Heart Attack vs Cardiac Arrest: ਹਾਰਟ ਅਟੈਕ ਤੇ ਕਾਰਡੀਅਕ ਅਰੈਸਟ ’ਚ ਫਰਕ ਨੂੰ ਪਛਾਣੋ

ਹਾਰਟ ਅਟੈਕ ਤੇ ਕਾਰਡੀਅਕ ਅਰੈਸਟ ’ਚ ਫਰਕ ਨੂੰ ਪਛਾਣੋ  

Khushdeep Singh Picture
Published On

ਹਾਰਟ ਅਟੈਕ ਤੇ ਕਾਰਡੀਅਕ ਅਰੈਸਟ ਨੂੰ ਅਕਸਰ ਇੱਕੋ-ਜਿਹਾ ਸਮਝ ਲਿਆ ਜਾਂਦਾ ਹੈ, ਜਦੋਂਕਿ ਦੋਵੇਂ ਵੱਖ-ਵੱਖ ਸਥਿਤੀਆਂ ਹਨ। ਹਾਰਟ ਅਟੈਕ ’ੱਚ ਦਿਲ ਦੇ ਕਿਸੇ ਹਿੱਸੇ ਤੱਕ ਖੂਨ ਪਹੁੰਚਾਉਣ ਵਾਲੀ ਨਾੜੀ ਬਲੌਕ ਹੋ ਜਾਂਦੀ ਹੈ, ਜਿਸ ਨਾਲ ਉਸ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਆਕਸੀਜ਼ਨ ਨਹੀਂ ਮਿਲਦੀ। ਉੱਥੇ ਹੀ ਕਾਰਡੀਅਕ ਅਰੈਸਟ ’ਚ ਦਿਲ ਦੀ ਗਤੀਵਿਧੀ ’ਚ ਗੜਬੜੀ ਕਾਰਨ ਦਿਲ ਅਚਾਨਕ ਧੜਕਣਾ ਤੇ ਸਰੀਰ ਵਿੱਚ ਖੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ। ਹਾਰਟ ਅਟੈਕ ਦੌਰਾਨ ਆਮ ਤੌਰ ’ਤੇ ਦਿਲ ਧੜਕਦਾ ਰਹਿੰਦਾ ਹੈ, ਜਦਕਿ ਕਾਰਡੀਅਕ ਅਰੈਸਟ ਵਿੱਚ ਵਿਅਕਤੀ ਅਚਾਨਕ ਬੇਹੋਸ਼ ਹੋ ਸਕਦਾ ਹੈ ਅਤੇ ਆਮ ਤਰੀਕੇ ਨਾਲ ਸਾਹ ਨਹੀਂ ਆਉਂਦਾ। ਹਾਰਟ ਅਟੈਕ ਕਾਰਡੀਅਕ ਅਰੈਸਟ ਦਾ ਇੱਕ ਕਾਰਨ ਹੋ ਸਕਦਾ ਹੈ, ਪਰ ਹਰ ਹਾਰਟ ਅਟੈਕ ਤੋਂ ਬਾਅਦ ਕਾਰਡੀਅਕ ਅਰੈਸਟ ਹੋਵੇ, ਅਜਿਹਾ ਨਹੀਂ ਹੈ। ਦੋਵਾਂ ਹੀ ਸਥਿਤੀਆਂ ਵਿੱਚ ਤੁਰੰਤ ਮੈਡੀਕਲ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ।  

ਹਾਰਟ ਅਟੈਕ: ਨਾੜੀ ’ਚ ਰੁਕਾਵਟ ਨਾਲ ਪ੍ਰਭਾਵਿਤ ਹੁੰਦਾ ਹੈ ਦਿਲ

ਹਾਰਟ ਅਟੈਕ ਉਦੋਂ ਹੁੰਦਾ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਪਹੁੰਚਾਉਣ ਵਾਲੀ ਕਿਸੇ ਮੁੱਖ ਨਾੜੀ ਵਿੱਚ ਰੁਕਾਵਟ ਆ ਜਾਂਦੀ ਹੈ। ਇਸ ਨਾਲ ਦਿਲ ਦੇ ਇੱਕ ਹਿੱਸੇ ਨੂੰ ਲੋੜੀਂਦੀ ਆਕਸੀਜ਼ਨ ਨਹੀਂ ਮਿਲਦੀ ਅਤੇ ਸਮਾਂ ਬੀਤਣ ਨਾਲ ਉਸ ਹਿੱਸੇ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਸਕਦਾ ਹੈ। ਇਸ ਦੇ ਸੰਕੇਤ ਅਚਾਨਕ ਦਿਖਾਈ ਦੇ ਸਕਦੇ ਹਨ ਜਾਂ ਹੌਲੀ-ਹੌਲੀ ਸ਼ੁਰੂ ਹੋ ਕੇ ਕੁਝ ਸਮੇਂ ਤੱਕ ਬਣੇ ਰਹਿ ਸਕਦੇ ਹਨ। ਛਾਤੀ ਵਿੱਚ ਦਰਦ ਜਾਂ ਦਬਾਅ, ਸਰੀਰ ਦੇ ਉੱਪਰਲੇ ਹਿੱਸੇ ਵਿੱਚ ਬੇਅਰਾਮੀ, ਸਾਹ ਲੈਣ ਵਿੱਚ ਦਿੱਕਤ, ਠੰਢਾ ਪਸੀਨਾ, ਜੀ ਕੱਚਾ ਹੋਣਾ ਜਾਂ ਉਲਟੀ ਵਰਗੇ ਲੱਛਣ ਹੋ ਸਕਦੇ ਹਨ। ਔਰਤਾਂ, ਬਜ਼ੁਰਗਾਂ ਤੇ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਲੱਛਣ ਵੱਖਰੇ ਜਾਂ ਘੱਟ ਸਪੱਸ਼ਟ ਹੋ ਸਕਦੇ ਹਨ।

ਕਾਰਡੀਅਕ ਅਰੈਸਟ: ਅਚਾਨਕ ਰੁਕ ਜਾਂਦਾ ਹੈ ਦਿਲ ਦਾ ਪੰਪ

ਕਾਰਡੀਅਕ ਅਰੈਸਟ ਵਿੱਚ ਦਿਲ ਦੀ ਗਤੀਵਿਧੀ ਵਿੱਚ ਅਚਾਨਕ ਗੜਬੜੀ ਹੋਣ ਨਾਲ ਦਿਲ ਪ੍ਰਭਾਵਸ਼ਾਲੀ ਤਰੀਕੇ ਨਾਲ ਪੰਪ ਕਰਨਾ ਬੰਦ ਕਰ ਦਿੰਦਾ ਹੈ। ਇਸ ਨਾਲ ਦਿਮਾਗ ਅਤੇ ਸਰੀਰ ਦੇ ਦੂਜੇ ਜ਼ਰੂਰੀ ਅੰਗਾਂ ਤੱਕ ਖੂਨ ਤੇ ਆਕਸੀਜ਼ਨ ਦੀ ਸਪਲਾਈ ਰੁਕ ਜਾਂਦੀ ਹੈ। ਵਿਅਕਤੀ ਅਚਾਨਕ ਬੇਹੋਸ਼ ਹੋ ਸਕਦਾ ਹੈ, ਪ੍ਰਤੀਕਿਰਿਆ ਦੇਣਾ ਬੰਦ ਕਰ ਸਕਦਾ ਹੈ ਅਤੇ ਆਮ ਸਾਹ ਨਹੀਂ ਲੈ ਪਾਉਂਦਾ। ਕੁਝ ਮਾਮਲਿਆਂ ਵਿੱਚ ਸਿਰਫ਼ ਹੰਭਣ ਵਰਗੇ ਸਾਹ ਦਿਖਾਈ ਦੇ ਸਕਦੇ ਹਨ। ਇਹ ਮੈਡੀਕਲ ਐਮਰਜੈਂਸੀ ਹੈ, ਜਿਸ ਵਿੱਚ ਹਰ ਸਕਿੰਟ ਮਹੱਤਵਪੂਰਨ ਹੁੰਦਾ ਹੈ। ਤੁਰੰਤ ਐਮਰਜੈਂਸੀ ਸਹਾਇਤਾ ਬੁਲਾਉਣ, ਸੀਪੀਆਰ ਸ਼ੁਰੂ ਕਰਨ ਤੇ ਉਪਲੱਬਧ ਹੋਣ ’ਤੇ ਏਈਡੀ ਦੀ ਵਰਤੋਂ ਕਰਨ ਨਾਲ ਬਚਣ ਦੀ ਸੰਭਾਵਨਾ ਵਧ ਸਕਦੀ ਹੈ।  

ਫਰਕ: ਇਸ ਤਰੀਕੇ ਨਾਲ ਪਛਾਣੋ ਦੋਵਾਂ ਸਥਿਤੀਆਂ ਨੂੰ

ਹਾਰਟ ਅਟੈਕ ਅਤੇ ਕਾਰਡੀਅਕ ਅਰੈਸਟ ਵਿਚਕਾਰ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਹਾਰਟ ਅਟੈਕ ਮੁੱਖ ਤੌਰ ’ਤੇ ਖੂਨ ਦੇ ਵਹਾਅ ਵਿੱਚ ਰੁਕਾਵਟ ਨਾਲ ਜੁੜਿਆ ਹੁੰਦਾ ਹੈ, ਜਦਕਿ ਕਾਰਡੀਅਕ ਅਰੈਸਟ ਵਿੱਚ ਦਿਲ ਦੀ ਪੰਪਿੰਗ ਅਚਾਨਕ ਬੰਦ ਹੋ ਜਾਂਦੀ ਹੈ। ਹਾਰਟ ਅਟੈਕ ਵਿੱਚ ਵਿਅਕਤੀ ਆਮ ਤੌਰ ’ਤੇ ਹੋਸ਼ ਵਿੱਚ ਰਹਿੰਦਾ ਹੈ ਅਤੇ ਦਿਲ ਧੜਕਦਾ ਰਹਿੰਦਾ ਹੈ, ਹਾਲਾਂਕਿ ਉਸ ਨੂੰ ਛਾਤੀ ਵਿੱਚ ਦਰਦ ਜਾਂ ਹੋਰ ਲੱਛਣ ਹੋ ਸਕਦੇ ਹਨ। ਕਾਰਡੀਅਕ ਅਰੈਸਟ ਵਿੱਚ ਵਿਅਕਤੀ ਅਚਾਨਕ ਬੇਹੋਸ਼ ਹੋ ਕੇ ਪ੍ਰਤੀਕਿਰਿਆ ਦੇਣਾ ਬੰਦ ਕਰ ਸਕਦਾ ਹੈ ਅਤੇ ਆਮ ਸਾਹ ਨਹੀਂ ਲੈਂਦਾ। ਹਾਰਟ ਅਟੈਕ ਕਾਰਡੀਅਕ ਅਰੈਸਟ ਦਾ ਇੱਕ ਕਾਰਨ ਹੋ ਸਕਦਾ ਹੈ, ਪਰ ਦੋਵੇਂ ਸਥਿਤੀਆਂ ਇੱਕੋ-ਜਿਹੀਆਂ ਨਹੀਂ ਹਨ।  

ਐਮਰਜੈਂਸੀ ’ਚ ਹਰ ਮਿੰਟ ਕੀਮਤੀ
  • ਛਾਤੀ ਵਿੱਚ ਦਰਦ, ਸਾਹ ਫੁੱਲਣਾ ਜਾਂ ਹਾਰਟ ਅਟੈਕ ਦੇ ਹੋਰ ਨਵੇਂ ਲੱਛਣ ਦਿਸਣ ’ਤੇ ਤੁਰੰਤ ਸਥਾਨਕ ਐਮਰਜੈਂਸੀ ਸੇਵਾ ਨਾਲ ਸੰਪਰਕ ਕਰੋ।
  • ਵਿਅਕਤੀ ਅਚਾਨਕ ਬੇਹੋਸ਼ ਹੋ ਜਾਵੇ ਤੇ ਆਮ ਸਾਹ ਨਾ ਲੈ ਰਿਹਾ ਹੋਵੇ ਤਾਂ ਤੁਰੰਤ ਐਮਰਜੈਂਸੀ ਮੱਦਦ ਬੁਲਾਓ ਅਤੇ ਸੀਪੀਆਰ ਸ਼ੁਰੂ ਕਰੋ।
  • ਆਸ-ਪਾਸ ਏਈਡੀ ਉਪਲੱਬਧ ਹੋਵੇ ਤਾਂ ਉਸ ਨੂੰ ਜ਼ਲਦੀ ਤੋਂ ਜ਼ਲਦੀ ਲਿਆਓ ਅਤੇ ਡਿਵਾਈਸ ਦੇ ਨਿਰਦੇਸ਼ਾਂ ਅਨੁਸਾਰ ਵਰਤੋਂ ਕਰੋ।
  • ਜੇਕਰ ਦੋ ਲੋਕ ਮੱਦਦ ਕਰ ਰਹੇ ਹਨ ਤਾਂ ਇੱਕ ਵਿਅਕਤੀ ਸੀਪੀਆਰ ਕਰੇ ਅਤੇ ਦੂਜਾ ਐਮਰਜੈਂਸੀ ਸੇਵਾ ਤੇ ਏਈਡੀ ਦਾ ਪ੍ਰਬੰਧ ਕਰੇ।
  • ਹਾਰਟ ਅਟੈਕ ਦਾ ਸ਼ੱਕ ਹੋਣ ’ਤੇ ਖੁਦ ਵਾਹਨ ਚਲਾ ਕੇ ਹਸਪਤਾਲ ਜਾਣ ਦੀ ਬਜਾਏ ਸੰਭਵ ਹੋਵੇ ਤਾਂ ਐਂਬੂਲੈਂਸ ਦੀ ਮੱਦਦ ਲਓ।

About The Author

Related Posts