ਭਾਵੇਂ ਤੂੰਬੀ ਨਹੀਂ ਸੀ ਸਦੀਕ ਦੇ ਹੱਥ, ਫਿਰ ਵੀ ਪੰਜਾਬੀ ਰੰਗ ‘ਚ ਰੰਗੀ ਲੋਕਤੰਤਰ ਦੀ ਸੱਥ

Though, Beauty, Democracy, Punjabi, Muhammad Sadiq

ਤੁਰਲੇ ਵਾਲੀ ਪੱਗ ਬੰਨ੍ਹ ਕੇ ਸੰਸਦ ਭਵਨ ਪਹੁੰਚੇ ਮੁਹੰਮਦ ਸਦੀਕ

ਮੁਹੰਮਦ ਸਦੀਕ ਨੇ ਲੋਕ ਸਭਾ ਮੈਂਬਰ ਵਜੋਂ ਸ਼ੁਰੂ ਕੀਤੀ ਦੂਜੀ ਪਾਰੀ

ਸੁਖਜੀਤ ਮਾਨ, ਮਾਨਸਾ

ਸਾਲ 2012 ‘ਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤਕੇ ਗਾਇਕ ਤੋਂ ਵਿਧਾਇਕ ਬਣਨ ਮਗਰੋਂ ਹੁਣ ਮੁਹੰਮਦ ਸਦੀਕ ਨੇ ਲੋਕ ਸਭਾ ਦੇ ਮੈਂਬਰ ਵਜੋਂ ਸਿਆਸਤ ਦੀ ਦੂਜੀ ਪਾਰੀ ਸ਼ੁਰੂ ਕੀਤੀ ਹੈ ਵਿਧਾਨ ਸਭਾ ਦੀ ਪਹਿਲੀ ਹਾਜ਼ਰੀ ‘ਚ ਸਦੀਕ ਨੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੁਝ ਗਾਉਣ ਦੀ ਕੀਤੀ ਫਰਮਾਇਸ਼ ‘ਤੇ ਪ੍ਰੋ. ਮੋਹਨ ਸਿੰਘ ਦੀ ਰਚਨਾ ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ’ ਗਾਇਆ ਸੀ ਰਚਨਾ ਖਤਮ ਹੁੰਦਿਆਂ ਹੀ ਭਾਵੇਂ ਬਾਦਲ ਨੇ ਕਾਂਗਰਸ ਦੀ ਹਾਰ ‘ਤੇ ਵੈਣ ਪਾਉਣ ਦੀ ਗੱਲ ਆਖਕੇ ਇਸ ਕਲਾਕਾਰ ਵਿਧਾਇਕ ਦਾ ਦਿਲ ਤੋੜਿਆ ਸੀ ਤੇ ਵਿਰੋਧੀਆਂ ਦੀ ਅਲੋਚਨਾ ਝੱਲਣੀ ਪਈ ਪਰ ਹੁਣ ਸੰਸਦ ਭਵਨ ‘ਚ ਅਜਿਹਾ ਨਹੀਂ ਹੋਇਆ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਸਦ ਮੈਂਬਰ ਵਜੋਂ ਜਦੋਂ ਕੱਲ੍ਹ ਮੁਹੰਮਦ ਸਦੀਕ ਸੰਸਦ ਭਵਨ ‘ਚ ਗਏ ਤਾਂ ਉਨ੍ਹਾਂ ਦੇ ਪੰਜਾਬੀ ਪਹਿਰਾਵੇ ਨੇ ਸਭ ਦਾ ਧਿਆਨ ਖਿੱਚਿਆ ਸਿਰ ‘ਤੇ ਬੰਨ੍ਹੀ ਤੁਰਲੇ ਵਾਲੀ ਪੱਗ ਵੇਖਦਿਆਂ ਹੀ ਉਨ੍ਹਾਂ ਦੀ ਗਾਇਕੀ ਦੇ ਪ੍ਰਸੰਸਕਾਂ ਦੇ ਦਿਮਾਗ ‘ਚ ਤੂੰਬੀ ਵਾਲਾ ਸਦੀਕ ਆ ਗਿਆ ਸਦੀਕ ਦੇ ਹੱਥ ਸੰਸਦ ‘ਚ ਭਾਵੇਂ ਤੂੰਬੀ ਨਹੀਂ ਸੀ ਪਰ ਭਾਰਤੀ ਲੋਕਤੰਤਰ ਦੀ ਇਸ ਸਭ ਤੋਂ ਵੱਡੀ ਸੱਥ ‘ਚ ਉਹ ਇਕੱਲੇ ਫਰੀਦਕੋਟ ਦਾ ਨਹੀਂ ਸਗੋਂ ਸਮੁੱਚੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨੁਮਾਇੰਦਾ ਜਾਪਿਆ

 ਵੇਰਵਿਆਂ ਮੁਤਾਬਿਕ 17ਵੀਂ ਲੋਕ ਸਭਾ ਲਈ ਚੁਣੇ ਗਏ ਸੰਸਦ ਮੈਂਬਰਾਂ ਨੇ ਕੱਲ੍ਹ ਸੰਸਦ ਭਵਨ ‘ਚ ਸਹੁੰ ਚੁੱਕੀ ਪੰਜਾਬ ਦੇ 13 ਸੰਸਦ ਮੈਂਬਰਾਂ ‘ਚੋਂ 12 ਨੇ ਪੰਜਾਬੀ ‘ਚ ਸਹੁੰ ਚੁੱਕੀ ਸਹੁੰ ਚੁੱਕਣ ਦੀ ਇਸ ਰਸਮ ਦੌਰਾਨ ਭਾਵੇਂ ਬਾਕੀ ਸੰਸਦ ਮੈਂਬਰ ਆਪਣੇ ਰੋਜ਼ਾਨਾ ਵਾਲੇ ਪਹਿਰਾਵੇ ‘ਚ ਹੀ ਸਨ ਪਰ ਮੁਹੰਮਦ ਸਦੀਕ ਕੁੜਤਾ-ਚਾਦਰਾ ਬੰਨ੍ਹ ਕੇ ਸਹੁੰ ਚੁੱਕਣ ਪੁੱਜੇ ਇੱਕ ਖਾਸੀਅਤ ਇਹ ਵੀ ਸੀ ਕਿ ਇਸ ਦੌਰਾਨ ਉਨ੍ਹਾਂ ਦੀ ਪੱਗ ‘ਤੇ ਤੁਰਲਾ ਵੀ ਸੀ ਜਦੋਂਕਿ ਆਮ ਦਿਨਾਂ ‘ਚ ਜਾਂ ਚੋਣ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਦੇ ਸ਼ਮਲੇ ਵਾਲੀ ਪੱਗ ਹੀ ਬੰਨ੍ਹੀਂ ਹੁੰਦੀ ਸੀ ਜਦੋਂ ਪੰਜਾਬ ਦੇ ਸੰਸਦ ਮੈਂਬਰ ਸਹੁੰ ਚੁੱਕ ਰਹੇ ਸੀ ਤਾਂ ਲੋਕ ਮੁਹੰਮਦ ਸਦੀਕ ਦੀ ਵਾਰੀ ਦੇ ਇੰਤਜਾਰ ‘ਚ ਸਨ

ਪੰਜਾਬੀ ਸਾਹਿਤਕ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਸਦ ‘ਚ ਪਹਿਲੀ ਵਾਰ ਕੋਈ ਮੈਂਬਰ ਚਾਦਰਾ ਬੰਨ੍ਹ ਕੇ ਅਤੇ ਪੱਗ ਦਾ ਫਰਲਾ ਉੱਪਰ ਕਰਕੇ ਗਿਆ ਹੈ ਜੋ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ ਉਨ੍ਹਾਂ ਆਖਿਆ ਕਿ ਇਹ ਮੁਹੰਮਦ ਸਦੀਕ ਦੀ ਪੰਜਾਬੀ ਸੱਭਿਆਚਾਰ ਪ੍ਰਤੀ ਦਿਲੀ ਭਾਵਨਾ ਦਾ ਹੀ ਨਤੀਜਾ ਹੈ ਨਹੀਂ ਤਾਂ ਉਹ ਵੀ ਬਾਕੀਆਂ ਵਾਂਗ ਸਿਰਫ ਕੁੜਤਾ-ਪਜਾਮਾ ਜਾਂ ਪੈਂਟ-ਸ਼ਰਟ ਪਾ ਕੇ ਜਾ ਸਕਦੇ ਸੀ ਸ੍ਰ. ਗਿੱਲ ਨੇ ਦੱਸਿਆ ਕਿ ਮੁਹੰਮਦ ਸਦੀਕ ਸਾਹਿਬ ਉਨ੍ਹਾਂ ਨਾਲ  ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ ਉਨ੍ਹਾਂ ਨੇ ਤਾਂ ਮੁਹੰਮਦ ਸਦੀਕ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਇਹ ਗੁਜ਼ਾਰਿਸ਼ ਵੀ ਕੀਤੀ ਹੈ ਕਿ ਹੁਣ ਸਾਰੇ ਹੀ ਰੰਗਾਂ ਦੀਆਂ ਪੱਗਾਂ ਅਤੇ ਕੁੜਤੇ-ਚਾਦਰੇ ਸੰਸਦ ‘ਚ ਲਹਿਰਾਉਣੇ ਚਾਹੀਦੇ ਹਨ ਤਾਂ ਜੋ ਲੱਗੇ ਕਿ ਪੰਜਾਬ ਸੱਚਮੁੱਚ ਭਾਰਤ ਦੀ ਮੁੰਦਰੀ ‘ਚ ਨਗੀਨਾ ਹੈ

ਮੈਂ ਪੰਜਾਬੀ ਪਹਿਰਾਵਾ ਨਹੀਂ ਛੱਡਣਾ : ਸਦੀਕ

ਮੁਹੰਮਦ ਸਦੀਕ ਦਾ ਕਹਿਣਾ ਹੈ ਕਿ ‘ਜੀਅ ਤਾਂ ਉਸਦਾ ਇਹੋ ਕਰਦੈ ਕਿ ਉਹ ਸੰਸਦ ‘ਚ ਇਸੇ ਤਰ੍ਹਾਂ ਹੀ ਜਾਵੇ ਪਰ ਇੱਥੇ (ਨਵੀਂ ਦਿੱਲੀ) ਪੱਗ ਨੂੰ ਮਾਵਾ ਦੇਣ ਵਾਲਾ ਕੋਈ ਨਹੀਂ ਪਰ ਮੈਂ ਲੱਭ ਲਵਾਂਗਾ” ਉਨ੍ਹਾਂ ਆਖਿਆ ਕਿ ਹੁਣ ਜਦੋਂ ਉਹ ਆਇਆ ਕਰੇਗਾ ਤਾਂ ਕਈ ਪੱਗਾਂ ਆਪਣੇ ਨਾਲ ਲੈ ਕੇ ਆਇਆ ਕਰੇਗਾ ਸਦੀਕ ਨੇ ਦੱਸਿਆ ਕਿ ਜਿੰਨੇ ਵੀ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਨ੍ਹਾਂ ਨੇ ਬਹੁਤ ਫੋਨ ਕੀਤੇ ਭਵਿੱਖ ‘ਚ ਵੀ ਚਾਦਰਾ ਬੰਨ੍ਹ ਕੇ ਜਾਣ ਸਬੰਧੀ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਉਹ ਪੰਜਾਬੀ ਲਿਬਾਸ ਨਹੀਂ ਛੱਡੇਗਾ ਅਤੇ ਬਦਲਵੇਂ ਰੰਗਾਂ ਵਾਲੀਆਂ ਪੱਗਾਂ ਅਤੇ ਚਾਦਰਾ ਬੰਨ੍ਹ ਕੇ ਹੀ ਸੰਸਦ ‘ਚ ਜਾਇਆ ਕਰੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।