ਸੱਟਾਂ ਤੋਂ ਬਚੋ

ਸੱਟਾਂ ਤੋਂ ਬਚੋ

ਹਰ ਸਾਲ 5 ਜੁਲਾਈ ਨੂੰ ਨੈਸ਼ਨਲ ਇੰਜਰੀ (ਸੱਟ) ਬਚਾਅ ਦਿਵਸ ਮਨਾਇਆ ਜਾਂਦਾ ਹੈ। ਕਰੀਬਨ 70 ਫੀਸਦੀ ਲੋਕ, ਰੋਕਥਾਮ ਵਾਲੀ ਸੱਟ ਨਾਲ ਕਿਸੇ ਬਿਮਾਰੀ ਨਾਲੋਂ ਜ਼ਿਆਦਾ ਮੌਤ ਦਾ ਸ਼ਿਕਾਰ ਹੋ ਰਹੇ ਹਨ। 10 ਤੋਂ 19 ਸਾਲ ਦੀ ਉਮਰ ਵਿਚ ਬੱਚਿਆਂ ਨੂੰ ਖੇਡਣ ਦੌਰਾਨ ਸਿਰ ਦੀਆਂ ਸੱਟਾਂ ਲੱਗਦੀਆਂ ਹਨ। ਨੌਜਵਾਨ ਡਰਾਈਵਰ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਿਨ ਲੋਕਾਂ ਨੂੰ ਰੋਕਥਾਮ ਵਾਲੀਆਂ ਸੱਟਾਂ ਕਾਰਨ ਹੋਣ ਵਾਲੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ।

ਅਚਾਨਕ ਲੱਗ ਜਾਣ ਵਾਲੀਆਂ ਸੱਟਾਂ ਘਰ, ਆਫਿਸ, ਵੇਅਰਹਾਊਸ ’ਚ ਕੰਮ ਦੌਰਾਨ, ਸੈਰ ਕਰਦੇ ਹੋਏ, ਪਾਰਕ ਵਿਚ, ਡਰਾਈਵਿੰਗ ਦੌਰਾਨ ਅਪਾਹਜ਼, ਤਿਲ੍ਹਕਣ ਨਾਲ, ਖੇਡਾਂ ਖੇਡਦੇ ਹੋਏ, ਕਸਰਤ ਦੌਰਾਨ, ਵਗੈਰਾ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ ਸਾਵਧਾਨੀ ਵਰਤ ਕੇ।
ਜੇ ਘਰ ਵਿਚ ਛੋਟੇ ਬੱਚੇ ਹਨ ਤਾਂ ਘਰੇਲੂ ਕਲੀਨਰ ਜਿਵੇਂ ਲਾਂਡਰੀ-ਡਿਟਰਜੈਂਟ, ਬਲੀਚ, ਦਵਾਈਆਂ ਉਨ੍ਹਾਂ ਦੀ ਪਹੁੰਚ ਤੋਂ ਦੂਰ ਰੱਖੋ। ਬੱਚਿਆਂ ਨੂੰ ਉਮਰ ਦੇ ਮੁਤਾਬਿਕ ਸੇਫ ਖਿਡੌਣੇ ਦਿਓ ਤਾਂ ਕਿ ਅਣਚਾਹੀ ਸੱਟ, ਦਮ ਘੁਟਨ ਦੀ ਘਟਨਾ ਤੋਂ ਬਚਾਇਆ ਜਾ ਸਕੇ।

ਕਸਰਤ ਦੌਰਾਨ ਸੱਟ ਕਿਸੇ ਨੂੰ ਵੀ ਲੱਗ ਸਕਦੀ ਹੈ। ਤਜ਼ਰਬਾ ਘੱਟ ਹੋਣ ਵੇਲੇ ਵਰਕਆਊਟ ਦੀ ਸ਼ਰੂਆਤ ਟ੍ਰੇਨਰ ਦੀ ਨਿਗਰਾਨੀ ਹੇਠ ਕਰੋ ਤਾਂ ਕਿ ਸੱਟ ਤੋਂ ਬਚਾਅ ਹੋ ਸਕੇ। ਹਰ ਵਰਕਆਊਟ ਦੀ ਸ਼ੁਰੂਆਤ ਵਾਰਮ-ਅਪ ਤੋਂ ਹੁੰਦੀ ਹੈ। ਕਿਉਂਕਿ ਵਾਰਮ-ਅਪ ਹੌਲੀ-ਹੌਲੀ ਦਿਲ ਦੀ ਧੜਕਨ ਵਧਾ ਕੇ ਸਰੀਰ ਦੇ ਜੋੜਾਂ ਤੇ ਮਾਸਪੇਸ਼ੀਆਂ ਦੀ ਕਿਰਿਆ ਠੀਕ ਕਰਦਾ ਹੈ। 45 ਸਾਲ ਤੋਂ ਵੱਧ ਉਮਰ ਵਾਲੇ ਬਿਮਾਰੀ ਦੀ ਹਾਲਤ ਵਿਚ ਮਾਹਿਰ ਦੀ ਸਲਾਹ ਨਾਲ ਵਰਕਆਊਟ ਕਰਨ। ਲੋੜ ਤੋਂ ਵੱਧ ਵਰਕਆਊਟ ਜੋੜਾਂ ਦੀ ਬਿਮਾਰੀ ਦੇ ਸਕਦਾ ਹੈ।

ਵਜ਼ਨ ਘਟਾਉਣ ਲਈ ਕੋਈ ਵੀ ਗਤੀਵਿਧੀ ਜਾਂ ਕਸਰਤ ਦਾ ਪੱਧਰ ਹੌਲੀ-ਹੌਲੀ ਵਧਾਓ। ਲੋੜ ਤੋਂ ਵੱਧ ਗਤੀਵਿਧੀ ਸਰੀਰ ਨੂੰ ਥਕਾਵਟ ਤੇ ਕਮਜ਼ੋਰੀ ਦੇ ਸਕਦੀ ਹੈ। ਕਮਜੋਰੀ ਦੀ ਹਾਲਤ ਵਿਚ ਸੱਟ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣੀਆਂ ਸੀਮਾਵਾਂ ਨੂੰ ਜਾਣ ਕੇ ਹੀ ਅੱਗੇ ਵਧੋ। ਰੋਜ਼ ਦੀਆਂ ਅਣਚਾਹੀਆਂ ਸੱਟਾਂ ਤੋਂ ਬਚਾਅ ਲਈ ਬੱਚਿਆਂ ਨੂੰ ਹੈਲਮੇਟ, ਸਾਈਕਲ, ਸਕੂਟਰ, ਸਕੇਟ ਬੋਰਡ ਦੇਣ ਤੋਂ ਪਹਿਲਾਂ ਸੁਰੱਖਿਆ ਦੇ ਲਿਹਾਜ਼ ਨਾਲ ਪੂਰੀ ਟ੍ਰੇਨਿੰਗ ਜਰੂਰ ਦਿਓ। ਮਾਂ-ਬਾਪ ਨੂੰ ਆਪਣੇ ਬੱਚਿਆਂ ਦੀ ਉਮਰ ਮੁਤਾਬਿਕ ਸੀਟ ਬੈਲਟ ਅਤੇ ਕਾਰ ਸੀਟਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਬਜ਼ੁਰਗ ਜ਼ਿਆਦਾਤਰ ਸ਼ਾਵਰ ਲੈਣ ਵੇਲੇ, ਤਿਲ੍ਹਕਵੇਂ ਫਲੋਰ ਅਤੇ ਪੌੜੀਆਂ ਉੁਤਰਦੇ-ਚੜ੍ਹਦੇ ਹੋਏ ਅਣਚਾਹੀਆਂ ਸੱਟਾਂ ਦੇ ਸ਼ਿਕਾਰ ਹੋ ਜਾਂਦੇ ਹਨ। ਨਤੀਜੇ ਵਜੋਂ ਹਿੱਪ ਦਾ ਟੁੱਟ ਜਾਣਾ ਅਤੇ ਸਿਰ ਤੇ ਦਿਮਾਗ ਦੀਆਂ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਬਜ਼ੁਰਗਾਂ ਨੂੰ ਘਰ ਅੰਦਰ ਸੱਟਾਂ ਤੋਂ ਬਚਾਉਣ ਲਈ ਟਾਇਲੇਟ ਸੀਟ ਦੇ ਨੇੜੇ ਅਤੇ ਸ਼ਾਵਰ ਲੈਣ ਵੇਲੇ ਪ੍ਰੋਪਰ ਰੇਲਿੰਗ ਸੁਪੋਰਟ ਲੱਗੀ ਹੋਣੀ ਚਾਹੀਦੀ ਹੈ। ਸੇਫਟੀ ਲਈ ਤਿਲ੍ਹਕਣ ਵਾਲੀ ਟਾਈਲਜ਼ ਨਾ ਲਵਾਓ।

ਗਰਭਵਤੀ ਔਰਤਾਂ ਨੂੰ ਤੰਦਰੁਸਤ ਬੱਚੇ ਦੇ ਜਨਮ ਲਈ ਖੁਦ ਨੂੰ ਅਣਚਾਹੀਆਂ ਸੱਟਾਂ ਤੋਂ ਬਚਾਅ ਲਈ ਘਰ ਅੰਦਰ ਤੇ ਬਾਹਰ ਉੁਠਣ-ਬੈਠਣ, ਤੁਰਨ-ਫਿਰਨ ਅਤੇ ਡਰਾਈਵਿੰਗ ਦੌਰਾਨ ਆਪਣਾ ਖਾਸ ਖਿਆਲ ਰੱਖਣ। ਇਨਸਾਨ ਸਰੀਰ ਦੇ ਨਾਲ-ਨਾਲ ਲਗਾਤਾਰ ਕਲੇਸ਼ ਕਰਕੇ ਸਟ੍ਰੈਸ ਰਹਿਣਾ, ਲੋੜ ਤੋਂ ਵੱਧ ਗੁੱਸਾ, ਅੰਦਰੂਨੀ ਕਮਜ਼ੋਰੀ, ਕੋਈ ਸਦਮਾ, ਉਦਾਸੀ, ਫੋਬੀਆ ਵਗੈਰਾ ਇੱਕ ਕਿਸਮ ਦੀ ਮਨੋਵਿਗਿਆਨਕ ਸੱਟ ਹੀ ਹੈ। ਮਾਨਸਿਕ ਸੱਟ ਦੇ ਮਾੜੇ ਅਸਰ ਨੂੰ ਘੱਟ ਜਾਂ ਖਤਮ ਕਰਨ ਵਿਚ ਪਰਿਵਾਰ ਦੇ ਮੈਂਬਰਾਂ, ਦੋਸਤ, ਸਹਿਕਰਮੀ ਅਤੇ ਪ੍ਰੋਫੈਸ਼ਨਲ ਮੱਦਦ ਕਰਦੇ ਹਨ।

ਨੋਟ: ਗਰਭਵਤੀ ਔਰਤਾਂ ਦੀ ਸੱਟ ਬੱਚੇ ਲਈ ਖਤਰਾ ਪੈਦਾ ਕਰ ਸਕਦੀ ਹੈ। ਭਵਿੱਖ ਵਿਚ ਆਮ ਸੱਟ ਦੇ ਮਾੜੇ ਅਸਰ ਤੋਂ ਬਚਣ ਲਈ ਲਾਪ੍ਰਵਾਹੀ ਨਾ ਕਰਕੇ ਤੁਰੰਤ ਹਸਪਤਾਲ ਜਾਂ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਲਵੋ।
ਅਨਿਲ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ