Child Shy Behavior: ਬੱਚੇ ਦਾ ਸੰਗਾਊ ਸੁਭਾਅ, ਮਾਤਾ-ਪਿਤਾ ਲਈ ਚਿੰਤਾ

ਬੱਚੇ ਦਾ ਸੰਗਾਊ ਸੁਭਾਅ: ਮਾਤਾ-ਪਿਤਾ ਲਈ ਚਿੰਤਾ

Khushdeep Singh Picture
Published On

ਬੱਚਿਆਂ ਦਾ ਸ਼ਰਮਾਕਲ ਹੋਣਾ ਅਕਸਰ ਉਨ੍ਹਾਂ ਦੇ ਸੁਭਾਅ ਦਾ ਆਮ ਹਿੱਸਾ ਹੁੰਦਾ ਹੈ। ਕੁਝ ਬੱਚੇ ਨਵੇਂ ਲੋਕਾਂ, ਥਾਵਾਂ ਜਾਂ ਹਾਲਾਤਾਂ ਵਿੱਚ ਜਲਦੀ ਘੁਲ-ਮਿਲ ਜਾਂਦੇ ਹਨ, ਜਦਕਿ ਕੁਝ ਨੂੰ ਸਹਿਜ਼ ਹੋਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ। ਹਾਲਾਂਕਿ, ਜਦੋਂ ਝਿਜਕ ਇੰਨੀ ਵਧ ਜਾਵੇ ਕਿ ਬੱਚਾ ਗੱਲਬਾਤ, ਪੜ੍ਹਾਈ, ਖੇਡਾਂ ਜਾਂ ਸਮਾਜਿਕ ਗਤੀਵਿਧੀਆਂ ਤੋਂ ਦੂਰ ਰਹਿਣ ਲੱਗ ਜਾਵੇ, ਤਾਂ ਇਸ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਪਰਿਵਾਰ ਦਾ ਮਾਹੌਲ, ਪਾਲਣ-ਪੋਸ਼ਣ, ਸਮਾਜਿਕ ਤਜ਼ਰਬੇ ਅਤੇ ਬੱਚੇ ਦਾ ਸੁਭਾਅ ਇਸ ਪਿੱਛੇ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸੁਭਾਅ ਵਿੱਚ ਲੁਕੇ ਕਾਰਨ

ਕੁਝ ਬੱਚੇ ਜਨਮ ਤੋਂ ਹੀ ਸ਼ਾਂਤ ਅਤੇ ਸੰਵੇਦਨਸ਼ੀਲ ਸੁਭਾਅ ਦੇ ਹੁੰਦੇ ਹਨ। ਪਰਿਵਾਰ ਵਿੱਚ ਸ਼ਰਮਾਕਲ ਵਿਹਾਰ ਦਾ ਰੁਝਾਨ ਹੋਣ ’ਤੇ ਉਸ ਦਾ ਅਸਰ ਬੱਚੇ ਦੇ ਵਿਹਾਰ ਵਿੱਚ ਵੀ ਦਿਖਾਈ ਦੇ ਸਕਦਾ ਹੈ। ਕੁਝ ਬੱਚਿਆਂ ਦਾ ਨਰਵਸ ਸਿਸਟਮ ਨਵੇਂ ਲੋਕਾਂ ਅਤੇ ਹਾਲਾਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਉਹ ਅਣਜਾਣ ਮਾਹੌਲ ਵਿੱਚ ਜ਼ਲਦੀ ਸਹਿਜ਼ ਨਹੀਂ ਹੋ ਪਾਉਂਦੇ। ਅਜਿਹੇ ਬੱਚੇ ਇਹ ਜ਼ਰੂਰੀ ਨਹੀਂ ਕਿ ਆਤਮ-ਵਿਸ਼ਵਾਸ ਦੀ ਕਮੀ ਨਾਲ ਜੂਝ ਰਹੇ ਹੋਣ, ਸਗੋਂ ਉਨ੍ਹਾਂ ਨੂੰ ਹਾਲਾਤਾਂ ਨੂੰ ਸਮਝਣ ਅਤੇ ਉਨ੍ਹਾਂ ਵਿੱਚ ਘੁਲਣ-ਮਿਲਣ ਲਈ ਥੋੜ੍ਹਾ ਵਧੇਰੇ ਸਮਾਂ ਚਾਹੀਦਾ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਸ਼ਾਂਤ ਸੁਭਾਅ ਨੂੰ ਤੁਰੰਤ ਕਮਜ਼ੋਰੀ ਮੰਨਣਾ ਠੀਕ ਨਹੀਂ ਹੈ।

ਇਹ ਵੀ ਪੜ੍ਹੋ : Punjab News: ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਪਰਵਰਿਸ਼ ਵੀ ਪਾਉਂਦੀ ਹੈ ਅਸਰ | Child Shy Behavior

ਮਾਤਾ-ਪਿਤਾ ਦਾ ਵਿਹਾਰ ਬੱਚੇ ਦੇ ਆਤਮ-ਵਿਸ਼ਵਾਸ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦਾ ਹੈ। ਲੋੜ ਤੋਂ ਵੱਧ ਸੁਰੱਖਿਆ ਦੇਣ ’ਤੇ ਬੱਚਾ ਨਵੇਂ ਤਜ਼ਰਬਿਆਂ ਤੋਂ ਬਚਣ ਲੱਗ ਸਕਦਾ ਹੈ। ਇਸੇ ਤਰ੍ਹਾਂ ਵਾਰ-ਵਾਰ ਦੂਜੇ ਬੱਚਿਆਂ ਨਾਲ ਤੁਲਨਾ ਕਰਨਾ, ਉਸ ਦੀਆਂ ਕਮੀਆਂ ਨੂੰ ਸਾਹਮਣੇ ਲਿਆਉਣਾ ਜਾਂ ਬਹੁਤ ਸਖ਼ਤ ਅਨੁਸ਼ਾਸਨ ਰੱਖਣਾ ਉਸ ਨੂੰ ਆਪਣੀ ਗੱਲ ਕਹਿਣ ਵਿੱਚ ਝਿਜਕਣ ਵਾਲਾ ਬਣਾ ਸਕਦਾ ਹੈ। ਜੇ ਬੱਚਾ ਲਗਾਤਾਰ ਇਹ ਮਹਿਸੂਸ ਕਰੇ ਕਿ ਉਸ ਤੋਂ ਗਲਤੀ ਹੋਣ ’ਤੇ ਉਸ ਨੂੰ ਝਿੜਕ ਮਿਲੇਗੀ, ਤਾਂ ਉਹ ਹੌਲੀ-ਹੌਲੀ ਸਮਾਜਿਕ ਹਾਲਾਤਾਂ ਤੋਂ ਪਿੱਛੇ ਹਟ ਸਕਦਾ ਹੈ। ਇਸ ਦੀ ਬਜਾਏ ਉਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨਾ ਅਤੇ ਗਲਤੀਆਂ ਨੂੰ ਸਿੱਖਣ ਦਾ ਮੌਕਾ ਮੰਨਣਾ ਉਸ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰ ਸਕਦਾ ਹੈ।

ਬੱਚਿਆਂ ਦਾ ਆਤਮ-ਵਿਸ਼ਵਾਸ ਵਧਾਉਣ ਦੇ ਤਰੀਕੇ

ਬੱਚੇ ਨੂੰ ਸ਼ਰਮਾਕਲ ਕਹਿ ਕੇ ਉਸ ਦੀ ਪਛਾਣ ਤੈਅ ਕਰਨ ਦੀ ਬਜਾਏ ਉਸ ਨੂੰ ਸੁਰੱਖਿਅਤ ਅਤੇ ਪਿਆਰ ਭਰਿਆ ਮਾਹੌਲ ਦੇਣਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਉਸ ਦੀਆਂ ਛੋਟੀਆਂ ਉਪਲੱਬਧੀਆਂ ਦੀ ਪ੍ਰਸੰਸਾ ਕਰੋ ਅਤੇ ਬਿਨਾਂ ਦਬਾਅ ਦੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਮੌਕੇ ਦਿਓ। ਸ਼ੁਰੂਆਤ ਛੋਟੇ ਸਮੂਹਾਂ ਤੋਂ ਕੀਤੀ ਜਾ ਸਕਦੀ ਹੈ, ਫਿਰ ਹੌਲੀ-ਹੌਲੀ ਵੱਡੇ ਸਮੂਹਾਂ ਵੱਲ ਵਧਾਇਆ ਜਾ ਸਕਦਾ ਹੈ। ਬੱਚੇ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ ਉਸ ਦੀਆਂ ਖੂਬੀਆਂ ’ਤੇ ਧਿਆਨ ਦਿਓ ਅਤੇ ਉਸ ਨੂੰ ਆਪਣੀ ਗੱਲ ਪੂਰੀ ਕਰਨ ਦਾ ਸਮਾਂ ਦਿਓ। ਜੇ ਬਹੁਤ ਜ਼ਿਆਦਾ ਝਿਜਕ ਕਾਰਨ ਉਹ ਸਕੂਲ, ਦੋਸਤੀ ਜਾਂ ਰੋਜ਼ਮਰ੍ਹਾ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਪਰੇਸ਼ਾਨੀ ਮਹਿਸੂਸ ਕਰ ਰਿਹਾ ਹੈ, ਤਾਂ ਬਾਲ ਮਨੋਵਿਗਿਆਨੀ ਦੀ ਸਲਾਹ ਲੈਣਾ ਲਾਭਦਾਇਕ ਹੋ ਸਕਦਾ ਹੈ।

ਮਾਹੌਲ ਵਧਾ ਸਕਦੈ ਝਿਜਕ | Child Shy Behavior

ਨਵਾਂ ਸਕੂਲ, ਘਰ ਬਦਲਣਾ, ਨਵੇਂ ਦੋਸਤਾਂ ਵਿੱਚ ਜਾਣਾ ਜਾਂ ਵਾਰ-ਵਾਰ ਬਦਲਦੇ ਹਾਲਾਤ ਵੀ ਬੱਚੇ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕਦੇ ਹਨ। ਸਕੂਲ ਵਿੱਚ ਬੁਲਿੰਗ ਜਾਂ ਕਿਸੇ ਕਿਸਮ ਦਾ ਭੇਦਭਾਵ ਮਹਿਸੂਸ ਹੋਣ ’ਤੇ ਬੱਚਾ ਲੋਕਾਂ ਤੋਂ ਦੂਰੀ ਬਣਾਉਣ ਲੱਗ ਸਕਦਾ ਹੈ। ਸਿਹਤ ਸਬੰਧੀ ਪਰੇਸ਼ਾਨੀਆਂ ਜਾਂ ਬੋਲਣ ਵਿੱਚ ਮੁਸ਼ਕਲ ਵੀ ਸਮਾਜਿਕ ਗੱਲਬਾਤ ਨੂੰ ਔਖਾ ਬਣਾ ਸਕਦੀਆਂ ਹਨ। ਅਜਿਹੇ ਤਜ਼ਰਬਿਆਂ ਤੋਂ ਬਾਅਦ ਬੱਚੇ ਦਾ ਚੁੱਪ ਰਹਿਣਾ ਸਿਰਫ਼ ਸੰਗਾਊ ਸੁਭਾਅ ਨਹੀਂ, ਬਲਕਿ ਅਸਹਿਜ਼ਤਾ ਜਾਂ ਡਰ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਉਸ ਦੇ ਵਿਹਾਰ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿਹੜੇ ਹਾਲਾਤਾਂ ਵਿੱਚ ਸਭ ਤੋਂ ਵੱਧ ਸੰਕੋਚ ਕਰਦਾ ਹੈ। 

ਏਜੰਸੀ

About The Author

Related Posts