦੀਆਂ ਰਹਿੰਦੀਆਂ ਹਨ ਇਸ ਕਰਕੇ ਲੋਕ ਬਿਟਕੋਇਨ ਵਿੱਚ ਨਿਵੇਸ਼ ਕਰਨ ਤੋਂ ਡਰਦੇ ਹਨ।

3. ਬਿਟਕੋਇਨ ਸਾਫਟਵੇਅਰ ਅਧੂਰਾ ਹੈ ਇਸ ਵਿੱਚ ਨਵੇਂ ਫੀਚਰ, ਟੂਲ ਅਤੇ ਸੇਵਾਵਾਂ ਜੁੜਨ ਵਾਲੀਆਂ ਹਨ ਜੋ ਇਸਨੂੰ ਹੋਰ ਜ਼ਿਆਦਾ ਸੁਰੱਖਿਤ ਅਤੇ ਸੁਵਿਧਾਜਨਕ ਬਣਾਉਣਗੀਆਂ।

4. ਸਰਕਾਰ ਬਿਟਕੋਇਨ ’ਤੇ ਪਾਬੰਦੀ ਲਾ ਸਕਦੀ ਹੈ।

5. ਜੇ ਬਿਟਕੋਇਨ ਕਿਸੇ ਇੱਕ ਸੱਟੇਬਾਜ਼ ਦੇ ਹੱਥ ਆ ਜਾਂਦਾ ਹੈ ਤਾਂ ਇਹ ਆਰਥਿਕ ਮੰਦੀ ਦਾ ਕਾਰਨ ਬਣਦਾ ਹੈ।

ਅੰਮ੍ਰਿਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ