ਚਾਰ ਸਾਲ ਸਾਨੂੰ ਪੁੱਛਿਆ ਨਹੀਂ, ਹੁਣ ਕਿਵੇਂ ਆਈ ਭਾਜਪਾ ਨੂੰ ਸਾਡੀ ਯਾਦ

Four, Years, Ask, Now, BJP, Came, Our, Memory

ਅਮਿਤ ਸ਼ਾਹ ਨਾਲ ਮੀਟਿੰਗ ‘ਚ ਅਕਾਲੀ ਸੰਸਦ ਮੈਂਬਰਾਂ ਨੇ ਕੀਤਾ ਗਿਲਾ

  • ਅਮਿਤ ਸ਼ਾਹ ਨੇ ਦਿੱਤਾ ਭਰੋਸਾ, ਜਲਦ ਹੀ ਪ੍ਰਧਾਨ ਮੰਤਰੀ ਕੋਲ ਰੱਖਣਗੇ ਪੰਜਾਬ ਦੀ ਗੱਲ
  • ਅਕਾਲੀ-ਭਾਜਪਾ ਦੀ ਬਣੇਗੀ ਤਾਲਮੇਲ ਕਮੇਟੀ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੰਪਰਕ ਫਾਰ ਸਮਰੱਥਨ ਪ੍ਰੋਗਰਾਮ ਤਹਿਤ ਚੰਡੀਗੜ੍ਹ ਪੁੱਜੇ ਕੌਮੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਜਿੰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਸੁਆਗਤ ਕੀਤਾ ਗਿਆ, ਉਸ ਤੋਂ ਹੀ ਜ਼ਿਆਦਾ ਵੱਡੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਅਮਿਤ ਸ਼ਾਹ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਤੋਂ ਹੀ ਤੈਅ ਰਣਨੀਤੀ ਤਹਿਤ ਅਮਿਤ ਸ਼ਾਹ ਨੂੰ ਸਾਫ਼ ਕਿਹਾ ਕਿ ਭਾਜਪਾ ਸਰਕਾਰ ਆਏ ਨੂੰ 4 ਸਾਲ ਬੀਤ ਚੁੱਕੇ ਹਨ ਪਰ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਨੂੰ ਪੁੱਛਿਆ ਤੱਕ ਨਹੀਂ ਗਿਆ, ਜਿਸ ਕਾਰਨ ਉਹ ਕਾਫ਼ੀ ਜਿਆਦਾ ਨਰਾਜ਼ ਹਨ।

ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਆਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਸਨ ਤਾਂ ਉਸ ਸਮੇਂ ਸੁਖਬੀਰ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਨੇ ਟੋਕਦੇ ਹੋਏ ਕਿਹਾ ਕਿ ਇਹ ਸਮਾਂ ਇਹ ਗੱਲਾਂ ਕਰਨ ਦਾ ਨਹੀਂ ਸਗੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਲੜਨ ਦਾ ਮੌਕਾ ਹੈ ਪਰ ਇਸ ਦੀ ਤਿਆਰੀ ਲਈ ਕੇਂਦਰ ਸਰਕਾਰ ਨੂੰ ਅਕਾਲੀ ਦਲ ਦੀ ਮੱਦਦ ਕਰਨੀ ਪਵੇਗੀ। ਜਿਸ ‘ਤੇ ਅਮਿਤ ਸ਼ਾਹ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਰਾਜ਼ਗੀ ਸਵੀਕਾਰ ਕਰਦੇ ਹੋਏ ਜਲਦ ਹੀ ਪੰਜਾਬ ਦੇ ਮਸਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਰੱਖਣ ਦਾ ਵਾਅਦਾ ਕਰ ਦਿੱਤਾ ਹੈ। ਇਸ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਮੌਕੇ ‘ਤੇ ਹੀ ਤੈਅ ਕਰਵਾ ਦਿੱਤੀ ਗਈ ਹੈ ਤਾਂਕਿ ਪੰਜਾਬ ਦੀ ਲੀਡਰਸ਼ਿਪ ਆਪਣੀਆਂ ਮੰਗਾਂ ਖ਼ੁਦ ਉਨ੍ਹਾਂ ਦੇ ਸਾਹਮਣੇ ਰੱਖ ਸਕਣ।

ਅਮਿਤ ਸ਼ਾਹ ਚੰਡੀਗੜ੍ਹ ਵਿਖੇ ਮਿਸ਼ਨ 2019 ਸਬੰਧੀ ਮੀਟਿੰਗਾਂ ਕਰਨ ਲਈ ਆਏ ਹੋਏ ਹਨ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਫਲੈਟ ‘ਚ  ਮੀਟਿੰਗ ਕੀਤੀ। ਜਿਥੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਣੇ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਹੋਰ ਲੀਡਰਸ਼ਿਪ ਨਾਲ ਗੱਲਬਾਤ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਲਈ ਕੁਝ ਨਾ ਕੁਝ ਐਲਾਨ ਕਰਨਗੇ।

ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਜਾ ਰਿਹਾ ਹੈ, ਜਿਥੇ ਕਿ ਪੰਜਾਬ ਦੇ ਮੁੱਦੇ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਨਰਾਜ਼ਗੀ ਦਾ ਸਮਾਂ ਨਹੀਂ ਹੈ, ਇਸ ਲਈ ਸਾਰੇ ਭਾਜਪਾ ਸਹਿਯੋਗੀ ਸਿਆਸੀ ਦਲਾਂ ਨੂੰ ਇਕੱਠੇ ਹੋ ਕੇ  ਮਿਸ਼ਨ 2019 ਦੀ ਤਿਆਰੀ ਵਿੱਚ ਜੁਟ ਜਾਣਾ ਚਾਹੀਦਾ ਹੈ ਕਿਉਂਕਿ ਹੁਣ ਸਮਾਂ ਕਾਫ਼ੀ ਜਿਆਦਾ ਘੱਟ ਰਹਿ ਗਿਆ ਹੈ।  ਇਥੇ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਭੂੰਦੜ ਨੇ ਕਿਹਾ ਕਿ ਸਾਨੂੰ 2 ਸਾਲ ਭਾਜਪਾ ਨੇ ਪੁੱਛਿਆ ਨਹੀਂ ਜਦੋਂਕਿ ਹੁਣ ਚੋਣਾਂ ਨੇੜੇ ਆਉਣ ਕਾਰਨ ਉਨ੍ਹਾਂ ਤੋਂ ਮਦਦ ਮੰਗੀ ਜਾ ਰਹੀਂ ਹੈ। ਉਨ੍ਹਾਂ ਕਿਹਾ ਹੁਣ ਪਤਾ ਨਹੀਂ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਿਵੇਂ ਯਾਦ ਆ ਗਈ ਹੈ।

ਭਾਜਪਾ ਲੀਡਰਾਂ ਨਾਲ ਕੀਤੀ ਮੁਲਾਕਾਤ, ਤਿਆਰੀ ਕਰਨ ਦੇ ਦਿੱਤੇ ਆਦੇਸ਼

ਅਮਿਤ ਸ਼ਾਹ ਨੇ ਅਕਾਲੀ ਲੀਡਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਦੀ ਕੌਰ ਕਮੇਟੀ ਅਤੇ ਲੀਡਰਾਂ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ 2019 ਦੀ ਤਿਆਰੀ ਵਿੱਚ ਜੁੱਟ ਜਾਣ ਲਈ ਕਹਿ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਹੁਣ ਸਮਾਂ ਬਹੁਤ ਹੀ ਜ਼ਿਆਦਾ ਘੱਟ ਰਹਿ ਗਿਆ ਹੈ ਤੇ ਉਹ ਪੰਜਾਬ ਵਿੱਚੋਂ 13 ਸੀਟਾਂ ‘ਤੇ ਹੀ ਭਾਜਪਾ ਅਤੇ ਉਸ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਦੀ ਜਿੱਤ ਚਾਹੁੰਦੇ ਹਨ, ਇਸ ਲਈ ਭਾਜਪਾ ਨੇ ਹੁਣ ਤੋਂ ਹੀ ਤਿਆਰੀ ਕਰਦੇ ਹੋਏ ਇੱਕਜੁਟਤਾ ਨਾਲ ਕੰਮ ਕਰਨਾ ਹੈ। ਉਨ੍ਹਾਂ ਕਈ ਗੁੱਟਾਂ ਵਿੱਚ ਵੰਡੀ ਹੋਈ ਭਾਜਪਾ ਦੇ ਲੀਡਰਾਂ ਨੂੰ ਵੀ ਨਸੀਹਤ ਦਿੰਦੇ ਹੋਏ 2019 ਤੱਕ ਇੱਕਜੁੱਟ ਹੋਣ ਲਈ ਕਿਹਾ।

ਹਾਕੀ ਖਿਡਾਰੀ ਬਲਬੀਰ ਸਿੰਘ ਤੇ ਮਿਲਖਾ ਸਿੰਘ ਨੂੰ ਮਿਲੇ ਅਮਿਤ ਸ਼ਾਹ

ਅਮਿਤ ਸ਼ਾਹ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਫਲੈਇੰਗ ਸਿੱਖ ਮਿਲਖਾ ਸਿੰਘ ਤੇ ਹਾਕੀ ਖਿਡਾਰੀ ਦਲਬੀਰ ਸਿੰਘ ਦੇ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਦੋਵਾਂ ਤੋਂ ਭਾਜਪਾ ਦੇ ਹੱਕ ‘ਚ ਸਹਿਯੋਗ ਮੰਗਿਆ ਦੋਵਾਂ ਮਹਾਨ ਖਿਡਾਰੀਆਂ ਨੂੰ ਭਾਜਪਾ ਚੋਣ ਮੈਦਾਨ ‘ਚ ਵੀ ਉਤਾਰ ਸਕਦੀ ਹੈ ਪਰ ਚੋਣ ਲੜਨ ਸਬੰਧੀ ਇਨ੍ਹਾਂ ਵੱਲੋਂ ਹੀ ਫੈਸਲਾ ਲਿਆ ਜਾਵੇਗਾ।