ਡੀਏਪੀ ਖਾਦ ਨਾਲ ਵਾਧੂ ਪ੍ਰੋਡਕਟ ਦੇਣ ਵਾਲਿਆਂ ਦੀ ਹੁਣ ਖੈਰ ਨਹੀਂ, ਪ੍ਰਸਾਸ਼ਨ ਹੋਇਆ ਸਖ਼ਤ

DAP Fertilizer

ਗੁਰਦਾਸਪੁਰ (ਰਾਜਨ ਮਾਨ)। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਡਿਪਟੀ ਰਜਿਸਟਰਾਰ, ਸਾਹਿਕਾਰੀ ਸਭਾਵਾਂ, ਗੁਰਦਾਸਪੁਰ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਹਿਕਾਰੀ ਸਭਾਵਾਂ ਵਿੱਚ ਤਾਇਨਾਤ ਇੰਸਪੈਕਟਰਾਂ ਅਤੇ ਸੈਕਟਰੀਆਂ ਦੀ ਡਿਊਟੀ ਲਗਾਈ ਜਾਵੇ ਕਿ ਜਦੋਂ ਵੀ ਕਿਸਾਨ ਸੁਸਾਇਟੀ ਜਾਂ ਪ੍ਰਾਈਵੇਟ ਦੁਕਾਨ ਵਿੱਚ ਡੀ.ਏ.ਪੀ. ਖਾਦ (DAP Fertilizer) ਲੈਣ ਲਈ ਆਵੇ ਤਾਂ ਉਨ੍ਹਾਂ ਨੂੰ ਖਾਦ ਦੇ ਨਾਲ ਕੋਈ ਵਾਧੂ ਪ੍ਰੋਡੈਕਟ ਖ਼ਰੀਦਣ ਲਈ ਮਜ਼ਬੂਰ ਨਾ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਮੀਡੀਆ ਰੀਪਰੋਟਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸਹਿਕਾਰੀ ਸਭਾਵਾਂ ਜਾਂ ਪ੍ਰਾਈਵੇਟ ਦੁਕਾਨਾਂ ਵਿਚ ਜਦੋਂ ਵੀ ਕੋਈ ਕਿਸਾਨ ਡੀ.ਏ.ਪੀ. ਖਾਦ ਦੀ ਖਰੀਦ ਕਰਨ ਜਾਂਦਾ ਹੈ ਤਾਂ ਉਸ ਨੂੰ ਡੀ.ਏ.ਪੀ. (DAP Fertilizer) ਦੇ ਨਾਲ ਵਾਧੂ ਖੇਤੀਬਾੜੀ ਨਾਲ ਸਬੰਧਤ ਪ੍ਰੋਡੈਕਟਸ ਵੀ ਖਰੀਦਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ’ਤੇ ਵਾਧੂ ਵਿੱਤੀ ਬੋਝ ਪੈਂਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੇ ਰੁਝਾਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਭਵਿੱਖ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਕੋਈ ਅਜਿਹਾ ਮਸਲਾ ਆਇਆ ਤਾਂ ਉਸ ਦੁਕਾਨਦਾਰ ਦੇ ਖ਼ਿਲਾਫ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਦੁਕਾਨਦਾਰ ਖਾਦ ਦੇ ਨਾਲ ਉਨ੍ਹਾਂ ਨੂੰ ਵਾਧੂ ਪ੍ਰੋਡੈਕਟਸ ਵੇਚਦਾ ਹੈ ਤਾਂ ਇਸਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।

ਅਣਜਨਮੇ ਬੱਚੇ ਦੇ ਅਧਿਕਾਰਾਂ ਦੀ ਰੱਖਿਆ ਦਾ ਮਨੁੱਖੀ ਫੈਸਲਾ