ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ

ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ ਤੇ ਅੰਗੀਠੀਆਂ ਦੀ

ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਅਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿੱਚ ਹਰ ਘਰ ਵਿਚ ਭਾਂਡੇ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ਕਾਰਨ ਬਾਹਰ ਦਾ ਤਾਪਮਾਨ ਕਈ ਵਾਰ ਬਹੁਤ ਹੇਠਾਂ ਚਲਾ ਜਾਂਦਾ ਹੈ। ਜਿਸ ਕਾਰਨ ਘਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਹੀਟਰਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਆਮ ਤੌਰ ’ਤੇ ਲੋਕ ਸਾਰੀ ਰਾਤ ਕਮਰੇ ਵਿੱਚ ਹੀਟਰ ਲਾ ਕੇ ਸੌਂਦੇ ਹਨ। ਜਿਸ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ ਕਿ ਕਮਰਿਆਂ ਵਿਚ ਹੀਟਰ ਅੰਗੀਠੀਆਂ ਬਾਲ ਕੇ ਕਈ ਪਰਿਵਾਰ ਸੌ ਜਾਂਦੇ ਹਨ ਤੇ ਉਹ ਸੁੱਤੇ ਹੀ ਰਹਿ ਜਾਂਦੇ ਹਨ।

ਕੁਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ 23 ਸਾਲਾ ਨੌਜਵਾਨ ਬਾਥਰੂਮ ਵਿੱਚ ਨਹਾ ਰਿਹਾ ਸੀ ਤੇ ਗੈਸ ਸਿਲੰਡਰ ਵਿੱਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ। ਦੇਖਣ ਵਿੱਚ ਵੀ ਆਉਂਦਾ ਹੈ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਦਿੱਤਾ ਹੈ। ਕਈ ਘੰਟੇ ਹੀਟਰ ਅਗੇ ਬੈਠੇ ਰਹਿੰਦੇ ਹਨ। ਸਰੀਰ ਨੂੰ ਗਰਮ ਕਰਕੇ ਜਿਸ ਤਰ੍ਹਾਂ ਬਾਹਰ ਨਿੱਕਲਦੇ ਹਾਂ, ਤਾਂ ਸਾਡੇ ਸਰੀਰ ਨੂੰ ਹਵਾ ਲੱਗ ਜਾਂਦੀ ਹੈ। ਕਿਉਂਕਿ ਬਾਹਰ ਦਾ ਤਾਪਮਾਨ ਘੱਟ ਹੁੰਦਾ ਹੈ। ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖਤਰਾ ਹੋ ਜਾਂਦਾ ਹੈ

ਜਿਸ ਨਾਲ ਡਰਾਈ ਆਈਸ ਦੀ ਸਮੱਸਿਆ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਂਜ ਤਾਂ ਹੀਟਰਾਂ ਬਲੋਅਰਾਂ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ। ਬਾਥਰੂਮ ਵਿਚ ਕਦੇ ਵੀ ਗੈਸ ਗੀਜਰ ਨਹੀਂ ਲਾਉਣਾ ਚਾਹੀਦਾ। ਹੋ ਸਕੇ ਤਾਂ ਤਾਜੇ ਪਾਣੀ ਨਾਲ ਹੀ ਘਰ ਦਾ ਕੰਮ-ਕਾਜ ਕਰਨਾ ਚਾਹੀਦਾ ਹੈ। ਨਹਾਉਣ ਲਈ ਵੀ ਤਾਜੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਅਕਸਰ ਆਮ ਹੀ ਕਿਹਾ ਜਾਂਦਾ ਹੈ ਕਿ ਜੇ ਗਰਮ ਪਾਣੀ ਨਾਲ ਨਹਾ ਕੇ ਬਾਹਰ ਜਾਂਦੇ ਹਾਂ ਤਾਂ ਬੁਖਾਰ ਹੋ ਜਾਂਦਾ ਹੈ। ਤਾਜੇ ਪਾਣੀ ਨਾਲ ਨਹਾ ਕੇ ਘਰੋਂ ਬਾਹਰ ਜਾਣ ਨਾਲ ਕੁਝ ਵੀ ਨਹੀਂ ਹੁੰਦਾ।ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ। ਸੋ ਹੀਟਰ, ਗੀਜਰ, ਅੰਗੀਠੀ ਦੀ ਸੋਚ-ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ