ਪੜ੍ਹਾਈ ਦਾ ਮੁੱਲ

ਪੜ੍ਹਾਈ ਦਾ ਮੁੱਲ

ਨਸੀਬੂ ਇਮਾਨਦਾਰ ਤੇ ਮਿਹਨਤੀ ਹੋਣ ਕਰਕੇ ਸਾਰੀ ਉਮਰ ਨੰਬਰਦਾਰਾਂ ਦੇ ਕੋਲ ਦਿਹਾੜੀ-ਦੱਪਾ ਕਰਦਾ ਰਿਹਾ ਨੰਬਰਦਾਰਾਂ ਨੇ ਕਦੇ-ਕਦੇ ਸਾਲ ਵਾਸਤੇ ਪੱਕਾ ਸੀਰੀ ਵੀ ਰੱਖ ਲੈਣਾ ਨਸੀਬੂ ਦੀ ਨੰਬਰਦਾਰ ਉਜਾਗਰ ਸਿੰਘ ਨਾਲ ਬਹੁਤ ਬਣਦੀ ਹੁੰਦੀ ਸੀ ਬੇਸ਼ੱਕ ਨਸੀਬੂ ਨੰਬਰਦਾਰ ਤੋਂ ਉਮਰ ਵਿੱਚ ਥੋੜੇ੍ਹ ਕੁ ਸਾਲ ਛੋਟਾ ਹੋਣਾ ਏ ਪਰ ਫਿਰ ਵੀ ਉਹ ਆਪਣੇ-ਆਪ ਨੂੰ ਇੱਕ-ਦੂਸਰੇ ਦਾ ਹਾਣੀ ਹੀ ਕਹਿੰਦੇ ਹੁੰਦੇ ਸੀ ਵਾਹੀ ਖੇਤੀ ਦਾ ਕੰਮ ਕਰਦੇ ਸਮੇਂ ਜਦੋਂ ਉਜਾਗਰ ਸਿੰਘ ਦੇ ਭਰਾ ਜਾਂ ਮੁੰਡੇ ਘਰ ਨਹੀਂ ਹੁੰਦੇ ਸੀ ਤਾਂ ਉਸ ਸਮੇਂ ਨਸੀਬੂ ਨੂੰ ਨੰਬਰਦਾਰ ਹੀ ਕੰਮ-ਕਾਰ ਦੱਸਦਾ ਹੁੰਦਾ ਸੀ ਕਦੇ-ਕਦਾਈਂ ਦੋਹਾਂ ਨੇ ਆਪਸ ਵਿੱਚ ਹਾਸਾ-ਮਖੌਲ ਵੀ ਕਰ ਲੈਣਾ ਇੱਕ-ਦੂਜੇ ਦਾ ਗੁੱਸਾ ਨਹੀਂ ਸੀ ਕਰਿਆ ਕਰਦੇ

ਨੰਬਰਦਾਰਾਂ ਦਾ ਗੋਹਾ-ਕੂੜਾ ਵੀ ਨਸੀਬੂ ਦੀ ਘਰ ਵਾਲੀ ਹੀ ਕਰਦੀ ਹੁੰਦੀ ਸੀ ਨਸੀਬੂ ਦੇ ਜਵਾਕ ਕਦੇ-ਕਦਾਈਂ ਮਾਂ ਦੇ ਨਾਲ ਆ ਜਾਣੇ ਤਾਂ ਨੰਬਰਦਾਰ ਨੇ ਗੁੱਸੇ ਹੋ ਜਾਣਾ ਤੇ ਨਸੀਬੂ ਨੂੰ ਕਹਿ ਦੇਣਾ, ‘‘ਆਪਣੀ ਘਰ ਵਾਲੀ ਨੂੰ ਕਿਹਾ ਕਰ ਕਿ ਆਪਣੇ ਜਵਾਕ ਘਰ ਹੀ ਛੱਡ ਕੇ ਆਇਆ ਕਰੇ ਤੂੰ ਆਪ ਹੀ ਵੇਖ ਲੈ ਕਿਵੇਂ ਇਨ੍ਹਾਂ ਦੀ ਨਲੀ ਪਈ ਵਗਦੀ ਏ ਸਾਡੇ ਘਰ ਲੋਕਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ

ਫਿਰ ਇਹ ਚੰਗੇ ਨਹੀਂ ਲੱਗਦੇ ਖੇਰ ਤੈਨੂੰ ਨੰਬਰਦਾਰਨੀ ਦੇ ਸੁਭਾਅ ਦਾ ਪਤਾ ਵੀ ਐ ਉਹ ਤਾਂ ਆਪਣੇ ਜਵਾਕਾਂ ਨੂੰ ਵੇਖ ਕੇ ਨੱਕ-ਮੂੰਹ ਵੱਟਦੀ ਰਹਿੰਦੀ!’’ ਨਸੀਬੂ ਨੇ ਅਗਿਓਂ ਹੱਸ ਕੇ ਕਹਿ ਦੇਣਾ, ‘‘ਵੇਖੋ ਸਰਦਾਰ ਜੀ ਜਿਸ ਦਿਨ ਜਵਾਕਾਂ ਨੂੰ ਸਕੂਲੋਂ ਛੁੱਟੀ ਹੁੰਦੀ ਏ, ਉਸ ਦਿਨ ਉਹ ਜਿੱਦ ਕਰਨ ਲੱਗ ਜਾਂਦੇ ਨੇ ਕਿ ਅਸੀਂ ਵੀ ਮਾਂ ਤੇਰੇ ਨਾਲ ਨੰਬਰਦਾਰਾਂ ਦੇ ਘਰ ਜਾਣਾ ਏ ਇੱਥੋਂ ਜਵਾਕਾਂ ਨੂੰ ਦੋ ਘੁੱਟ ਲੱਸੀ ਪੀਣ ਨੂੰ ਮਿਲ ਜਾਂਦੀ ਏ ਨਾਲੇ ਵਧੀ-ਘਟੀ ਦੋ ਟੁੱਕ ਰੋਟੀ ਵੀ ਖਾ ਲੈਂਦੇ ਨੇ’’ ਨੰਬਰਦਾਰ ਨੇ, ‘‘ਚਲੋ ਠੀਕ ਏ’’ ਕਹਿ ਕੇ ਚੁੱਪ ਹੋ ਜਾਣਾ

ਸਮਾਂ ਬਦਲਦਾ ਗਿਆ, ਨਸੀਬੂ ਦੀ ਮਿਹਨਤ ਨੂੰ ਬੁਰ ਪੈਣ ਲੱਗ ਪਿਆ ਨਸੀਬੂ ਦਾ ਵੱਡਾ ਮੁੰਡਾ ਲਛਮਣ, ਜਿਸ ਨੂੰ ਨੰਬਰਦਾਰਾਂ ਦੇ ਜੁਆਕ ਮਜ਼ਾਕ ਨਾਲ ਲੱਛੀ ਨਲੀ ਚੂਚ ਕਹਿ ਕੇ ਛੇੜਦੇ ਹੁੰਦੇ ਸੀ, ਉਹ ਪੜ੍ਹਾਈ ਵਿੱਚ ਬੜੀ ਰੁਚੀ ਰੱਖਦਾ ਹੁੰਦਾ ਸੀ ਸਾਰੀ-ਸਾਰੀ ਰਾਤ ਦੀਵੇ ਦੇ ਚਾਨਣੇ ਪੜ੍ਹਦਾ ਰਹਿੰਦਾ ਹੁੰਦਾ ਸੀ ਹਮੇਸ਼ਾ ਆਪਣੀ ਜਮਾਤ ਵਿੱਚੋਂ ਅੱਵਲ ਦਰਜ਼ੇ ’ਤੇ ਰਹਿ ਕੇ ਪਾਸ ਹੁੰਦਾ ਰਿਹਾ ਅਖੀਰ ਪੜ੍ਹਾਈ ਪੂਰੀ ਕਰਨ ਤੋਂ ਬਾਦ ਉਸ ਦੀ ਪੰਜਾਬ ਸਿਵਲ ਸਰਵਿਸ ਵਿਚ ਸਿਲੈਕਸ਼ਨ ਹੋ ਗਈ

ਇੱਕ ਤਾਂ ਲਛਮਣ ਪੜ੍ਹ ਬਹੁਤ ਗਿਆ ਸੀ, ਦੂਸਰਾ ਉੱਤੋਂ ਸਰਕਾਰ ਦਾ ਐਸਸੀ ਕੋਟਾ ਉਹਦੇ ਕੰਮ ਆ ਗਿਆ ਸਿੱਧਾ ਹੀ ਜਿਲ੍ਹੇ ਦਾ ਜਿਲ੍ਹੇਦਾਰ ਲੱਗ ਗਿਆ ਹੁਣ ਨਸੀਬੂ ਤੇ ਉਸ ਦੀ ਘਰਵਾਲੀ ਨੇ ਵੀ ਦਿਹਾੜੀ-ਦੱਪਾ ਕਰਨਾ ਛੱਡ ਦਿੱਤਾ ਥੋੜ੍ਹੇ ਹੀ ਸਾਲਾਂ ਵਿੱਚ ਲਛਮਣ ਨੇ ਘਰ ਦਾ ਨਕਸ਼ਾ ਬਦਲ ਦਿੱਤਾ ਇੱਕ ਦਿਨ ਲਛਮਣ ਨੇ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਬਣਾ ਲਿਆ ਕਾਰਡ ਛਪਾ ਕੇ ਵੰਡ ਦਿੱਤੇ ਪਿੰਡ ਦਾ ਚੌਕੀਦਾਰ ਇੱਕ ਕਾਰਡ ਲੈ ਕੇ ਨੰਬਰਦਾਰਾਂ ਦੇ ਘਰ ਵੀ ਗਿਆ

ਨੰਬਰਦਾਰ ਉਜਾਗਰ ਸਿੰਘ ਪੂਰੀ ਟੌਹਰ ਕੱਢ ਕੇ ਤਖਤਪੋਸ਼ ’ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ ਚੌਕੀਦਾਰ ਨੇ ਕਾਰਡ ਉਜਾਗਰ ਸਿੰਘ ਨੂੰ ਫੜਾ ਦਿੱਤਾ ਉਜਾਗਰ ਸਿੰਘ ਨੇ ਕਾਰਡ ਖੋਲ੍ਹਿਆ ਤੇ ਉੱਤੇ ਨਾਂਅ ਪੜਿ੍ਹਆ ਕਿ ਸਰਦਾਰ ਲਛਮਣ ਦੇ ਪਿਤਾ ਸਰਦਾਰ ਨਸੀਬ ਸਿੰਘ ਦਾ ਜਨਮ ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਨਾਇਆ ਜਾ ਰਿਹਾ ਹੈ ਨੰਬਰਦਾਰ ਨਾਂਅ ਪੜ੍ਹ ਕੇ ਕੋਲ ਖਲੋਤੇ ਆਪਣੇ ਪੁੱਤਰ ਨੂੰ ਪੁੱਛਿਆ, ‘‘ਸੁਰਜੀਤ ਸਿਹਾਂ ਆਪਣੇ ਪਿੰਡ ਦਾ ਆਹ ਕਿਹੜਾ ਸਰਦਾਰ ਲਛਮਣ ਸਿੰਘ ਹੈ ਜਿਹੜਾ ਆਪਣੇ ਪਿਤਾ ਸਰਦਾਰ ਨਸੀਬ ਸਿੰਘ ਦਾ ਜਨਮ ਦਿਨ ਮਨਾ ਰਿਹਾ ਹੈ?’’

‘‘ਬਾਪੂ ਜੀ ਤੁਹਾਨੂੰ ਨਹੀਂ ਪਤਾ, ਉਹੀ ਸਰਦਾਰ ਨਸੀਬ ਸਿੰਘ ਜਿਹੜਾ ਆਪਣਾ ਕਦੇ ਸੀਰੀ ਹੁੰਦਾ ਸੀ’’ ‘‘ਤੇ ਫਿਰ ਸਰਦਾਰ ਲਛਮਣ ਸਿੰਘ ਕਿਹੜਾ ਹੋਇਆ?’’ ‘‘ਜਿਹੜਾ ਕਦੇ-ਕਦਾਈਂ ਆਪਣੇ ਘਰ ਖੇਡਣ ਆ ਜਾਂਦਾ ਸੀ’’ ‘‘ਤੇਰਾ ਭਲਾ ਹੋ ਜਾਵੇ ਉਹ ਲੱਛੀ ਨਲੀ ਚੂਚ!’’ ‘‘ਨਹੀਂ ਬਾਪੂ ਜੀ ਹੁਣ ਉਹ ਆਪਣੇ ਜਿਲ੍ਹੇ ਦਾ ਜਿਲ੍ਹੇਦਾਰ ਬਣ ਗਿਆ ਏ ਉਹ ਆਪਣੇ ਪਿਤਾ ਦਾ ਜਨਮ ਦਿਨ ਮਨਾ ਰਿਹਾ ਹੈ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਹੁਣ ਸਰਕਾਰ ਨੇ ਊਚ-ਨੀਚ ਖਤਮ ਕਰ ਦਿੱਤੀ ਹੈ ਤੇ ਸਾਨੂੰ ਵੀ ਆਪਣੀ ਸੋਚ ਬਦਲਣੀ ਪਏਗੀ ਬਾਪੂ ਜੀ ਪੜ੍ਹਾਈ ਦਾ ਮੁੱਲ ਵੀ ਜਰੂਰ ਪੈਂਦਾ ਐ ਕਾਸ਼! ਤੁਸੀਂ ਵੀ ਸਾਨੂੰ ਪੜ੍ਹਾਇਆ ਹੁੰਦਾ ਤਾਂ….?’’
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ, ਫਿਰੋਜ਼ਪੁਰ
ਮੋ. 75891-55501

ਵੱਖੋ-ਵੱਖ ਮਾਇਨੇ

ਅੱਜ ਸਵੇਰੇ ਮੀਂਹ ਪਿਆ ਤੇ ਬੱਚਿਆਂ ਦੇ ਚਿਹਰਿਆਂ ’ਤੇ ਰੌਣਕ ਛਾ ਗਈ। ਉਹਨਾਂ ਨੂੰ ਸਕੂਲ ਨਾ ਜਾਣ ਦਾ ਬਹਾਨਾ ਮਿਲ ਗਿਆ। ਫੈਕਟਰੀ ਵਿੱਚ ਕੰਮ ਕਰਦੇ ਕਾਮੇ ਨੂੰ ਫਿਕਰ ਖੜ੍ਹਾ ਹੋ ਗਿਆ ਕਿ ਅੱਜ ਫੇਰ ਸਾਈਕਲ ’ਤੇ ਭਿੱਜਦੇ ਹੋਏ ਨੂੰ ਕੰਮ ’ਤੇ ਜਾਣਾ ਪਵੇਗਾ । ਵੱਡੇ ਘਰ ਵਿੱਚ ਬੈਠੀ ਔਰਤ ਨੂੰ ਬਿਪਤਾ ਛਿੜ ਗਈ ਕਿਉਂਕਿ ਮੀਂਹ ਕਾਰਨ ਉਸਦੇ ਪਤੀ ਨੇ ਉਸਨੂੰ ਅੱਜ ਪਕਵਾਨ ਬਣਾਉਣ ’ਤੇ ਲਾ ਦਿੱਤਾ । ਕੱਚੇ ਕੋਠੜੇ ਵਿੱਚ ਰਹਿੰਦੇ ਮੀਆਂ-ਬੀਵੀ ਨੂੰ ਚਿੰਤਾ ਹੋ ਗਈ ਕਿ ਜੇ ਮੀਂਹ ਨਾ ਹਟਿਆ ਤਾਂ ਉਹਨਾਂ ਦੀ ਇਹ ਛੱਤ ਟੁੱਟ ਕੇ ਸਾਡੇ ’ਤੇ ਡਿੱਗ ਪਵੇਗੀ ।
ਇਸ ਤਰ੍ਹਾਂ ਮੀਂਹ ਸਾਰੀਆਂ ਥਾਵਾਂ ’ਤੇ ਇੱਕੋ-ਜਿਹਾ ਪਿਆ ਪਰ ਇਸ ਦੇ ਮਾਇਨੇ ਸਾਰਿਆਂ ਲਈ ਵੱਖੋ-ਵੱਖਰੇ ਸਨ।
ਨਿਰਲੇਪ ਸਿੰਘਸਹੌੜਾ, ਮੋਹਾਲੀ
ਮੋ. 90416-14294

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ