ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਖ਼ਿਲਾਫ਼ 20 ਅਗਸਤ ਨੂੰ ਡੀਸੀ ਫ਼ਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਰੈਲੀ

ਰੈਲੀ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਵੱਲ ਕੀਤਾ ਜਾਵੇਗਾ ਸਕੂਟਰ ਮੋਟਰਸਾਈਕਲ ਰੋਸ ਮਾਰਚ

ਫਰੀਦਕੋਟ, (ਸੁਭਾਸ਼ ਸ਼ਰਮਾ)। ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ 20 ਅਗਸਤ ਨੂੰ ਜ਼ਿਲ੍ਹਾ ਪੱਧਰ ’ਤੇ ਰੈਲੀਆਂ ਕਰਨ ਦੇ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਨੂੰ ਜਿਲ੍ਹਾ ਫਰੀਦਕੋਟ ਵਿੱਚ ਸਫ਼ਲਤਾਪੂਰਵਕ ਲਾਗੂ ਕਰਨ ਲਈ ਫਰੰਟ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੀ ਇਕ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਵਿੱਚ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 20 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 10 ਵਜੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਮਿੰਨੀ ਸਕੱਤਰੇਤ ਸਾਹਮਣੇ ਜਾਮਣਾਂ ਹੇਠ ਰੋਸ ਰੈਲੀ ਕੀਤੀ ਜਾਵੇਗੀ ਅਤੇ ਰੈਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਕੋਠੀ ਵੱਲ ਸਕੂਟਰ / ਮੋਟਰਸਾਈਕਲ ਰੋਸ ਮਾਰਚ ਕੀਤਾ ਜਾਵੇਗਾ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਨਿਸਟੀਰੀਅਲ ਸਟਾਫ ਦੇ ਆਗੂ ਅਮਰੀਕ ਸਿੰਘ ਸੰਧੂ ਤੇ ਬਲਬੀਰ ਸਿੰਘ, ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਵੀਰਇੰਦਰਜੀਤ ਸਿੰਘ ਪੁਰੀ ਮੰਡੀ ਬੋਰਡ ਮੁਲਾਜ਼ਮਾਂ ਦੀ ਆਗੂ, ਮੁਲਾਜ਼ਮ ਆਗੂ ਜਤਿੰਦਰ ਕੁਮਾਰ, ਅਧਿਆਪਕ ਆਗੂ ਪ੍ਰੇਮ ਚਾਵਲਾ, ਸ਼ਿੰਦਰਪਾਲ ਸਿੰਘ ਢਿੱਲੋਂ ਸੁਖਵਿੰਦਰ ਸਿੰਘ ਸੁੱਖੀ, ਪ੍ਰੀਤ ਭਗਵਾਨ ਸਿੰਘ ਤੇ ਗਗਨ ਪਾਹਵਾ , ਪ ਸ ਸ ਫ ਆਗੂ ਪ੍ਰਦੀਪ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ, ਜਗਤਾਰ ਸਿੰਘ ਗਿੱਲ, ਹਰਪਾਲ ਸਿੰਘ ਸਿਵਲ ਹਸਪਤਾਲ, ਅਮਰਜੀਤ ਸਿੰਘ ਵਾਲੀਆ, ਸਿਮਰਜੀਤ ਸਿੰਘ ਬਰਾੜ , ਨਵਪ੍ਰੀਤ ਸਿੰਘ , ਦਰਜਾ ਚਾਰ ਮੁਲਾਜ਼ਮਾਂ ਦੇ ਆਗੂ ਨਛੱਤਰ ਸਿੰਘ ਭਾਣਾ ਤੇ ਇਕਬਾਲ ਸਿੰਘ ਰਣ ਸਿੰਘ ਵਾਲਾ ਨੇ ਮੁਲਾਜਮਾਂ ਅਤੇ ਸਰਕਾਰ ਵਿਚਕਾਰ ਮੌਜੂਦਾ ਡੈਡਲਾਕ ਦੇ ਜਿੰਮੇਵਾਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅੜੀਅਲ ਰਵੱਈਏ ਨੂੰ ਦੱਸਿਆ।

ਉਨਾਂ ਕਿਹਾ ਕਿ ਵਿਤ ਮੰਤਰੀ ਸੋਧੇ ਤਨਖ਼ਾਹ ਸਕੇਲ ਅਤੇ ਪੈਨਸ਼ਨਾਂ 1-1-2016 ਤੋਂ ਲਾਗੂ ਕਰ ਰਹੇ ਹਨ ਪਰ ਇਸ ਤਰੀਕ ਨੂੰ ਬਣਦਾ 125% ਫੀਸਦੀ ਡੀ.ਏ. ਜੋੜਣ ਦੀ ਬਜਾਏ ਇਕ ਸਾਲ ਪਹਿਲਾਂ ਦਾ 113% ਡੀ.ਏ .ਜੋੜ ਕੇ 12% ਮਹਿੰਗਾਈ ਭੱਤਾ ਖੁਰਦ ਬੁਰਦ ਕਰਨਾ ਚਾਹੁੰਦੇ ਹਨ।

ਆਗੂਆਂ ਨੇ ਕਿਹਾ ਕਿ ਵਿਤ ਮੰਤਰੀ ਦੀ ਇਸ ਧੱਕੇਸ਼ਾਹੀ ਕਿਸੇ ਕੀਮਤ ਤੇ ਸਹਿਣ ਨਹੀਂ ਕੀਤੀ ਜਾਵੇਗੀ। ਮੁਲਾਜ਼ਮ ਆਗੂਆਂ ਨੇ ਇਹ ਵੀ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਆਸ਼ਾ, ਆਂਗਣਵਾੜੀ, ਮਿਡ ਡੇਅ ਮੀਲ ਇਸਤਰੀ ਵਰਕਰਾਂ ਲਈ ਘੱਟ ਤੋਂ ਘੱਟ ਉਜਰਤਾਂ ਤੈਅ ਕਰਵਾਉਣ ਅਤੇ ਪਰਖ ਕਾਲ ਦੇ ਨਾਂ ਤੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੀ ਕੀਤੀ ਜਾ ਰਹੀ। ਲੁੱਟ ਬੰਦ ਕਰਵਾਉਣ ਤੱਕ ਸਾਂਝੇ ਫਰੰਟ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਤੇ ਦਿਨੋਂ ਦਿਨ ਤਿੱਖਾ ਰੂਪ ਧਾਰਨ ਕਰਦਾ ਜਾਵੇਗਾ। ਆਗੂਆਂ ਨੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪਟਿਆਲੇ ਦੀ ਮਹਾਰੈਲੀ ਤੋਂ ਵੀ ਵਧੇਰੇ ਉਤਸ਼ਾਹ ਅਤੇ ਜੋਸ਼ ਨਾਲ ਜਿਲਿਆਂ ਵਿੱਚ ਹੋ ਰਹੀਆਂ।

ਰੈਲੀਆਂ ਨੂੰ ਕਾਮਯਾਬ ਕਰਨ। ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਆਪਣਾ ਮੁਲਾਜ਼ਮ ਵਿਰੋਧੀ ਵਤੀਰਾ ਨਾ ਸੁਧਾਰਿਆ ਤਾਂ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸਮਾਗਮ ਦੇ ਦੂਜੇ ਦਿਨ ਇੱਕ ਲੱਖ ਤੋਂ ਵੱਧ ਮੁਲਾਜ਼ਮ ਅਤੇ ਪੈਨਸ਼ਨਰ ਚੰਡੀਗੜ੍ਹ ਵੱਲ ਕੂਚ ਕਰਨ ਲਈ ਮਜ਼ਬੂਰ ਹੋਣਗੇ ਜਿਸ ਦੇ ਨਤੀਜਿਆਂ ਦੀ ਜਿ਼ੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮਾਨ , ਦੇਸ ਰਾਜ ਗੁਰਜਰ, ਪ੍ਰਦੀਪ ਸਿੰਘ , ਸੰਤ ਸਿੰਘ, ਬਿਸ਼ਨ ਦਾਸ ਅਰੋੜਾ , ਆਸ਼ਾ ਵਰਕਰ ਆਗੂ ਅਮਰਜੀਤ ਕੌਰ , ਮਿਡ ਡੇ ਮੀਲ ਵਰਕਰ ਆਗੂ ਲਖਵਿੰਦਰ ਕੌਰ ਆਦਿ ਮੁਲਾਜ਼ਮ ਤੇ ਪੈਨਸ਼ਨਰ ਆਗੂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ