Weather Forecast: ਮਾਨਸੂਨ 7 ਦਿਨਾਂ ਬਾਅਦ ਕੇਰਲ ਪਹੁੰਚੇਗਾ, ਤੂਫਾਨੀ ਹਵਾਵਾਂ ਨੇ ਸ਼੍ਰੀਲੰਕਾ ’ਚ ਰੋਕਿਆ
10 ਫੀਸਦੀ ਘੱਟ ਮੀਂਹ ਦੀ ਭਵਿੱਖਬਾਣੀ, ਜੂਨ ਤੇ ਜੁਲਾਈ ਵੀ ਚੱਲੇਗੀ ਹੀਟਵੇਵ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਮੌਨਸੂਨ ਦੇ ਆਉਣ ’ਚ ਦੇਰੀ ਹੋਈ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਸ਼੍ਰੀਲੰਕਾ ’ਚ ਘੱਟ ਦਬਾਅ ਤੇ ਤੂਫਾਨੀ ਹਵਾਵਾਂ ਕਾਰਨ, ਮਾਨਸੂਨ 7 ਦਿਨਾਂ ਬਾਅਦ ਹੀ ਕੇਰਲ ਤੱਟ ’ਤੇ ਪਹੁੰਚੇਗਾ। ਮਾਨਸੂਨ ਦੇ ਕੇਰਲ ਤੱਟ ’ਤੇ ਪਹੁੰਚਣ ਦੀ ਆਮ ਤਾਰੀਖ 1 ਜੂਨ ਹੈ। ਪਹਿਲਾਂ, ਮੌਸਮ ਵਿਭਾਗ ਨੇ 26 ਮਈ ਤੱਕ ਮੌਨਸੂਨ ਆਉਣ ਦੀ ਭਵਿੱਖਬਾਣੀ ਕੀਤੀ ਸੀ। ਇਸ ਤਰ੍ਹਾਂ, ਮੌਨਸੂਨ ਪਹਿਲਾਂ ਦੀ ਭਵਿੱਖਬਾਣੀ ਨਾਲੋਂ ਲਗਭਗ 10 ਦਿਨ ਬਾਅਦ ਦੇਸ਼ ’ਚ ਦਾਖਲ ਹੋਵੇਗਾ। ਇਸ ਸਾਲ ਮੀਂਹ ਵੀ ਆਮ ਨਾਲੋਂ ਘੱਟ ਹੀ ਪਵੇਗਾ।
ਮੌਸਮ ਵਿਭਾਗ ਨੇ 29 ਮਈ ਨੂੰ ਰਿਪੋਰਟ ਦਿੱਤੀ ਸੀ ਕਿ ਇਸ ਸਾਲ ਦੇਸ਼ ’ਚ ਔਸਤਨ 78 ਸੈਂਟੀਮੀਟਰ ਮੀਂਹ ਪੈ ਸਕਦਾ ਹੈ। 1971-2020 ਦੇ ਅੰਕੜਿਆਂ ਦੇ ਆਧਾਰ ’ਤੇ, ਦੇਸ਼ ’ਚ ਔਸਤਨ ਬਾਰਿਸ਼ 87 ਸੈਂਟੀਮੀਟਰ ਮੰਨੀ ਜਾਂਦੀ ਹੈ। ਪਹਿਲਾਂ, ਮੌਸਮ ਵਿਭਾਗ ਨੇ 13 ਅਪਰੈਲ ਨੂੰ 80 ਸੈਂਟੀਮੀਟਰ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਆਈਐਮਡੀ ਅਨੁਸਾਰ, ਜੂਨ ਤੇ ਜੁਲਾਈ ’ਚ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਬਿਹਾਰ, ਓਡੀਸ਼ਾ, ਛੱਤੀਸਗੜ੍ਹ, ਗੁਜਰਾਤ ਤੇ ਆਂਧਰਾ ਪ੍ਰਦੇਸ਼ ’ਚ ਗਰਮੀ ਦੀਆਂ ਲਹਿਰਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਤਾਪਮਾਨ ਆਮ ਤੌਰ ’ਤੇ 30-35 ਡਿਗਰੀ ਸੈਲਸੀਅਸ ਵਿਚਕਾਰ ਹੁੰਦਾ ਹੈ। ਇਸ ਵਾਰ ਤਾਪਮਾਨ 3 ਡਿਗਰੀ ਵੱਧ ਹੋਵੇਗਾ।
ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਜੂਨ ’ਚ ਵੀ ਘੱਟ ਹੀ ਪਵੇਗਾ ਮੀਂਹ
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਵਿੱਚ ਜੂਨ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ। ਮਹਾਰਾਸ਼ਟਰ, ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸਿਆਂ ’ਚ ਆਮ ਬਾਰਿਸ਼ ਹੋਣ ਦੀ ਉਮੀਦ ਹੈ।