ਕਿਸਾਨਾਂ ਦੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਨੇ ਹਜ਼ਾਰਾਂ ਯਾਤਰੀ ਕੀਤੇ ਪ੍ਰੇਸ਼ਾਨ

Farmers Protest
ਲੁਧਿਆਣਾ ਵਿਖੇ ਰੇਲਵੇ ਸਟੇਸ਼ਨ ’ਤੇ ਅਚਾਨਕ ਰੱਦ ਹੋਈਆਂ ਟੈ੍ਰਨਾਂ ਤੋਂ ਬਾਅਦ ਬੈਠੇ ਹੋਏ ਯਾਤਰੂ।

ਜਲੰਧਰ- ਲੁਧਿਆਣਾ ਮੁੱਖ ਮਾਰਗ ’ਤੇ ਸੜਕੀ ਆਵਾਜਾਈ ਤੋਂ ਬਾਅਦ ਕਿਸਾਨਾਂ ਨੇ ਰੋਕੇ ਰੇਲਵੇ ਟੈ੍ਰਕ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਪਣੀਆਂ ਮੰਗਾਂ ਸਬੰਧੀ ਕਿਸਾਨਾਂ ਵੱਲੋਂ ਸਰਕਾਰ ਖਿਲਾਫ਼ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਆਮ ਲੋਕਾਂ ਲਈ ਮੁਸੀਬਤਾਂ ਨੂੰ ਜਨਮ ਦੇ ਰਿਹਾ ਹੈ। ਜਲੰਧਰ-ਲੁਧਿਆਣਾ ਮਾਰਗ ’ਤੇ ਸੜਕੀ ਆਵਾਜਾਈ ਠੱਪ ਕੀਤੇ ਜਾਣ ਤੋਂ ਬਾਅਦ ਅੱਜ ਕਿਸਾਨਾਂ ਵੱਲੋਂ ਜਲੰਧਰ ਵਿਖੇ ਰੇਲਵੇ ਟੈ੍ਰਕ ਵੀ ਜਾਮ ਕਰ ਦਿੱਤੇ ਗਏ ਜਿਸ ਕਾਰਨ ਐਮਰਜੈਂਸੀ ਹਾਲਤ ’ਚ ਰੇਲਵੇ ਨੂੰ ਦੋ ਟੇ੍ਰਨਾਂ ਲੁਧਿਆਣਾ ਸਟੇਸ਼ਨ ’ਤੇ ਹੀ ਰੋਕਣੀਆਂ ਪਈਆਂ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪਿਆ।

ਯਾਤਰੀਆਂ ਨੇ ਖੱਜ਼ਲ-ਖੁਆਰ ਹੁੰਦਿਆਂ ਪ੍ਰਦਰਸ਼ਨਕਾਰੀਆਂ ਖਿਲਾਫ਼ ਜੰਮਕੇ ਭੜਾਸ ਕੱਢੀ

ਆਪਣੀ ਮੰਜ਼ਿਲ ਲਈ ਪੂਰਾ ਭਾੜਾ ਕਰਕੇ ਸਫ਼ਰ ਕਰ ਰਹੇ ਯਾਤਰੀਆਂ ਨੂੰ ਜਿਉਂ ਹੀ ਪਤਾ ਲੱਗਾ ਕਿ ਉਹ ਜਿਸ ਟੇ੍ਰਨ ’ਚ ਸਫ਼ਰ ਕਰ ਰਹੇ ਹਨ, ਉਹ ਅਚਾਨਕ ਹੀ ਲੁਧਿਆਣਾ ਸਟੇਸ਼ਨ ’ਤੇ ਰੋਕ ਦਿੱਤੀ ਗਈ ਹੈ ਤਾਂ ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਅੱਪੜਣ ਲਈ ਅਨੇਕਾਂ ਹੱਥ- ਪੈਰ ਮਾਰਨੇ ਪਏ। ਗੱਡੀਆਂ ਨੂੰ ਅਚਾਨਕ ਹੀ ਰੱਦ ਕੀਤੇ ਜਾਣ ਕਾਰਨ ਰੇਲਵੇ ਸਟੇਸ਼ਨ ਲੁਧਿਆਣਾ ’ਤੇ ਹਜ਼ਾਰਾਂ ਯਾਤਰੀਆਂ ਨੇ ਖੱਜ਼ਲ-ਖੁਆਰ ਹੁੰਦਿਆਂ ਪ੍ਰਦਰਸ਼ਨਕਾਰੀਆਂ ਖਿਲਾਫ਼ ਜੰਮਕੇ ਭੜਾਸ ਕੱਢੀ। (Farmers Protest)

ਯਾਤਰੀਆਂ ’ਚ ਰੋਸ ਸੀ ਕਿ ਕਿਸਾਨਾਂ ਨੂੰ ਜੇਕਰ ਸਰਕਾਰ ਨਾਲ ਨਰਾਜ਼ਗੀ ਹੈ ਤਾਂ ਉਨ੍ਹਾਂ ਨੂੰ ਆਮ ਲੋਕਾਂ ਨੂੰ ਤੰਗ- ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਇੱਕ ਪਾਸੇ ਜਿੱਥੇ ਉਨ੍ਹਾਂ ਦਾ ਆਰਥਿਕ ਤੌਰ ’ਤੇ ਨੁਕਸਾਨ ਹੋਇਆ ਹੈ, ਉੱਥੇ ਹੀ ਉਨ੍ਹਾਂ ਦਾ ਸਮਾਂ ਵੀ ਬਰਬਾਦ ਹੋਇਆ ਹੈ। ਜਾਣਕਾਰੀ ਮੁਤਾਬਕ ਰੇਲਵੇ ਟੈ੍ਰਕ ਬੰਦ ਹੁੰਦੇ ਹੀ ਅੰਮਿ੍ਰਤਸਰ ਤੋਂ ਦਿੱਲੀ ਚੱਲਣ ਵਾਲੀ ਸ਼ਤਾਬਦੀ (12032) ਸ਼ਾਮ ਨੂੰ ਲੁਧਿਆਣਾ ਤੋਂ ਰਵਾਨਾ ਹੋਵੇਗੀ। ਦਿੱਲੀ ਤੋਂ ਆਈ ਸ਼ਤਾਬਦੀ (12031) ਨੂੰ ਫਗਵਾੜਾ ਵਿਖੇ ਰੋਕ ਦਿੱਤਾ ਗਿਆ ਹੈ ਜਿਸ ਕਾਰਨ ਅੰਮਿ੍ਰਤਸਰ ਜਾਣ ਵਾਲੇ ਯਾਤਰੀ ਪ੍ਰੇਸ਼ਾਨ ਹੋਏ। (Farmers Protest)

ਇਸੇ ਤਰ੍ਹਾਂ ਦਿੱਲੀ ਤੋਂ ਅੰਮਿ੍ਰਤਸਰ ਆਉਣ ਵਾਲੀ ਸ਼ਾਨ- ਏ- ਪੰਜਾਬ (12497) ਨੂੰ ਲੁਧਿਆਣਾ ਵਿਖੇ ਹੀ ਖੜ੍ਹਾ ਦਿੱਤਾ ਗਿਆ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਇਸ ਟੈ੍ਰਕ ’ਤੇ ਹਰ 24 ਘੰਟਿਆਂ ’ਚ 120 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਜਿਸ ਤਹਿਤ 40 ਟੇ੍ਰਨਾਂ ਰਵਾਨਾ ਹੋਈਆਂ, ਜਿੰਨ੍ਹਾਂ ’ਚੋਂ 80 ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਡਾਇਵਰਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਕੋਦਰ ਤੋਂ ਫਗਵਾੜਾ ਦੇ ਰਸਤਿਓਂ ਆਪਣੀ ਮੰਜ਼ਿਲ ਵੱਲ ਨੂੰ ਜਾਣਗੀਆਂ।

ਇਹ ਵੀ ਪੜ੍ਹੋ : ਸ਼ਹੀਦ ਹੋਮਗਾਰਡ ਦੇ ਪਰਿਵਾਰ ਲਈ CM ਮਾਨ ਨੇ ਕੀਤਾ ਵੱਡਾ ਐਲਾਨ

ਅਧਿਕਾਰੀਆਂ ਦੇ ਦੱਸਣ ਅਨੁਸਾਰ ਲੰਬੀ ਤੋਂ ਅੰਮਿ੍ਰਤਸਰ ਨੂੰ ਚੱਲਣ ਵਾਲੀਆਂ ਸਾਰੀਆਂ ਟੇ੍ਰਨਾਂ ਨੂੰ ਫਗਵਾੜਾ ਦੇ ਰਸਤੇ ਲੋਹੀਆਂ ਖਾਸ ਆਉਣਾ ਪਵੇਗਾ। ਜਿੰਨ੍ਹਾਂ ਯਾਤਰੀਆਂ ਨੇ ਜਲੰਧਰ ਸਿਟੀ ਅਤੇ ਕੈਂਟ ਸਟੇਸ਼ਨਾਂ ’ਤੇ ਰੇਲ ਗੱਡੀਆਂ ਫੜਨੀਆਂ ਸਨ, ਨੂੰ ਹੁਣ ਵਗਵਾੜਾ ਜਾਂ ਲੁਧਿਆਣਾ ਤੋਂ ਰੇਲਗੱਡੀ ਲੈਣੀ ਪਵੇਗੀ। ਜਦਕਿ ਨਕੋਦਰ- ਨੂਰਮਹਿਲ ਜਾਣ ਵਾਲੀਆਂ ਦੋ ਲੋਕਲ ਟੇ੍ਰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸੀ ਨੂੰ ਜਾਰੀ ਕਰਵਾਉਣ ਲਈ ਜਲੰਧਰ- ਲੁਧਿਆਣਾ ਮੁੱਖ ਮਾਰਗ ’ਤੇ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਅੱਜ ਅਚਾਨਕ ਹੀ ਰੇਲਵੇ ਟੈ੍ਰਕਾਂ ’ਤੇ ਲਿਆਉਣ ਨਾਲ ਲੁਧਿਆਣਾ ਵਿਖੇ 2 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ।

ਆਮ ਲੋਕਾਂ ਲਈ ਮੁਸੀਬਤ (Farmers Protest)

ਇੱਕ ਯਾਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਉਸਨੇ ਅੰਮਿ੍ਰਤਸਰ ਜਾਣਾ ਹੈ ਪਰ ਅਜਿਹੇ ਪ੍ਰਦਰਸ਼ਨਾਂ ਕਾਰਨ ਉਸ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੂਜੇ ਦਿਨ ਧਰਨਾ ਲਗਾ ਕੇ ਬੈਠ ਜਾਂਦੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੰਨ੍ਹਾਂ ਬਾਰੇ ਨਾ ਕਿਸਾਨ ਸੋਚਦੇ ਹਨ ਤੇ ਨਾ ਹੀ ਸਰਕਾਰ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਆਮ ਲੋਕਾਂ ਲਈ ਮੁਸੀਬਤ ਬਣਦਾ ਹੈ। ਇੱਕ ਹੋਰ ਯਾਤਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਆਇਆ ਹੈ ਤੇ ਅੰਮਿ੍ਰਤਸਰ ਜਾਣਾ ਹੈ ਪਰ ਲੁਧਿਆਣਾ ’ਚ ਟੇ੍ਰਨ ਕੈਂਸਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੜਕੀ ਆਵਾਜਾਈ ਵੀ ਜਾਮ ਹੈ। ਉਨ੍ਹਾਂ ਸਮੇਤ ਅਨੇਕਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਇੱਕ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ।